ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ‘ਘਰੇਲੂ ਸਵੱਛਤਾ ਲਈ ਸਫ਼ਾਈ ਉਤਪਾਦ ਤਿਆਰ ਕਰਨ’ ਸਬੰਧੀ ਕਿੱਤਾਮੁੱਖੀ ਸਿਖਲਾਈ ਕੋਰਸ ਦਾ ਆਯੋਜਨ ਕੇ.ਵੀ.ਕੇ. ਵਿਖੇ ਕੀਤਾ ਗਿਆ, ਜਿਸ ਵਿੱਚ 33 ਸਿਖਿਆਰਥੀਆਂ ਨੇ ਹਿੱਸਾ ਲਿਆ।
ਇਸ ਸਿਖਲਾਈ ਪੋ੍ਰਗਰਾਮ ਦੌਰਾਨ, ਸਿਖਿਆਰਥੀਆਂ ਨੂੰ ਸਮੂਹ ਚਰਚਾ ਵਿਧੀ ਰਾਂਹੀ ਘਰੇਲੂ ਸਵੱਛਤਾ ਲਈ ਸਫ਼ਾਈ ਉਤਪਾਦ ਤਿਆਰ ਕਰਨ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਡੇਮੋਂਸਟਰੇਟਰ, ਗ੍ਰਹਿ ਵਿਗਿਆਨ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ, ਸ਼੍ਰੀਮਤੀ ਰੇਨੂੰ ਬਾਲਾ ਨੇ ਸਿਖਿਆਰਥੀਆਂ ਦਾ ਕੇਂਦਰ ਵੱਲੋਂ ਸਵਾਗਤ ਕੀਤਾ। ਉਨਾਂ ਇਸ ਸਿਖਲਾਈ ਕੋਰਸ ਵਿੱਚ ਸਫ਼ਾਈ ਉਤਪਾਦਾਂ ਦੀ ਘਰੇਲੂ ਸਵੱਛਤਾ ਵਿੱਚ ਮਹੱਤਤਾ ਬਾਰੇ ਦੱਸਿਆ ਕਿ ਕਿਵੇ ਲੋਕ ਘਰੇਲੂ ਸਵੱਛਤਾ ਲਈ ਜਾਗਰੂਕ ਹਨ ਅਤੇ ਮਾਰਕਿਟ ਵਿੱਚ ਇਹ ਉਤਪਾਦ ਬਹੁਤ ਮੰਗ ਵਿੱਚ ਹਨ। ਸਹਾਇਕ ਪੋ੍ਰਫੈਸਰ (ਗ੍ਰਹਿ ਵਿਗਿਆਨ), ਡਾ. ਰਜਿੰਦਰ ਕੌਰ ਨੇ ਦੱਸਿਆ ਕਿ ਘਰ ਵਿੱਚ ਹੀ ਅਸੀਂ ਇਹ ਸਾਰੇ ਸਫ਼ਾਈ ਉਤਪਾਦ ਤਿਆਰ ਕਰ ਸਕਦੇ ਹਾਂ। ਉਨਾਂ ਸਿਖਿਆਰਥੀਆਂ ਨੂੰ ਬਰਤਨ ਧੋਣ ਲਈ ਤਰਲ ਪਦਾਰਥ, ਫ਼ਰਨੈਲ ਅਤੇ ਕੱਪਣੇ ਧੋਣ ਲਈ ਸਰਫ਼ ਹੱਥੀ ਬਣਾਉਣਾ ਸਿਖਾਇਆ। ਇਸਦੇ ਨਾਲ ਹੀ ਹਰ ਸਿਖਿਆਰਥੀ ਨੂੰ ਹਰ ਉਤਪਾਦ ਦਾ ਸੈਂਪਲ ਵੀ ਮੁਹੱਈਆ ਕਰਵਾਇਆ ਤਾਂ ਜੋ ਸਿਖਿਆਰਥੀ ਬਜ਼ਾਰੀ ਅਤੇ ਹੱਥੀ ਬਣਾਏ ਉਤਪਾਦਾਂ ਦੀ ਗੁਣਵਤਾ ਵਿੱਚ ਅੰਤਰ ਦੇਖ ਸਕਣ। ਇਸ ਸਿਖਲਾਈ ਵਿੱਚ ਉਤਪਾਦ ਤਿਆਰ ਕਰਨ ਤੋਂ ਲੈਕੇ ਪੈਕਿੰਗ ਅਤੇ ਲੈਬਲਿੰਗ ਤੱਕ ਦੀ ਜਾਣਕਾਰੀ ਦਿੱਤੀ ਗਈ।
ਇਸੇ ਲੜ੍ਹੀ ਦੌਰਾਨ ਸਿਖਿਆਰਥੀਆਂ ਨੂੰ ‘ਆਤਮਨ ਉਦਯੋਗ’ ਯੂਨਿਟ, ਜੋਕਿ ਪਿੰਡ ਬੀਕਾ (ਬਲਾਕ :ਬੰਗਾ) ਵਿਖੇ ਸਥਾਪਿਤ ਹੈ, ਅਤੇ ਰਸਾਇਣ ਮੁਕਤ ਨਹਾਉਣ ਵਾਲਾ ਸਾਬਣ ਤਿਆਰ ਕਰਦਾ ਹੈ, ਦੇ ਵਿਦਿਅਕ ਦੌਰੇ ਦਾ ਆਯੋਜਨ ਵੀ ਕੀਤਾ ਗਿਆ। ਇਸ ਉਦਯੋਗ ਦੀ ਮਾਲਕਿਨ, ਸ਼੍ਰੀਮਤੀ ਰਛਪਾਲ ਕੌਰ ਸੰਧੂ ਅਤੇ ਅਰਚਨਾ ਸ਼ਾਹ ਨੇ ਸਿਖਿਆਰਥੀਆਂ ਨੂੰ ‘ਆਤਮਨ ਉਦਯੋਗ’ ਯੂਨਿਟ ਦੇ 2011 ਤੋਂ ਚਾਲੂ ਹੋਣ ਦੇ ਸ਼ੰਘਰਸ਼ ਬਾਰੇ ਜਾਣਕਾਰੀ ਦਿੱਤੀ। ਉਨਾਂ ਰਸਾਇਣ ਮੁਕਤ ਨਹਾਉਣ ਵਾਲੇ ਸਾਬਣ ਬਣਾਉਣ ਦੀ ਪੂਰਨ ਵਿਧੀ, ਜੋਕਿ ਹੱਥੀ ਬਿਨਾਂ ਕਿਸੇ ਮਸ਼ੀਨ ਤੋਂ ਪਤੀਲੇ ਵਿੱਚ ਤਿਆਰ ਕਰਕੇ ਤੇ ਪੈਕਿੰਗ ਹੋਣ ਦਾ ਸਾਰਾ ਕੰਮ ਸਿਖਿਆਰਥੀਆਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਹੀ ਉਨਾਂ ਇਹਨਾਂ ਸਾਬਣਾਂ ਦੀ ਵਿਕਰੀ ਲਈ ਲਾਈਸੈਂਸ ਲੈਣ ਦੀ ਵਿਧੀ ਵੀ ਦੱਸੀ।
ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੌਂਸ ਵੀ ਸਿਖਿਆਰਥੀਆਂ ਨਾਲ ਰੂਬਰੂ ਹੋਏ। ਉਹਨਾਂ ਨੇ ਸਹਾਇਕ ਧੰਧਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਇਸ ਸਿਖਲਾਈ ਵਿੱਚ ਹਿੱਸਾ ਲੈਣ ਲਈ ਧੰਨਵਾਦ ਕੀਤਾ ਅਤੇ ਇਹ ਵੀ ਅਪੀਲ ਕੀਤੀ ਕਿ ਅਗਾਂਹ ਵੀ ਇਸੇ ਤਰ੍ਹਾਂ ਇਸ ਕੇਂਦਰ ਦੇ ਅਗਲੇਰੇ ਉਲੀਕੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly