ਰਾਮਾਂ ਮੰਡੀ (ਸਮਾਜ ਵੀਕਲੀ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱੱਥੇ ਰੈਲੀ ਦੌਰਾਨ ਹਲਕੇ ’ਚ ਸੜਕਾਂ ਪੱਕੀਆਂ ਕਰਵਾਉਣ ਲਈ ਪੰਜ ਕਰੋੜ ਅਤੇ ਹੋਰ ਵਿਕਾਸ ਕਾਰਜਾਂ ਲਈ 15 ਕਰੋੜ ਰੁਪਏ ਦੇਣ ਸਮੇਤ ਮੰਡੀ ਵਿੱਚ 50 ਬਿਸਤਰਿਆਂ ਦਾ ਹਸਪਤਾਲ ਅਤੇ ਮਾਡਰਨ ਸਕੂਲ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਤੋਂ ਹੀ ਅਕਾਲੀਆਂ ਨਾਲ ਰਲੇ ਹੋਏ ਸਨ। ਇਹ ਸਭ ਜਾਨਣ ’ਚ ਉਨ੍ਹਾਂ ਕੋਲੋਂ ਹੀ ਕੁੱਝ ਦੇਰੀ ਹੋ ਗਈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਇਸ ਰੈਲੀ ਸਬੰਧੀ ਹਲਕਾ ਇੰਚਾਰਜ ਖੁਸ਼ਬਾਜ਼ ਸਿੰਘ ਜਟਾਣਾ ਅਤੇ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਵਿਚਾਲੇ ਤਕਰਾਰ ਹੋਈ ਗਈ ਸੀ, ਜਿਸ ਮਗਰੋਂ ਜੱਸੀ ਨਾਰਾਜ਼ ਵਿਖਾਈ ਦੇ ਰਹੇ ਸਨ। ਅੱਜ ਚੰਨੀ ਨੇ ਜੱਸੀ ਨੂੰ ਆਪਣੇ ਨਾਲ ਲਿਆ ਕੇ ਮਨਾ ਲਿਆ।
ਇਸ ਮੌਕੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਦਿੱਲੀ ਹਵਾਈ ਅੱਡੇ ਤਕ ਪੀਆਰਟੀਸੀ ਜਾਂ ਰੋਡਵੇਜ਼ ਦੀਆਂ ਬੱਸਾਂ ਜਾਣ ਦੀ ਆਗਿਆ ਨਹੀਂ ਪਰ ਬਾਦਲਾਂ ਦੀਆਂ ਬੱਸਾਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਮਾਫੀਆਂ ਨੂੰ ਨੱਥ ਪਾਉਣ ਮਗਰੋਂ ਹੁਣ ਪੀਆਰਟੀਸੀ 12 ਕਰੋੜ ਤੋਂ ਵੱਧ ਦੇ ਮੁਨਾਫੇ ਵਿਚ ਹੈ। ਉਨ੍ਹਾਂ ਕਿਹਾ ਕਿ ਜ਼ਬਤ ਕੀਤੀਆਂ ਗਈਆਂ ਬਾਦਲਾਂ ਦੀਆਂ ਬੱਸਾਂ 14 ਕਰੋੜ ਟੈਕਸ ਭਰਨ ਤੋਂ ਬਾਅਦ ਹੀ ਛੱਡੀਆਂ ਗਈਆਂ ਹਨ। ਰਾਮਾਂ ਮੰਡੀ ਵਿੱਚ ਰੈਲੀ ਮਗਰੋਂ ਚੰਨੀ ਨੇ ਸ਼ਾਮ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਿਆ ਅਤੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਮਲਾਕਾਤ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly