ਘੜੀ ਇਸ਼ਕ ਦੀ

 ਰਿਤੂ ਵਾਸੂਦੇਵ
(ਸਮਾਜ ਵੀਕਲੀ)
ਉਸ ਨੂੰ ਆਉਣ ਦੀ ਕਾਹਲ਼ ਬੜੀ ਸੀ
ਜਾਵਣ ਦੀ ਵੀ ਜਲਦੀ ਸੀ
ਮੇਰੇ ਗੁੱਟ ‘ਤੇ ਘੜੀ ਇਸ਼ਕ ਦੀ
ਰੁਕਦੀ ਸੀ ਨਾ ਚਲਦੀ ਸੀ
ਉਹ ਵੀ ਆਪਣੀ ਆਕੜ ਦੇ ਸਿਰ
ਚੁਣ ਕੇ ਤਾਜ ਟਿਕਾਉਂਦਾ ਸੀ
ਮੈਂ ਵੀ ਆਪਣੇ ਨਰਮ ਸੁਭਾਅ ਦੀ
ਰੋਜ਼ ਗੁਲਾਮੀ ਝੱਲਦੀ ਸੀ
ਮੈਨੂੰ ਆਪਣਾ ਸੀਸ ਝੁਕਾਉਣਾ
ਸਦਾ ਇਬਾਦਤ ਲਗਦਾ ਸੀ
ਉਸ ਦੇ ਅੰਦਰ ਸ਼ਾਤਿਰਤਾ ਦੀ
ਤੇਜ ਹਨੇਰੀ ਚੱਲਦੀ ਸੀ
ਉਸਨੂੰ ਹਾਸੇ ਰੌਸ਼ਨੀਆਂ ਦਾ
ਪਤਾ ਟਿਕਾਣਾ ਦਿੰਦੇ ਸੀ
ਮੇਰੇ ਘਰ ਦੀਵੇ ਦੀ ਵੱਟੀ
ਇੱਕੋ ਹੀ ਆਥਣ ਬਲ਼ਦੀ ਸੀ!
ਉਹ ਤਾਂ ਜੁਗਨੂੰ ਜੇਬ ‘ਚ ਪਾ ਕੇ
ਵਿੱਚ ਕਲੱਬਾਂ ਜਾਂਦਾ ਸੀ
ਮੇਰੀ ਸ਼ਾਮ ਕਿਤਾਬਾਂ, ਕੌਫ਼ੀ,
ਚਸ਼ਮੇ ਦੇ ਨਾਲ਼ ਢਲਦੀ ਸੀ
ਮੈਂ ਤਾਂ ਸ਼ੁਕਰਗੁਜ਼ਾਰ ਹਾਂ ਆਪਣੇ
ਆਉਂਦੇ ਜਾਂਦੇ ਸਾਹਵਾਂ ਲਈ
ਖੌਰੇ ਕਿਹੜੇ ਦਿਲ’ ਚੋਂ ਨਿਕਲੀ?
ਮੇਰੇ ਅੰਦਰ ਪਲਦੀ ਸੀ
ਮੈਂ ਉਸਨੂੰ ਨਜ਼ਰਾਂ ਤੋਂ ਨਜ਼ਰ
ਹਟਾ ਕੇ ਤੱਕਣਾ ਹੁੰਦਾ ਸੀ
ਪਰ ਉਸਦੀ ਹਰ ਸੋਚ ਪਰਤ ਕੇ
ਓਹੀ ਵਰਕਾ ਥੱਲਦੀ ਸੀ
ਸੋਨੇ ਰੰਗੇ ਵਾਲ਼ਾਂ ਦੇ ਵਿੱਚ
ਚਾਂਦੀ ਕੌਣ ਗੁੰਦਾਉੰਦਾ ਸੀ?
ਹਿਜਰ ਦੇ ਬੂਹੇ ਬੈਠੀ ਕਿਹੜੀ
ਹੀਰ ਦੰਦਾਸਾ ਮਲਦੀ ਸੀ?
 ਰਿਤੂ ਵਾਸੂਦੇਵ
Previous articleਸੂਲਾਂ ਵਿੰਨੇ ਪੈਰਾਂ ਦੇ ਨਾਲ
Next articleਪੂਰਬੀ ਤੇ ਪੱਛਮੀ ਜੀਵਨ ਜਾਂਚ ਦੇ ਸੁਮੇਲ ਰਾਹੀ ਨਵੇ ਕਥਾ ਵਿਵੇਕ ਦੀ ਸਿਰਜਣਾ ਕਰਦੀਆ ਕਹਾਣੀਆਂ