(ਸਮਾਜ ਵੀਕਲੀ)
ਮੈਂ ਜਾਣਦਾ ਹਾਂ ਕਿ
ਸੂਹੀ ਲਿਪਸਟਿਕ ਲੱਗੇ
ਤੇਰੇ ਬੁੱਲਾਂ ਉਪਰਲੀ ਇਹ ਮੁਸਕਰਾਹਟ
ਨਕਲੀ ਹੈ।
ਤੇ ਇਹ ਗੱਲ ਮੈਨੂੰ ਤੇਰੇ ਸ਼ਹਿਰ ਦੇ
ਉਦਾਸ ਖੜ੍ਹੇ ਰੁੱਖਾਂ ਤੋਂ ਪਤਾ ਚੱਲੀ ਏ।
ਪੱਤਿਆਂ ਤੇ ਜੰਮੀ ਧੂੰਏ ਦੀ ਕਾਲਖ
ਇਹ ਦੱਸਦੀ ਹੈ ਕਿ
ਉਨ੍ਹਾਂ ਦਾ ਦਮ ਘੁੱਟਦਾ ਹੈ ।
ਪਰ ਉਹ ਚੁੱਪ ਹਨ।
ਬਿੱਲਕੁੱਲ ਤੇਰੇ ਵਾਂਗ।
ਪਰ ਉਹ ਤੇਰੇ ਵਾਂਗ
ਝੂਠੀ ਹਾਸੀ ਨਹੀਂ ਹੱਸ ਸਕਦੇ।
ਭਾਵੇਂ ਖਿੜਦੇ ਹੋਣਗੇ
ਬਹਾਰਾਂ ਦੀ ਰੁੱਤੇ ਫੁੱਲ
ਇਹਨਾਂ ਟਾਹਣੀਆਂ ਤੇ।
ਪਰ ਉਹ ਵੀ ਤਾਂ ਸਹਿਮ ਜਾਂਦੇ ਹੋਣਗੇ
ਟ੍ਰੈਫਿਕ ਹਵਲਦਾਰ ਦੀ ਸੀਟੀ ਸੁਣਕੇ।
ਬਿੱਲਕੁੱਲ ਓਵੇਂ
ਜਿਵੇੰ ਤੂੰ ਵੀ ਦੁਬਕ ਜਾਨੀ ਐਂ
ਆਪਣੇ ਮੈਨੇਜਰ ਦੀ ਘੁਰਕੀ ਸੁਣਕੇ।
ਮੰਨਿਆਂ ਕਿ ਦਲੀਜਾਂ ਬਹੁਤ ਨੇ
ਜਿਵੇੰ ਰੁੱਖਾਂ ਨੂੰ ਜਕੜਿਆ ਹੈ ਜੜ੍ਹਾਂ ਨੇ।
ਪਰ ਰਿਸ਼ਤਾ ਸਿਰਫ ਇੱਕੋ ਹੀ ਤਾਂ ਨਹੀਂ ਹੁੰਦਾ
ਕਿਉਂਕਿ ਬੁੱਲ ਸਿਰਫ ਚੁੰਮਣ ਲਈ ਹੀ ਨਹੀਂ ਹੁੰਦੇ।
ਜਿਵੇੰ ਫੁੱਲਾਂ ਨੂੰ ਸਿਰਫ
ਮਾਸ਼ੂਕਾ ਦੇ ਵਾਲਾਂ ਵਿੱਚ ਹੀ ਨਹੀਂ ਸਜਾਇਆ ਜਾਂਦਾ।
ਇਹ ਰੱਬ ਦੇ ਘਰ ਵੀ ਪ੍ਰਵਾਨ ਚੜ੍ਹਦੇ ਹਨ।
ਬਿਲਕੁੱਲ ਓਵੇਂ,
ਆ,
ਕੋਈ ਗੀਤ ਛੁਹ ਇਹਨਾਂ ਬੁੱਲਾਂ ਨਾਲ।
ਤੇ ਸਫੈਦਿਆਂ ਦੀ ਠੰਢੜੀ ਛਾਵੇਂ
ਭਾਖੜਾ ਦੇ ਨੀਲੇ ਪਾਣੀਆਂ ਵਿੱਚ।
ਰੁੱਖਾਂ ਦੇ ਪੱਤਿਆਂ ਵਾਂਗ ਖੁਸ਼ਕ ਹੋ ਚੁੱਕੇ
ਇਹਨਾਂ ਵਾਲਾਂ ਨੂੰ ਭਿਉਂ ਕੇ
ਐਨੇ ਛਿੱਟੇ ਉਡਾ ਦੇਹ
ਕਿ ਉਹਨਾਂ ਪੱਤਿਆਂ ਤੋਂ
ਧੂੰਏ ਦੀ ਕਾਲਖ ਲਹਿ ਜਾਵੇ
ਤੇ ਮੁਸਕਾਨ,
ਉਹਨਾਂ ਪੱਤਿਆਂ ਦੀ
ਤੇ ਤੇਰੇ ਬੁੱਲਾਂ ਦੀ ਵੀ ਸਾਂਵੀ ਹੋ ਜਾਵੇ।
ਗੁਰਦੀਪ ਕੌਰੇਆਣਾ
9915013953