HOME ਕੁੱਕੜ (ਹਾਸਰਸ ਵਿਅੰਗ)

ਕੁੱਕੜ (ਹਾਸਰਸ ਵਿਅੰਗ)

1
ਪੱਤਰਕਾਰ ਹਰਜਿੰਦਰ ਸਿੰਘ ਚੰਦੀ 
    (ਸਮਾਜ ਵੀਕਲੀ)   ਝੋਨੇ ਦੀ ਫ਼ਸਲ ਪੱਕ ਕੇ ਤਿਆਰ ਬਰ ਤਿਆਰ ਹੋ ਗਈ ਸੀ। ਬਾਬਾ ਜੱਗਾ ਸਿੰਘ ਖੇਤਾ ਵਿੱਚ ਖੜੀ ਭਰਵੀਂ ਫਸਲ ਦੇਖ ਕੇ ਚਿੱਟੀਆਂ ਮੁਛਾਂ ਤੇ ਹਥ ਫੇਰ ਕੇ ਫਿਰ ਰਿਹਾ ਸੀ ਜਿਵੇਂ ਅੰਦਰੋਂ ਅੰਦਰੀਂ ਖੁਸ਼ੀ ਦੇ ਲੱਡੂ ਫੁੱਟ ਰਹੇ ਸਨ। ਅਚਾਨਕ ਸੜਕੇ ਸੜਕ ਤੁਰਿਆ ਜਾਂਦਾ ਤਾਰਾ ਸਿਓ ਬੋਲਿਆ, ਕਿਵੇਂ ਆ ਬਾਬਾ, ਜੱਗਾ ਸਿਓ ਨੇ ਮੋੜਵਾਂ ਜਵਾਬ ਦਿੱਤਾ ਜਵਾ ਨੋ ਬਰ ਨੋ , ਚੜਦੀ ਕਲਾ, ਤਾਰਾ ਸਿਓ ਬੋਲਿਆ, ਕਿਓਂ ਕਿਥੇ ਸੁੱਟਣ ਦਾ ਇਰਾਦਾ ਫਿਰ ਝੋਨਾਂ, ਬਾਬੇ ਨੇ ਮੋੜਵਾਂ ਜਵਾਬ ਦਿੱਤਾ, ਸੁਨਿਆਰੇ ਦੇ,ਸਾਡਾ ਇਕੋ ਇਕ ਪੱਕਾ ਯਾਰ ਅੜੇ ਥੁੜੇ ਬੋੜਦਾ, ਨਾ ਕਦੇ ਮੋੜਦਾ ਪੂਰੇ ਚਾਲੀ ਸਾਲ ਹੋ ਗਏ ਉਹਦੀ ਆੜਤ ਤੇ। ਤਾਰਾ ਸਿਓ ਮਸ਼ਕਰੀ ਵਿਚ ਬੋਲਿਆ, ਆਹੋ ਸੋਨਾ ਤੇ ਸੁਨਿਆਰਿਆਂ ਦੇ ਹੀ ਸੋਹਣਾ ਲਗਦਾ । ਜੱਟ ਦਾ ਸੋਨਾ ਹੀ ਆ , ਜਿੰਦ ਜਾਨ ਨਾਲ ਪਾਲਿਆ ਪਾਣੀ ਲਾ ਲਾ ਕੇ, ਰਾਤ ਦਿਨ ਇਕ ਕੀਤਾ ਆ , ਬਾਕੀ ਬੰਦਾ ਬੰਦੇ ਦਾ ਦਾਰੂ ਹੁੰਦਾ। ਤੂੰ ਕਿਹਦੇ ਲਿਜਾ ਰਿਹਾ ਬਾਬੇ ਨੇ ਪੁੱਛਿਆ। ਤਾਰਾ ਸਿਓ ਬੋਲਿਆ, ਆਪਾ ਤਾਂ ਇਸ ਵਾਰੀ ਭਤੀਜੇ ਦੇ ਜਾਵਾਂਗੇ ਨਵਾਂ ਲਾਇਸੈਂਸ ਲਿਆ ਆੜਤੀਏ ਦਾ , ਬਥੇਰਾ ਢੂਆ ਮਰਵਾਇਆ ਹੁਣ ਤੱਕ। ਹਾਂ ਨਾਲੇ ਬੀਕੇਯੂ ਪੰਜਾਬ ਵਾਲਾ ਬਾਜਵਾ ਟਕਰਿਆ ਸੀ , ਕਹਿੰਦਾਂ ਸੀ ਧਿਆਨ ਨਾਲ ਫ਼ਸਲ ਵੇਚਿਓ, ਕੰਡਾ ਜਰੂਰ ਚੈਕ ਕਰ ਲਿਓ, ਮੰਡੀਆਂ ਵਿੱਚ ਬਥੇਰਾ ਢੂਆ ਮਾਰਦੇ ਆ ਕਿਸਾਨਾਂ ਦਾ। ਕੁੱਝ ਦਿਨਾਂ ਬਾਅਦ ਅੱਜ ਬਾਬੇ ਜੱਗਾ ਸਿਓ ਝੋਨਾ ਲੈ ਕੇ ਮੰਡੀ ਪਹੁੰਚ ਗਿਆ ਸੀ। ਦੂਰੋਂ ਦੇਖਦਿਆਂ ਆੜਤੀਆਂ ਬੋਲਿਆ, ਕਾਕਾ ਤੇਰਾ ਤਾਇਆ ਆਇਆ ਭੱਜ ਕੇ ਫੜ ਵਿਚ ਝੋਨਾ ਢੇਰੀ ਕਰਵਾ ਲਾ, ਜੱਗਾ ਸਿਓ ਨੂੰ ਸੰਬੋਧਨ ਕਰਦਿਆਂ ਆੜਤੀਆਂ ਬੋਲਿਆ, ਆਜਾ ਤੂੰ ਅੰਦਰ ਲੰਘ ਆ ਆਪੇ ਸਾਂਭ ਲੈਣਗੇ ਤੇਰੀ ਡਿਊਟੀ ਖਤਮ ਤੇ ਹੁਣ ਸਾਡੀ ਸ਼ੁਰੂ, ਨਾਲ ਹੀ ਮੁਨੀਮ ਨੂੰ ਸੰਬੋਧਨ ਕਰਦਿਆਂ ਆੜਤੀਏ ਨੇ ਗਰਮਾ ਗਰਮ ਚਾਹ ਲਿਆਉਣ ਦਾ ਆਡਰ ਚਾੜ ਦਿੱਤਾ। ਬਾਬਾ ਜੱਗਾ ਸਿਓ ਆੜਤੀਏ ਦੇ ਕੰਮਰੇ ਵਿੱਚ ਜਾ ਬੈਠਾ, ਆੜਤੀਆਂ ਬੋਲਿਆ ਸੁਣਾ ਘਰੇ ਕਿਵੇਂ ਸਭ ਠੀਕ ਨੇ, ਜੱਗਾ ਸਿਓ ਨੇ ਹਾਂ ਵਿਚ ਸਿਰ ਹਿਲਾਇਆ, ਆੜਤੀਆਂ ਫਿਰ ਬੋਲਿਆ ਚਾਲੀ ਸਾਲ ਦੀ ਯਾਰੀ ਆ ਕੋਈ ਛੋਲਿਆ ਦਾ ਵੱਡ ਨੀ। ਜੱਗਾ ਸਿਆਂ, ਛੇ ਮਹੀਨਿਆਂ ਵਿਚ ਇਕ ਮੌਕਾ ਮਿਲਦਾ ਖਾਤਰਦਾਰੀ ਦਾ ਤੇ ਉਹ ਅਸੀਂ ਨਹੀਂ ਛੱਡਣਾ। ਇਹ ਬਿਸਤਰਾ ਤੇਰੇ ਲੀ ਲਾਇਆ ਅਰਾਮ ਨਾਲ ਟਿਕ ਨਾਲੇ ਰੋਟੀ ਘਰੋਂ ਨੀ ਮਗਾਉਣੀ ਅੱਜ ਲਾਲੀ ਦੇ ਹੱਥਾਂ ਦੀਆਂ ਪੱਕੀਆਂ ਖਾਵਾਂਗੇ। ਥੋੜਾ ਮੋਸਚਰ ਆ ਕੋਈ ਨੀ ਫੜ ਖੁਲਾ , ਖਿਲਾਰ ਕੇ ਪੱਖਾ ਲਵਾਉਣੇ ਆ ਸਵੇਰੇ ਤੱਕ ਤੋਲ ਲਾ ਦਿਆਂਗੇ ਨਾਲੇ ਅੱਜ ਦੀ ਰਾਤ ਸਾਨੂੰ ਮਹਿਮਾਨ ਨਿਵਾਜ਼ੀ ਦਾ ਮੌਕਾ ਮਿਲਜੂ ਇਨੇ ਚਿਰ ਨੂੰ ਮੁਨੀਮ ਚਾਹ ਲੈ ਆਇਆ ਸੀ। ਬਾਬਾ ਜੱਗਾ ਸਿਓ ਚਾਹ ਦੀ ਚੁਸਕੀ ਭਰਦਿਆਂ ਸੋਚਣ ਲਗਿਆ ਕਿ ਚਾਲੀ ਸਾਲ ਪਹਿਲਾਂ ਮੇਰਾ ਆੜਤੀਆਂ, ਆੜਤੀਆਂ ਦਾ ਮੁਨੀਮ ਹੁੰਦਾ ਸੀ ਤੇ ਹੁਣ ਚਾਰ ਸੈਲਰਾ ਦਾ ਮਾਲਕ ਬਣ ਗਿਆ ਸੀ । ਸ਼ਹਿਰ ਵਿਚ ਵੱਡੀ ਕੋਠੀ ਪਾ ਲਈ ਸੀ ਤੇ ਦਸ ਬਾਰਾਂ ਦੁਕਾਨਾਂ ਬਣਾ ਕੇ ਕਿਰਾਏਦਾਰਾਂ ਨੂੰ ਚੜਾਈਆਂ ਹੋਈਆ ਸਨ ਇਨ੍ਹਾਂ ਕੁਝ ਹੋਣ ਦੇ ਬਾਵਜੂਦ ਆੜਤੀਏ ਦਾ ਪਿਆਰ ਡੁਲ ਡੁਲ ਪੈਦਾ ਸੀ। ਇਨੇ ਨੂੰ ਆੜਤੀਏ ਨੇ ਮੁਨੀਮ ਨੂੰ ਅਵਾਜ਼ ਮਾਰਦਿਆਂ ਆਖਿਆ, ਮੁਨੀਮ ਜੀ ਇਹ ਜੱਗਾ ਸਿਓ ਮੇਰੇ ਵੱਡੇ ਭਰਾ ਨੇ ਦੇਖਿਆ ਕੋਈ ਉਲਾਮਾ ਨਾ ਆਵੇ ਅੱਜ ਪੂਰੀ ਖਾਤਰਦਾਰੀ ਹੋਣੀ ਚਾਹੀਦੀ ਹੈ ਕੋਈ ਕਸਰ ਨਹੀਂ ਛੱਡਣੀ, ਮੈਂ ਭਾਬੀ ਤੋਂ ਉਲਾਮਾ ਨੀ ਲੈਣਾ ਕਿ ਮੰਡੀ ਗਏ ਭਰਾ ਨੂੰ ਪੁੱਛਿਆ ਨੀ । ਅੱਜ ਦਾਰੂ ਤੇ ਮੁਰਗੇ ਦਾ ਪ੍ਰਬੰਧ ਕਰੋ । ਮੁਨੀਮ ਨੇ ਮੁਸਕਰਾ ਕੇ ਕਿਹਾ ਮਾਲਕੋ ਇਹ ਕੋਈ ਪੁੱਛਣ ਦੀ ਗੱਲ ਆ ਪਿਛਲੇ ਚਾਲੀ ਸਾਲ ਤੋਂ ਹਰ ਵਾਰ ਜੱਗਾ ਸਿਓ ਲਈ ਤੁਸੀਂ ਸਪੈਸ਼ਲ ਮੁਰਗੇ ਬਣਾਉਂਦੇ ਆ ਰਹੇ ਓ। ਫਿਰ ਇਸ ਵਾਰ ਮੁਰਗਾ ਕਿਵੇਂ ਬੱਚ ਜਾਉ। ਜੱਗਾ ਸਿਓ ਦੀ ਰਾਤ ਖੂਬ ਸੇਵਾ ਹੋਈ  ਮੁਰਗੇ ਨਾਲ ਦਾਰੂ ਦਾ ਦੌਰ ਵੀ ਚੱਲਿਆ ਦਿਨ ਚੜ੍ਹੇ ਤੋਲ ਲਗਿਆ, ਝੋਨਾ ਤੋਲਿਆ ਗਿਆ,ਪਰਚੀ ਬਣ ਗਈ। ਜੱਗਾ ਸਿਓ ਪਰਚੀ ਲਈ ਘਰ ਪੁਜਿਆ ਹਿਸਾਬ ਕਿਤਾਬ ਕਰਦਾ ਸੋਚੀਂ ਪੈ ਗਿਆ ਯਾਰ ਫ਼ਸਲ ਤਾਂ ਐਤਕੀਂ ਬੰਪਰ ਲਗਦੀ ਸੀ ਪਰ ਪਤਾ ਨੀ ਕਿਓਂ ਝਾੜ ਘੱਟ ਲਗ ਰਿਹਾ। ਖੈਰ ਕੁਝ ਵੀ ਹੋਵੇ ਜੱਗਾ ਸਿਆਂ ਚਾਲੀ ਸਾਲ  ਤੋਂ ਆੜਤੀਏ ਵੱਲੋਂ ਕੀਤੀ ਜਾ ਰਹੀ ਖਾਤਰਦਾਰੀ ਅਤੇ ਮੁਰਗੇ ਦਾ ਸਵਾਦ ਹੀ ਵੱਖਰਾ ਆ।
ਲੇਖਕ ਹਰਜਿੰਦਰ ਸਿੰਘ ਚੰਦੀ 
ਮਹਿਤਪੁਰ 9464815725
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੈਂਟਰ ਸਕੂਲ ਡਡਵਿੰਡੀ ( ਮਸੀਤਾਂ) ਵਿਖੇ ਵੱਖ ਵੱਖ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਇੱਕ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਆਯੋਜਿਤ
Next articleਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦੋ ਰੋਜਾ ਅੰਤਰ ਰਾਸ਼ਟਰੀ ਸੈਮੀਨਾਰ 14 ਤੇ 15 ਨੂੰ