ਕੋਲੇ ਦੀ ਕਮੀ: ਪੰਜਾਬ ’ਚ ਬਿਜਲੀ ਸੰਕਟ, ਕਈ ਘੰਟਿਆਂ ਦੇ ਕੱਟ

Thermal Power Project

ਪਟਿਆਲਾ (ਸਮਾਜ ਵੀਕਲੀ): ਪੰਜਾਬ ਦੇ ਲਗਭਗ ਸਾਰੇ ਥਰਮਲ ਪਲਾਂਟਾਂ ਵਿਚ ਕੋਲੇ ਦਾ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਸਪਲਾਈ ਨਾ ਆਉਣ ਕਰਕੇ ਥਰਮਲ ਪਲਾਂਟਾਂ ਕੋਲ ਕੋਲੇ ਦਾ ਸਟਾਕ ਖ਼ਤਮ ਹੋਣ ਲੱਗਾ ਹੈ ਤੇ ਵੱਡਾ ਬਿਜਲੀ ਸੰਕਟ ਪੈਦਾ ਹੋਣ ਦਾ ਖ਼ਦਸ਼ਾ ਹੈ। ਪਾਵਰਕੌਮ ਨੂੰ ਕਈ ਜਗ੍ਹਾ ਉਤਪਾਦਨ ਵਿਚ ਕਟੌਤੀ ਕਰਨੀ ਪਈ ਹੈ ਤੇ ਕਈ ਜਗ੍ਹਾ ਵਾਰੋ-ਵਾਰੀ ਲੋਡ ਘਟਾਉਣਾ ਪੈ ਰਿਹਾ ਹੈ। ਕਾਰਪੋਰੇਸ਼ਨ ਨੇ ਲੋਕਾਂ ਨੂੰ ਬਿਜਲੀ ਦੀ ਵਰਤੋਂ ’ਚ ਸੰਜਮ ਵਰਤਣ ਦੀ ਅਪੀਲ ਵੀ ਕੀਤੀ ਹੈ। ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪਾਵਰਕੌਮ ਨੂੰ ਮਹਿੰਗੇ ਭਾਅ ਬਿਜਲੀ ਖ਼ਰੀਦਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ।

ਇਹ ਪਾਵਰਕੌਮ ਨੂੰ ਦਸ ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ ਜੋ ਕਿ ਕਾਫ਼ੀ ਮਹਿੰਗੀ ਹੈ। ਅੱਜ ਪੰਜਾਬ ਭਰ ’ਚ ਦੋ ਤੋਂ ਛੇ ਘੰਟਿਆਂ ਤੱਕ ਦੇ ਬਿਜਲੀ ਕੱਟ ਲਾਉਣੇ ਪਏ। ਖੇਤੀਬਾੜੀ ਮੋਟਰਾਂ ਲਈ ਵੀ ਬਿਜਲੀ ’ਚ ਕਟੌਤੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਦੇ ਵਿਰੋਧ ’ਚ ਕਿਸਾਨਾਂ ਨੇ ਪਾਵਰਕੌਮ ਦੇ ਮੁੱਖ ਦਫ਼ਤਰ ਦਾ ਪੰਜ ਘੰਟੇ ਘਿਰਾਓ ਵੀ ਕੀਤਾ ਸੀ। ਇਸ ਵੇਲੇ ਪੰਜਾਬ ’ਚ ਬਿਜਲੀ ਦੀ ਮੰਗ ਕਰੀਬ 9000 ਮੈਗਾਵਾਟ ਅਤੇ ਸਪਲਾਈ 7100 ਮੈਗਾਵਾਟ ਹੈ। ਦਿਨ ਦਾ ਉੱਚਾ ਤਾਪਮਾਨ ਵੀ ਬਿਜਲੀ ਦੀ ਮੰਗ ਵਧਾ ਰਿਹਾ ਹੈ ਤੇ ਖੇਤੀ ਖੇਤਰ ਲਈ ਵੀ ਬਿਜਲੀ ਦੀ ਲੋੜ ਹੈ। ਪਾਵਰਕੌਮ ਨੂੰ 3400 ਮੈਗਾਵਾਟ ਬਿਜਲੀ ਮੁੱਲ ਲੈਣੀ ਪੈ ਰਹੀ ਹੈ।

ਉੱਧਰ ਸੂਬੇ ਵਿਚਲੇ ਤਿੰਨ ਪ੍ਰਾਈਵੇਟ ਥਰਮਲਾਂ ਵਿਚੋਂ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਕੋਲ ਤਾਂ ਕੋਲੇ ਦਾ ਸਟਾਕ ਤਕਰੀਬਨ ਖ਼ਤਮ ਹੋ ਗਿਆ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਦੋ ਦਿਨ ਤੇ ਨਾਭਾ ਥਰਮਲ ਪਲਾਂਟ ਰਾਜਪੁਰਾ ਕੋਲ ਢਾਈ ਦਿਨਾਂ ਦਾ ਕੋਲਾ ਬਚਿਆ ਹੈ। ਸਰਕਾਰੀ ਥਰਮਲ ਪਲਾਂਟਾਂ ਲਹਿਰਾ ਮੁਹੱਬਤ ਅਤੇ ਰੋਪੜ ਕੋਲ ਅੱਠ-ਅੱਠ ਦਿਨਾਂ ਦਾ ਕੋਲਾ ਹੈ। ਦੋਵਾਂ ਦੇ ਚਾਰ-ਚਾਰ ਯੂਨਿਟ ਹਨ। ਪਰ ਰੋਪੜ ਦੇ ਦੋ ਅਤੇ ਲਹਿਰਾ ਮੁਹੱਬਤ ਦਾ ਇੱਕ ਯੂਨਿਟ ਕਿਸੇ ਕਾਰਨ ਬੰਦ ਪਏ ਹਨ। ਪੰਜਾਬ ’ਚ ਰੋਜ਼ਾਨਾ ਕੋਲੇ ਦੇ ਕਰੀਬ 15 ਰੈਕਾਂ ਦੀ ਖ਼ਪਤ ਹੁੰਦੀ ਹੈ। ਉਂਜ ਪੰਜਾਬ ਲਈ ਕੋਲੇ ਦੇ ਨੌਂ ਰੈਕ ਚੱਲੇ ਹੋਏ ਹਨ। ਕੋਈ ਵੱਡਾ ਵਿਘਨ ਨਾ ਪਿਆ, ਤਾਂ ਕੋਲੇ ਦੀ ਇਹ ਖੇਪ 3 ਤੋਂ 4 ਦਿਨਾਂ ਤੱਕ ਪੰਜਾਬ ਪੁੱਜ ਜਾਵੇਗੀ।

ਇਸ ਨਾਲ ਇੱਕ ਵਾਰ ਕੰਮ ਚੱਲਦਾ ਹੋ ਜਾਵੇਗਾ ਪਰ ਇਸ ਖੇਪ ਦੇ ਪੁੱਜਣ ’ਚ ਦੇਰੀ ਪੰੰਜਾਬ ਨੂੰ ਗਹਿਰੇ ਬਿਜਲੀ ਸੰਕਟ ਨਾਲ ਜੂਝਣ ਲਈ ਮਜਬੂਰ ਕਰ ਸਕਦੀ ਹੈ। ਕੋਲੇ ਦੀ ਇਹ ਤੋਟ ਡੇਢ ਮਹੀਨੇ ਤੋਂ ਬਣੀ ਹੋਈ ਹੈ। ਉਂਜ ਉਸ ਵੇਲੇ ਥਰਮਲਾਂ ਕੋਲ 30 ਤੋਂ 45 ਦਿਨਾਂ ਤੱਕ ਦਾ ਕੋਲਾ ਸੀ। ਪਰ ਬਹੁਤੇ ਥਰਮਲਾਂ ਦੇ ਚੱਲਦੇ ਰਹਿਣ ਕਾਰਨ ਕੋਲੇ ਦੀ ਖ਼ਪਤ ਹੁੰਦੀ ਰਹੀ ਤੇ ਉੱਪਰੋਂ ਸਪਲਾਈ ਨਾ ਆਉਣ ਕਾਰਨ ਅੱਜ ਸਟਾਕ ਖ਼ਤਮ ਹੋਣ ਲੱਗਾ ਹੈ। ਪੰਜਾਬ ਦੇ ਖੇਤੀ, ਕਿਸਾਨ ਭਲਾਈ ਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨਾਭਾ ਦਾ ਕਹਿਣਾ ਸੀ ਕਿ ਕੋਲੇ ਦੇ ਸੰਕਟ ਦੇ ਬਾਵਜੂਦ ਸੂਬਾ ਸਰਕਾਰ, ਪੰਜਾਬ ’ਚ ਬਲੈਕ ਆਊਟ ਵਰਗੀ ਸਥਿਤੀ ਨਹੀਂ ਪੈਦਾ ਹੋਣ ਦੇਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਬਿਜਲੀ ਸੰਕਟ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਪੰਜਾਬ ਦੇ ਤਾਪ ਬਿਜਲੀ ਘਰਾਂ ਲਈ ਕੋਲੇ ਦੀ ਖੇਪ ਦੀ ਸਪੈਸ਼ਲ ਰੇਲ ਗੱਡੀ ਬਹੁਤ ਜਲਦ ਪੰਜਾਬ ਪਹੁੰਚ ਰਹੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਸ਼ੀਸ਼ ਮਿਸ਼ਰਾ ਦੀ ਪੇਸ਼ੀ ਮਗਰੋਂ ਸਿੱਧੂ ਨੇ ਭੁੱਖ ਹੜਤਾਲ ਖ਼ਤਮ ਕੀਤੀ
Next articleਦਿੱਲੀ ’ਚ ਸਿਰਫ਼ ਇਕ ਦਿਨ ਦਾ ਕੋਲਾ ਬਚਿਆ, ਕੇਜਰੀਵਾਲ ਨੇ ਮੋਦੀ ਨੂੰ ਲਿਖੀ ਚਿੱਠੀ