ਲੰਬੀ (ਸਮਾਜ ਵੀਕਲੀ): ਮਾਹੂਆਣਾ ਵਿਚਲੇ ਅਕਾਲੀ ਦਲ ਦੇ ਚੋਣ ਦਫ਼ਤਰ ਵਿਚ ਦੋ ਵਰਕਰਾਂ ਨੇ ਪਾਰਟੀ ਦੀ ਸਰਕਲ ਪ੍ਰਧਾਨ ਮਨਜਿੰਦਰ ਕੌਰ ਦੇ ਪਤੀ ਰਾਜ ਸਿੰਘ ਨੂੰ ਜਾਤੀਸੂਚਕ ਸ਼ਬਦ ਬੋਲੇ। ਇਸ ਦੌਰਾਨ ਵਰਕਰਾਂ ਨੇ ਰਾਜ ਸਿੰਘ ਦੀ ਕੁੱਟਮਾਰ ਕਰ ਕੇ ਉਸ ਦੀ ਪੱਗ ਵੀ ਲਾਹ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਬੀਤੀ ਸ਼ਾਮ ਸਾਢੇ ਪੰਜ ਵਜੇ ਦੀ ਹੈ। ਮਨਜਿੰਦਰ ਕੌਰ ਦਾ ਪਤੀ ਰਾਜ ਸਿੰਘ ਮਾਹੂਆਣਾ ਨਹਿਰੀ ਵਿਭਾਗ ’ਚ ਬੇਲਦਾਰ ਹੈ। ਬੀਤੀ ਸ਼ਾਮ ਉਹ ਵੋਟ ਪਾ ਕੇ ਬਾਹਰ ਆਇਆ ਤਾਂ ਉਸ ਨੂੰ ਸੁਨੇਹਾ ਮਿਲਿਆ ਕਿ ਉਸ ਨੂੰ ਪਿੰਡ ਵਿਚਲੇ ਅਕਾਲੀ ਦਲ ਦੇ ਚੋਣ ਦਫ਼ਤਰ ’ਚ ਸੱਦਿਆ ਗਿਆ ਹੈ।
ਰਾਜ ਸਿੰਘ ਮੁਤਾਬਕ ਜਦੋਂ ਉਹ ਗੁਰੇਤਜ ਸਿੰਘ ਦੇ ਮਕਾਨ ’ਚ ਬਣੇ ਦਫ਼ਤਰ ਅੰਦਰ ਗਿਆ ਤਾਂ ਉਥੇ ਅੰਤਰਪ੍ਰੀਤ ਸਿੰਘ ਪੁੱਤਰ ਲਛਮਣ ਸਿੰਘ ਅਤੇ ਇੱਕ ਹੋਰ ਵਿਅਕਤੀ ਉਸ ਨਾਲ ਝਗੜਾ ਕਰਨ ਲੱਗ ਪਏ। ਰਾਜ ਸਿੰਘ ਨੇ ਦੋਸ਼ ਲਗਾਇਆ ਕਿ ਅੰਤਰਪ੍ਰੀਤ ਸਿੰਘ ਨੇ ਉਸ ਲਈ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਕੁੱਟਮਾਰ ਕਰ ਕੇ ਪੱਗ ਲਾਹ ਦਿੱਤੀ। ਬਾਅਦ ’ਚ ਮਨਜਿੰਦਰ ਕੌਰ ਅਤੇ ਹੋਰ ਲੋਕਾਂ ਨੇ ਉਸ ਨੂੰ ਛੁਡਵਾਇਆ। ਰਾਜ ਸਿੰਘ ਨੇ ਕਿਹਾ ਕਿ ਉਸ ਦੀ ਪਤਨੀ ਅਕਾਲੀ ਦਲ ਦੀ ਸਰਕਲ ਪ੍ਰਧਾਨ ਹੋਣ ਕਰ ਕੇ ਮੁਲਜ਼ਮ ਉਸ ਕੋਲੋਂ ਖਾਰ ਖਾਂਦੇ ਹਨ। ਇਸੇ ਕਰ ਕੇ ਉਸ ਦੀ ਬਿਨਾਂ ਕਾਰਨ ਬੇਇੱਜ਼ਤੀ ਅਤੇ ਕੁੱਟਮਾਰ ਕੀਤੀ ਗਈ।
ਉਸ ਨੇ ਦੱਸਿਆ ਕਿ ਲਗਪਗ ਦੋ ਸਾਲ ਪਹਿਲਾਂ ਉਸ ਦੇ ਭਤੀਜੇ ਜਗਮੇਲ ਭੂਰੀ ’ਤੇ ਵੀ ਹਮਲਾ ਕਰਵਾਇਆ ਗਿਆ ਸੀ। ਰਾਜ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਵੱਡੀ ਗਿਣਤੀ ਲੋਕ ਅੱਜ ਲੰਬੀ ਥਾਣੇ ਪਹੁੰਚੇ ਅਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਅਕਾਲੀ ਵਰਕਰ ਅੰਤਰਪ੍ਰੀਤ ਸਿੰਘ ਨੇ ਦੋਸ਼ ਨਕਾਰਦਿਆਂ ਕਿਹਾ ਕਿ ਰਾਜ ਸਿੰਘ ਉਥੇ ਆ ਕੇ ਉਨ੍ਹਾਂ ਨੂੰ ਗਲਤ ਬੋਲਣ ਲੱਗਿਆ। ਇਸ ਦੌਰਾਨ ਉਹ ਉਸ ਦੇ ਤਾਇਆ ਬਲਵਿੰਦਰ ਸਿੰਘ ਦੇ ਕਹੀ ਵੀ ਮਾਰਨ ਲੱਗਿਆ ਸੀ। ਲੰਬੀ ਥਾਣੇ ਦੇ ਮੁਖੀ ਅਮਨਦੀਪ ਸਿੰਘ ਨੇ ਕਿਹਾ ਕਿ ਦੋ ਅਕਾਲੀ ਧਿਰਾਂ ’ਚ ਝਗੜੇ ਦੀ ਸ਼ਿਕਾਇਤ ਮਿਲੀ ਹੈ। ਪੜਤਾਲ ਕਰ ਕੇ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly