(ਸਮਾਜ ਵੀਕਲੀ)
ਨਾ ਗਲ਼ੀਆਂ ‘ਚ ਰੁਲੀ ਗੁਰਬਾਣੀ ਬਾਰੇ ਬੋਲਾਂਗੇ,
ਨਾ ਹੀ ਲੋਕ ਮੁੱਦਿਆਂ ਤੇ ਨਾ ਪਾਣੀਆਂ ਤੇ ਬੋਲਾਂਗੇ,
ਤਾਂ ਵੀ ਲੋਕਾਂ ਦਿਆਂ ਸਿਰਾਂ ਉੱਤੇ,ਚੰਮ ਦੀ ਚਲਾਵਾਂਗੇ,
ਬਸ! ਅਸੀਂ ਜਦੋਂ ਵੀ ਉਡਾਈ, ਕੁੱਕੜ-ਖੇਹ ਹੀ ਉਡਾਵਾਂਗੇ।
ਨਾ ਕੋਈ ਸਾਡੀ ਡਫ਼ਲੀ ਤੇ, ਨਾ ਹੀ ਕੋਈ ਰਾਗ ਹੋਊ,
ਸਾਨੂੰ ਕੁਰਸੀ ਬਹਾਕੇ ਦੇਖੋ, ਸਾਰਾ ਹੀ ਪੰਜਾਬ ਰੋਊ,
ਚੁਰਾਸੀ ਵਾਲ਼ੇ ਗੇੜ ਵਿੱਚ,ਅਸੀਂ ਐਸਾ ਉਲਝਾਵਾਂਗੇ ,
ਬਸ! ਅਸੀਂ ਜਦੋਂ ਵੀ ਉਡਾਈ,ਕੁੱਕੜ-ਖੇਹ ਹੀ ਉਡਾਵਾਂਗੇ।
ਝੂਠ-ਫ਼ਰੇਬ ਤੇ ਕੁਫ਼ਰ ਤੋਲ ਕੇ ,ਜਨਤਾ ਨੂੰ ਭਰਮਾਲਾਂਗੇ
ਜਾਤ -ਪਾਤ ਤੇ ਧਰਮ ਦੇ ਨਾਂ ਤੇ,ਫ਼ਿਰਕੂ ਅੱਗਾਂ ਲਾਵਾਂਗੇ,
ਮੱਗਰਮੱਛ ਦੇ ਡੋਲ੍ਹ ਕੇ ਹੰਝੂ,ਆਪ ਹੀ ਅੱਗ ਬੁਝਾਵਾਂਗੇ,
ਬਸ! ਅਸੀਂ ਜਦੋਂ ਵੀ ਉਡਾਈ ,ਕੁੱਕੜ-ਖੇਹ ਹੀ ਉਡਾਵਾਂਗੇ ।
ਗਿਰਝਾਂ ਤੇ ਜੋਕਾਂ ਵਾਂਗ, ਖਾਣਾ ਚੂੰਡ – ਚੂੰਡ ਮਾਸ ਜਾਣਦੇ,
ਸਾਡੇ ਸਾਧਾਂ ਜਿਹੇ ਲਿਬਾਸ, ਪਰ ਕੰਮ ਸਿਰੇ ਦੇ ਸ਼ੈਤਾਨ ਦੇ,
ਡੰਗ ਨਾਗਾਂ ਤੋਂ ਵੀ ਜ਼ਹਿਰੀ, ਪ੍ਰਿੰਸ ਫ਼ਨ ਹੀ ਉਠਾਵਾਂਗੇ,
ਬਸ! ਅਸੀਂ ਜਦੋਂ ਵੀ ਉਡਾਈ, ਕੁੱਕੜ-ਖੇਹ ਹੀ ਉਡਾਵਾਂਗੇ ।
ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰ
148001
9872299613
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly