HOME ਸਿਵਲ ਹਸਪਤਾਲ ਪਹੁੰਚੀ ਬਸਪਾ, ਮੌਤਾਂ ਲਈ ਆਪ ਸਰਕਾਰ ਤੇ ਸਿਹਤ ਵਿਭਾਗ ਨੂੰ...

ਸਿਵਲ ਹਸਪਤਾਲ ਪਹੁੰਚੀ ਬਸਪਾ, ਮੌਤਾਂ ਲਈ ਆਪ ਸਰਕਾਰ ਤੇ ਸਿਹਤ ਵਿਭਾਗ ਨੂੰ ਜ਼ਿੰਮੇਵਾਰ ਦੱਸਿਆ

2
ਫੋਟੋ ਕੈਪਸ਼ਨ ਸਿਵਲ ਹਸਪਤਾਲ ਜਲੰਧਰ ਵਿਖੇ ਸਿਹਤ ਵਿਭਾਗ ਦੇ ਡਾਇਰੈਕਟਰ ਨਾਲ ਮਰੀਜ਼ਾਂ ਦੀ ਹੋਈਆ ਮੌਤਾਂ ਬਾਰੇ ਗੱਲਬਾਤ ਕਰਦੇ ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ। ਨਾਲ ਹਨ ਬਸਪਾ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ।

ਜਲੰਧਰ ਸਿਵਲ ਹਸਪਤਾਲ ਵਿੱਚ ਤਿੰਨ ਮਰੀਜ਼ਾਂ ਦੀ ਮੌਤ ਦਾ ਮਾਮਲਾ

ਸਿਵਲ ਹਸਪਤਾਲ ਵਿੱਚ ਪ੍ਰਬੰਧ ਤੇ ਇਲਾਜ ਪੱਖੋਂ ਬਹੁਤ ਮਾੜੇ ਹਾਲਾਤ : ਡਾ. ਕਰੀਮਪੁਰੀ

ਜਲੰਧਰ   (ਸਮਾਜ ਵੀਕਲੀ)   ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਬਸਪਾ ਵੱਲੋਂ ਅੱਜ ਸੋਮਵਾਰ ਨੂੰ ਜਲੰਧਰ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ, ਜਿੱਥੇ ਬੀਤੇ ਦਿਨੀਂ ਟਰੋਮਾ ਸੈਂਟਰ ਦੇ ਆਕਸੀਜਨ ਪਲਾਂਟ ਵਿੱਚ ਖਰਾਬੀ ਹੋਣ ਕਰਕੇ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ। ਪੀੜਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਅਤੇ ਸੂਬਾ ਸਰਕਾਰ ਤੇ ਸਿਹਤ ਵਿਭਾਗ ਖਿਲਾਫ ਰੋਹ ਦਾ ਮੁਜ਼ਾਹਰਾ ਕਰਨ ਲਈ ਬਸਪਾ ਸੂਬਾ ਪ੍ਰਧਾਨ ਆਪਣੀ ਟੀਮ ਦੇ ਨਾਲ ਸਿਵਿਲ ਹਸਪਤਾਲ ਪਹੁੰਚੇ। ਸਿਵਲ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਡਾ. ਕਰੀਮਪੁਰੀ ਨੇ ਕਿਹਾ ਕਿ ਇਸ ਹਸਪਤਾਲ ਵਿੱਚ ਪ੍ਰਬੰਧ ਤੇ ਇਲਾਜ ਪੱਖੋਂ ਬਹੁਤ ਮਾੜੇ ਹਾਲਾਤ ਹਨ। ਮਰੀਜ ਬਹੁਤ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਇਸ ਤਰ੍ਹਾਂ ਦੀ ਸਥਿਤੀ ਕਰਕੇ ਹੀ ਲੋਕਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਆਪ ਸਰਕਾਰ ਜਿੱਥੇ ਇੱਕ ਪਾਸੇ ਸਿਹਤ ਕ੍ਰਾਂਤੀ ਦੀ ਗੱਲ ਕਰ ਰਹੀ ਆ, ਉੱਥੇ ਜ਼ਮੀਨੀ ਪੱਧਰ ‘ਤੇ ਹਾਲਾਤ ਬਿਲਕੁਲ ਲੋਕਾਂ ਦੇ ਖਿਲਾਫ ਹਨ। ਜਲੰਧਰ ਵਰਗੇ ਵੱਡੇ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਵੀ ਲੋਕਾਂ ਲਈ ਇਲਾਜ ਦੀ ਸਹੀ ਵਿਵਸਥਾ ਨਹੀਂ ਹੈ। ਮੌਕੇ ‘ਤੇ ਉਨ੍ਹਾਂ ਸਿਹਤ ਵਿਭਾਗ ਦੇ ਡਾਇਰੈਕਟਰ ਨਾਲ ਵੀ ਸਿਵਲ ਹਸਪਤਾਲ ਵਿੱਚ ਗੱਲਬਾਤ ਕੀਤੀ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਤਿੰਨ ਲੋਕਾਂ ਦੀ ਮੌਤ ਦੇ ਲਈ ਸੂਬਾ ਸਰਕਾਰ ਤੇ ਸਿਹਤ ਵਿਭਾਗ ਜ਼ਿੰਮੇਵਾਰ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਵੀ ਇਸ ਘਟਨਾ ਲਈ ਜ਼ਿੰਮੇਵਾਰ ਹਨ। ਡਾ. ਕਰੀਮਪੁਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਜਲੰਧਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਮੇਂ-ਸਮੇਂ ‘ਤੇ ਸਿਵਲ ਹਸਪਤਾਲ ਦੀ ਜਾਂਚ ਕਰਨ, ਪਰ ਉਨ੍ਹਾਂ ਵੱਲੋਂ ਆਪਣੀ ਇਹ ਜ਼ਿੰਮੇਵਾਰੀ ਨਹੀਂ ਨਿਭਾਈ ਗਈ। ਇਸ ਕਰਕੇ ਇੱਥੇ ਦਾ ਪ੍ਰਬੰਧ ਇੰਨਾ ਖਸਤਾ ਹਾਲ ਹੋ ਗਿਆ ਕਿ ਤਿੰਨ ਮਰੀਜ਼ਾਂ ਨੂੰ ਆਪਣੀ ਜਾਨ ਗਵਾਉਣੀ ਪਈ। ਸੂਬੇ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਸਗੋਂ ਰੋਜ਼ਾਨਾ ਹੀ ਇਸ ਤਰਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਸੂਬੇ ਵਿੱਚ ਹੀ ਨਕਲੀ ਗਲੂਕੋਜ ਚੜਾਉਣ ਦੀ ਗੱਲ ਸਾਹਮਣੇ ਆਈ ਸੀ। ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਦੇ ਇਲਾਜ ਦਾ ਸਹੀ ਪ੍ਰਬੰਧ ਵੀ ਨਹੀਂ ਕੀਤਾ ਗਿਆ ਹੈ। ਐਕਸਰੇ ਮਸ਼ੀਨਾਂ ਵੀ ਸਹੀ ਕੰਮ ਨਹੀਂ ਕਰਦੀਆਂ, ਸਫਾਈ ਦਾ ਵੀ ਬਹੁਤ ਮਾੜਾ ਹਾਲ ਹੈ ਤੇ ਜ਼ਰੂਰੀ ਸਟਾਫ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੀੜਤ ਪਰਿਵਾਰਾਂ ਨੂੰ 25-25 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇੱਕ-ਇੱਕ ਮੈਂਬਰ ਨੂੰ ਨੌਕਰੀ ਦੇਵੇ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸਰਕਾਰ ਤੇ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ। ਸਰਕਾਰ ਤੇ ਸਿਹਤ ਵਿਭਾਗ ਨੂੰ ਸੂਬੇ ਭਰ ਵਿੱਚ ਹੀ ਸਰਕਾਰੀ ਸਿਹਤ ਵਿਵਸਥਾ ਦੇ ਢਾਂਚੇ ਨੂੰ ਦਰੁਸਤ ਕਰਨਾ ਚਾਹੀਦਾ ਹੈ, ਤਾਂ ਕਿ ਭਵਿੱਖ ਵਿੱਚ ਅਜਿਹੀ ਘਟਨਾ ਨਾ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ ਸੂਬਾ ਕੋਆਰਡੀਨੇਟਰ ਤੀਰਥ ਰਾਜਪੁਰਾ, ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਸੂਬਾ ਸਕੱਤਰ ਜਸਵੰਤ ਰਾਏ, ਜ਼ਿਲ੍ਹਾ ਕੋਆਰਡੀਨੇਟਰ ਜਗਦੀਸ਼ ਦੀਸ਼ਾ, ਵਿਜੇ ਯਾਦਵ, ਕੌਂਸਲਰ ਦਵਿੰਦਰ ਸੂਦ ਗੋਗਾ, ਹਰਮੇਸ਼ ਖੁਰਲਾ ਕਿੰਗਰਾ, ਅਸ਼ੋਕ ਸਈਪੁਰ, ਅਸ਼ੋਕ ਗੋਖਾ, ਬਲਜੀਤ ਮਿੱਠੂ ਬਸਤੀ, ਮਨੀ ਸਹੋਤਾ ਵੀ ਮੌਜ਼ੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸਾਵਣ ਮਹੀਨੇ ਦੇ ਨਵਰਾਤਿਆਂ ਦੌਰਾਨ, ਮਾਂ ਚਿੰਤਪੂਰਨੀ ਜੀ ਦਾ ਆਸ਼ੀਰਵਾਦ ਉਨ੍ਹਾਂ ਦੇ ਭਗਤਾਂ ‘ਤੇ ਹੁੰਦਾ ਹੈ: ਡਾ. ਰਮਨ ਘਈ
Next articleਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਿਰਾਸਤੀ ਕੰਪਲੈਕਸ’ ਸ਼ਹੀਦ ਦੀ ਮਹਾਨ ਵਿਰਾਸਤ ਨੂੰ ਸਦੀਵੀ ਤੌਰ ‘ਤੇ ਕਾਇਮ ਰੱਖੇਗਾ-ਮੁੱਖ ਮੰਤਰੀ