ਕੋਲਾ ਸੰਕਟ: ਕੇਂਦਰ ਨੇ ਭਰਿਆ ਪੰਜਾਬ ਦੀ ਮਦਦ ਦਾ ਹੁੰਗਾਰਾ

ਚੰਡੀਗੜ੍ਹ (ਸਮਾਜ ਵੀਕਲੀ):  ਕੇਂਦਰ ਸਰਕਾਰ ਨੇ ਝੋਨੇ ਦੇ ਸੀਜ਼ਨ ਲਈ ਵਾਧੂ ਕੋਲਾ ਅਤੇ ਬਿਜਲੀ ਦੇਣ ਲਈ ਪੰਜਾਬ ਨੂੰ ਹੁੰਗਾਰਾ ਭਰਿਆ ਹੈ ਜਿਸ ਤੋਂ ‘ਆਪ’ ਸਰਕਾਰ ਨੂੰ ਸੰਭਾਵੀ ਬਿਜਲੀ ਸੰਕਟ ਤੋਂ ਬਚਣ ਦੀ ਆਸ ਬੱਝੀ ਹੈ। ਕੇਂਦਰੀ ਬਿਜਲੀ ਮੰਤਰਾਲੇ ਨੇ ਪਹਿਲਾਂ ਪੰਜਾਬ ਨੂੰ ਵਾਧੂ ਕੋਲਾ ਤੇ ਬਿਜਲੀ ਦੇਣ ਤੋਂ ਕਿਨਾਰਾ ਕਰ ਲਿਆ ਸੀ। ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਅਤੇ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਦਿੱਲੀ ਵਿਚ ਮੀਟਿੰਗ ਕਰਕੇ ਪੰਜਾਬ ਦਾ ਪੱਖ ਰੱਖਿਆ। ਪਾਵਰਕੌਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਮੀਟਿੰਗ ਦੌਰਾਨ ਤਕਨੀਕੀ ਨੁਕਤੇ ਰੱਖੇ।

ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕੇਂਦਰੀ ਵਜ਼ੀਰਾਂ ਨਾਲ ਮੀਟਿੰਗਾਂ ਦੌਰਾਨ ਸੂਬੇ ਲਈ ਜੂਨ ਤੋਂ ਸਤੰਬਰ ਤੱਕ ਲਈ ਕੇਂਦਰੀ ਪੂਲ ’ਚੋਂ 1500 ਮੈਗਾਵਾਟ ਬਿਜਲੀ ਰੋਜ਼ਾਨਾ ਦੇਣ ਦੀ ਮੰਗ ਰੱਖੀ। ਇਸੇ ਤਰ੍ਹਾਂ 10 ਜੂਨ ਤੋਂ ਪਹਿਲਾਂ ਪੰਜਾਬ ਨੂੰ ਕੋਲੇ ਦੇ ਰੋਜ਼ਾਨਾ 19-20 ਰੈਕ ਦੇਣ ਦੀ ਮੰਗ ਕੀਤੀ ਗਈ। ਸਤੰਬਰ ਤੱਕ 50 ਲੱਖ ਮੀਟਰਿਕ ਟਨ ਕੋਲੇ ਦਾ ਵਾਧੂ ਸਟਾਕ ਵੀ ਮੰਗਿਆ ਗਿਆ ਹੈ। ਜਾਣਕਾਰੀ ਅਨੁਸਾਰ ਕੇਂਦਰੀ ਵਜ਼ੀਰਾਂ ਦਾ ਰੁਖ਼ ਅੱਜ ਪੰਜਾਬ ਪ੍ਰਤੀ ਕੁੱਝ ਨਰਮ ਦਿਖਾਈ ਦਿੱਤਾ ਜਦੋਂ ਕਿ ਪਹਿਲਾਂ ਕੇਂਦਰੀ ਬਿਜਲੀ ਮੰਤਰਾਲੇ ਨੇ ਢੁੱਕਵਾਂ ਕੋਲਾ ਅਤੇ ਕੇਂਦਰੀ ਪੂਲ ’ਚੋਂ ਬਿਜਲੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਦਿੱਲੀ ’ਚ ਮੀਟਿੰਗ ਦੌਰਾਨ ਪੰਜਾਬ ਦੇ ਪ੍ਰਮੁੱਖ ਸਕੱਤਰ (ਪਾਵਰ) ਦਲੀਪ ਕੁਮਾਰ, ਕੇਂਦਰ ਦੇ ਸਕੱਤਰ (ਕੋਲਾ) ਅਨਿਲ ਜੈਨ ਅਤੇ ਸਕੱਤਰ (ਪਾਵਰ) ਆਲੋਕ ਕੁਮਾਰ ਵੀ ਹਾਜ਼ਰ ਰਹੇ।

ਦੇਖਿਆ ਜਾਵੇ ਤਾਂ ਪੰਜਾਬ ’ਚ ਕੋਲਾ ਸੰਕਟ ਅਜੇ ਮੁੱਕਿਆ ਨਹੀਂ ਸੀ ਕਿ ਹੁਣ ਰੇਲਵੇ ਦਾ ਰੈਕ ਸੰਕਟ ਖੜ੍ਹਾ ਹੋ ਗਿਆ ਹੈ। ਵਿਦੇਸ਼ੀ ਕੋਲੇ ਦੇ ਭਾਅ ਏਨੇ ਚੜ੍ਹ ਗਏ ਹਨ ਕਿ ਪਾਵਰਕੌਮ ਨੂੰ ਬਿਜਲੀ ਮਹਿੰਗੀ ਪੈਂਦੀ ਹੈ। ਆਗਾਮੀ ਝੋਨੇ ਦੇ ਸੀਜ਼ਨ ਲਈ ਪਾਵਰਕੌਮ ਨੇ ਹੁਣੇ ਤੋਂ ਹੀ ਕੋਲਾ ਭੰਡਾਰ ਕਰਨ ਲਈ ਕੇਂਦਰ ਤੱਕ ਪਹੁੰਚ ਕੀਤੀ ਹੈ। ਪਾਵਰਕੌਮ ਨੂੰ ਖ਼ਦਸ਼ਾ ਹੈ ਕਿ ਆਉਂਦੇ ਦਿਨਾਂ ਵਿਚ ਰੈਕਾਂ ਦੀ ਕਿੱਲਤ ਆ ਸਕਦੀ ਹੈ। ਭਾਰਤੀ ਰੇਲਵੇ ਕੋਲ ਸਿਰਫ਼ 380 ਰੈਕ ਹੀ ਹਨ ਅਤੇ ਰੇਲਵੇ ਨੇ ਲੰਘੇ ਪੰਜ ਵਰ੍ਹਿਆਂ ਤੋਂ ਨਵੇਂ ਰੈਕ ਨਹੀਂ ਖ਼ਰੀਦੇ ਹਨ। ਦੱਖਣੀ ਸੂਬਿਆਂ ’ਚੋਂ ਪੰਜਾਬ ਦੇ ਤਾਪ ਬਿਜਲੀ ਘਰਾਂ ਤੱਕ ਕੋਲਾ ਪੁੱਜਣ ’ਚ ਕਰੀਬ ਤਿੰਨ ਦਿਨ ਲੱਗ ਜਾਂਦੇ ਹਨ। ਕੇਂਦਰ ਦੀ ਨੀਤੀ ਮੁਤਾਬਕ ਕੋਲਾ ਖਾਣਾਂ ਤੋਂ ਨਜ਼ਦੀਕ ਪੈਂਦੇ ਸੂਬਿਆਂ ਨੂੰ ਜ਼ਿਆਦਾ ਰੈਕ ਦਿੱਤੇ ਜਾ ਰਹੇ ਹਨ।

ਖਾਣਾਂ ’ਚੋਂ ਮੌਨਸੂਨ ਤੋਂ ਪਹਿਲਾਂ ਕੋਲਾ ਕੱਢਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਮਾਹਿਰਾਂ ਮੁਤਾਬਕ ਹੁਣ ਦੇਸੀ ਕੋਲਾ ਤਾਂ ਹੈ ਪ੍ਰੰਤੂ ਉਸ ਅਨੁਪਾਤ ਵਿਚ ਰੈਕ ਉਪਲੱਬਧ ਨਹੀਂ ਹਨ। ਖ਼ਦਸ਼ਾ ਇਹ ਹੈ ਕਿ ਜਦੋਂ ਮੌਨਸੂਨ ਸ਼ੁਰੂ ਹੋ ਗਈ ਤਾਂ ਉਦੋਂ ਕੋਲਾ ਖਾਣਾਂ ਵਿਚ ਪਾਣੀ ਭਰ ਜਾਣਾ ਹੈ ਅਤੇ ਕੋਲੇ ਦਾ ਉਤਪਾਦਨ ਠੱਪ ਹੋ ਜਾਵੇਗਾ। ਜਦੋਂ ਰੈਕ ਉਪਲੱਬਧ ਹੋਣਗੇ, ਉਦੋਂ ਕੋਲਾ ਸੰਕਟ ਮੁੜ ਪੈਦਾ ਹੋ ਸਕਦਾ ਹੈ। ‘ਆਪ’ ਸਰਕਾਰ ਵੀ ਅੰਦਰੋਂ ਡਰੀ ਹੋਈ ਹੈ ਕਿ ਜੇ ਝੋਨੇ ਦੇ ਪਹਿਲੇ ਸੀਜ਼ਨ ਵਿਚ ਹੀ ਬਿਜਲੀ ਸਪਲਾਈ ਪੂਰੀ ਨਾ ਦਿੱਤੀ ਜਾ ਸਕੀ ਤਾਂ ਕਿਸਾਨਾਂ ਵਿਚ ਸਾਖ਼ ਖਰਾਬ ਹੋ ਸਕਦੀ ਹੈ। ਪੰਜਾਬ ਦੇ ਜਨਤਕ ਖੇਤਰ ਦੇ ਤਾਪ ਬਿਜਲੀ ਘਰ ਤਾਂ ਚੱਲ ਰਹੇ ਹਨ ਪ੍ਰੰਤੂ ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਇੱਕ ਦਿਨ ਦਾ ਕੋਲਾ ਬਚਿਆ ਹੈ। ਸੂਬੇ ਵਿਚ ਇਸ ਵੇਲੇ ਬਿਜਲੀ ਦੀ ਮੰਗ 6500 ਤੋਂ ਸੱਤ ਹਜ਼ਾਰ ਮੈਗਾਵਾਟ ਰਹਿ ਗਈ ਹੈ ਕਿਉਂਕਿ ਵਾਢੀ ਕਰਕੇ ਖੇਤੀ ਸੈਕਟਰ ਵਿਚ ਬਿਜਲੀ ਦੀ ਮੰਗ ਘੱਟ ਗਈ ਹੈ। ਉਂਜ, ਗਰਮੀ ਵਧਣ ਕਰਕੇ ਬਿਜਲੀ ਦੀ ਮੰਗ ਬਣੀ ਹੋਈ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੌਧਰੀ ਦੇਵੀ ਲਾਲ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ
Next articleItaly slashes GDP growth estimates for 2022, 2023