(ਸਮਾਜ ਵੀਕਲੀ)
ਗ਼ਲਤੀ ਹੋ ਜਾਂਦੀ ਏ ਕੋਈ ਜਾਣਬੁੱਝ ਕੇ ਨਹੀਂ ਕਰਦਾ,
ਲੜਾਈ ਹੋ ਜਾਂਦੀ ਏ ਕੋਈ ਜਾਣਬੁੱਝ ਕੇ ਨਹੀਂ ਲੜਦਾ।
ਮਜਬੂਰੀ ਦੇ ਵਿੱਚ ਕਈ ਵਾਰੀ ਵੱਡੇ ਵੱਡੇ ਢਹਿ ਜਾਂਦੇ,
ਉਂਝ ਤਾਂ ਯਾਰੋ ਹਰ ਬੰਦਾ ਦੋ ਲੱਤਾਂ ਤੇ ਹੈ ਖੜ੍ਹਦਾ।
ਆਪਣੇ ਨਾਲ ਜਦ ਬੀਤੀ ਵਿਸ਼ਵਾਸ ਹੋ ਗਿਆ ਏ,
ਪਹਿਲਾਂ ਤਾਂ ਲੋਕਾਂ ਦੇ ਕਿੱਸੇ ਦੂਰੋਂ ਸੀ ਪਿਆ ਪੜਦਾ।
ਨਾ ਚਾਹੁੰਦੇ ਵੀ ਉਹਨਾਂ ਰਾਹੀਂ ਲੰਘਣਾ ਪੈ ਗਿਆ ਏ,
ਜਿੰਨਾਂ ਗਲੀਆਂ ਦੇ ਵਿੱਚ ਬੰਦਾ ਕਦੇ ਨਹੀਂ ਸੀ ਵੜਦਾ।
ਓਏ ਨਹੀਂ ਸੀ ਸੁਣਦਾ ਜਿਹੜਾ ਵੱਡੇ ਖੱਬੀ ਖਾਨਾਂ ਦੀ,
ਅੱਜ ਵਕਤ ਦੇ ਮੂਹਰੇ ਬੌਣਾ ਹਰ ਥਾਂ ਕੋਕੇ ਸੀ ਜੜਦਾ।
ਐਸੇ ਮਾਰੇ ਬੋਲ ਲੋਕਾਂ ਨੇ ਧਰਤੀ ਤੇ ਪਟਕਾ ਸੁੱਟਿਆ,
ਟੀਸੀ ਵਾਲਾ ਬੇਰ ਸੀ ਗੱਭਰੂ ਨਹੀਂ ਕਿਸੇ ਤੋਂ ਝੜਦਾ।
ਚੁੱਪ ਦੇ ਵਿੱਚ ਵੀ ਰਾਜ ਆ ਹੁੰਦੇ ਸਮਝਣ ਵਾਲਾ ਸਮਝੇ,
ਸਬਰ ਦੇ ਘੁੱਟ ਜੋ ਪੀਂਦਾ ਕਿਹੜੇ ਨਾਲ ਹਾਲਾਤਾਂ ਲੜਦਾ।
ਆਪਣਾਂ ਚੰਗਾ ਕਿਸੇ ਦਾ ਮਾੜਾ ਖਹਿਰਾ” ਕਦੇ ਨਾ ਸੋਚੇ,
ਵੇਖ ਤਰੱਕੀ ਲੋਕਾਂ ਦੀ “ਦਿਲਬਾਗ” ਕਦੇ ਨਹੀਂ ਸੜਦਾ।
ਦਿਲਬਾਗ ਸਿੰਘ ਖਹਿਰਾ (ਇਟਲੀ)
ਖਡੂਰ ਸਾਹਿਬ ਵਾਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly