*ਚੱਕਰਵਿਊ*

ਰੋਮੀ ਘੜਾਮੇਂ ਵਾਲ਼ਾ
         (ਸਮਾਜ ਵੀਕਲੀ)
ਬੱਚਾ ਕਰ ਕੋਠੇ ਜੇਡਾ, ‘ਕੱਲਾ  ਭੇਜਤਾ ਕਨੇਡਾ,
ਵੇਖੋ ਸਿਤਮ ਹੈ ਕੇਡਾ। ਕਹਿੰਦੇ ਏਥੇ ਤਾਂ ਨਰਕ ਜੀ।
ਜੀਹਨੇ ਭਰ ਕੇ ਗਿਲਾਸ, ਨਾ ਬੁਝਾਈ ਕਦੇ ਪਿਆਸ,
ਧੋਏ-ਸਾਂਭੇ ਨਾ ਲਿਬਾਸ। ਪੂਰੀ ਰੱਖੀ ਸੀ ਮੜਕ ਜੀ।
ਉੱਥੇ ਪਹੁੰਚਦਿਆਂ ਸਾਰ, ਚਾਰੇ ਪਾਸਿਆਂ ਤੋਂ ਭਾਰ,
ਫੀਸਾਂ, ਭਾੜੇ, ਬਿਲ, ਕਾਰ। ਡਿੱਗੇ ਮੋਢਿਆਂ ‘ਤੇ ਆਣ ਜੀ।
ਪਿਉ ਦਾ ਚੰਦ ਮਾਂ ਦਾ ਲਾਲ, ਹੋਇਆ ਲਾਟੂ ਵਾਲ਼ੀ ਚਾਲ,
ਯਾਨੀ ਹਾਲ ਤੋਂ ਬੇਹਾਲ, ਭੁੱਲੇ ਸੋਣ, ਪੀਣ-ਖਾਣ ਜੀ।
ਕੰਮ ਸੋਖਾ ਨਾ ਥਿਆਵੇ, ਪੂਰਾ ਤਾਣ ਪਰ ਲਾਵੇ,
ਦੋ ਦੋ ਸ਼ਿਫਟਾਂ ‘ਤੇ ਜਾਵੇ। ਕਿੱਲੀ ਰੱਖਦਾ ਏ ਨੱਪ ਕੇ।
ਕੋਈ ਛੱਡਦਾ ਨਾ ਖੋਟ, ਤਾਂ ਵੀ ਖਰਚੇ ਨਾ ਲੋਟ,
ਸਗੋਂ ਰਹੀ ਜਾਂਦੀ ਤੋਟ, ਦਿਨ-ਰਾਤ ਮਰ ਖੱਪ ਕੇ।
ਕਰੇ ਵੀਡੀਓ ‘ਤੇ ਕਾਲ, ਗੱਲ ਮਾਪਿਆਂ ਦੇ ਨਾਲ਼,
ਕਹਿੰਦਾ ਕੈਮ ਹਾਲ ਚਾਲ। ਕਿਸੇ ਗੱਲ ਦੀ ਨਾ ਖੇਦ ਜੀ।
ਮਾਪੇ ਕਹਿਣ ਅਸੀ ਖੁਸ਼, ਬਾਗੋਬਾਗ ਸਭ ਕੁਸ਼,
ਦੋਵੇਂ ਪਾਸੇ ਘੁਸਮੁਸ। ਝੂਠ ਬੋਲਦੇ ਸਫੇਦ ਜੀ।
ਹੈ ਇਹ ਚੱਕਰਵਿਊ ਕਿਹਾ ? ਅਭਿਮਨਿਊ ਦੇ ਜਿਹਾ,
ਦਿਨੋ ਦਿਨ ਵਧ ਰਿਹਾ। ਵਾਂਗੂੰ ਲਾਲੇ ਦੇ ਵਿਆਜ ਦੇ।
ਘੜਾਮੇਂ ਰੁੱਖੀ-ਮਿੱਸੀ ਖਾਹ, ਰੜ੍ਹੀ-ਚੋਪੜੀ ਭੁਲਾ,
ਆਪਾ ਰੋਮੀਆਂ ਬਚਾਅ । ਠੇਕੇ ਲੈ ਨਾ ਸਮਾਜ ਦੇ।
 ਰੋਮੀ ਘੜਾਮੇਂ ਵਾਲ਼ਾ।
  9855281105

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਧਾਰੀ ਅੱਗ
Next article ਏਹੁ ਹਮਾਰਾ ਜੀਵਣਾ ਹੈ -540