ਚੀਨ ਵੱਲੋਂ ਅਰੁਣਾਚਲ ’ਤੇ ਮੁੜ ਦਾਅਵਾ

 

  • ਅਰੁਣਾਚਲ ਨੂੰ ਆਪਣੇ ਕਬਜ਼ੇ ਵਾਲੇ ਤਿੱਬਤ ਦਾ ਦੱਖਣੀ ਹਿੱਸਾ ਦੱਸਿਆ

ਨਵੀਂ ਦਿੱਲੀ (ਸਮਾਜ ਵੀਕਲੀ):  ਚੀਨ ਨੇ ਭਾਰਤ ਦੇ ਉੱਤਰ-ਪੂਰਬੀ ਸੂਬੇ ਅਰੁਣਾਚਲ ਪ੍ਰਦੇਸ਼ ਦੀਆਂ 15 ਹੋਰ ਥਾਵਾਂ ਦਾ ਨਾਂ ਆਪਣੇ ਪੱਧਰ ਉਤੇ ਬਦਲ ਦੇਣ ਨੂੰ ਜਾਇਜ਼ ਦੱਸਦਿਆਂ ਦਾਅਵਾ ਕੀਤਾ ਹੈ ਕਿ ਤਿੱਬਤ ਦਾ ਇਹ ਦੱਖਣੀ ਹਿੱਸਾ ਉਸ ਦਾ ‘ ਪ੍ਰਾਚੀਨ ਕਾਲ ਤੋਂ ਅਟੁੱਟ ਅੰਗ’ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਵੀਰਵਾਰ ਅਰੁਣਾਚਲ ਦੀਆਂ 15 ਥਾਵਾਂ ਦਾ ਨਾਂ ਚੀਨ ਵੱਲੋਂ ਬਦਲੇ ਜਾਣ ਉਤੇ ਸਖ਼ਤ ਇਤਰਾਜ਼ ਜਤਾਉਂਦਿਆਂ ਇਸ ਨੂੰ ਰੱਦ ਕਰ ਦਿੱਤਾ ਸੀ। ਭਾਰਤ ਨੇ ਕਿਹਾ ਸੀ ਕਿ ਅਰੁਣਾਚਲ ‘ਹਮੇਸ਼ਾ ਭਾਰਤ ਦਾ ਅਟੁੱਟ ਹਿੱਸਾ ਰਿਹਾ ਹੈ ਤੇ ਰਹੇਗਾ ਅਤੇ ਨਾਂ ‘ਘੜ-ਘੜ ਕੇ ਰੱਖਣ ਨਾਲ ਸੱਚ ਬਦਲ ਨਹੀਂ ਜਾਵੇਗਾ।’ ਚੀਨ ਦੇ ਨਾਗਰਿਕ ਮਾਮਲਿਆਂ ਬਾਰੇ ਮੰਤਰਾਲੇ ਨੇ ਆਪਣੇ ਪੱਧਰ ਉਤੇ ਅਰੁਣਾਚਲ ਦੀਆਂ 15 ਥਾਵਾਂ ਦੇ ਨਾਂ ਬਦਲ ਦਿੱਤੇ ਸਨ ਤੇ ਸੂਬੇ ਨੂੰ ਇਹ ਦੱਖਣੀ ਤਿੱਬਤ ਦੱਸਦਾ ਹੈ। ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗ਼ਚੀ ਨੇ ਕਿਹਾ, ‘ਅਸੀਂ ਅਜਿਹਾ ਪਹਿਲਾਂ ਵੀ ਦੇਖਿਆ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਚੀਨ ਨੇ ਇਸ ਤਰ੍ਹਾਂ ਅਰੁਣਾਚਲ ਪ੍ਰਦੇਸ਼ ਦੀਆਂ ਥਾਵਾਂ ਦਾ ਨਾਂ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਚੀਨ ਅਪਰੈਲ 2017 ਵਿਚ ਵੀ ਅਜਿਹੀ ਕੋਸ਼ਿਸ਼ ਕਰ ਚੁੱਕਾ ਹੈ।’ ਭਾਰਤ ਦੀ ਪ੍ਰਤੀਕਿਰਿਆ ਬਾਰੇ ਪੁੱਛਣ ਉਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਮੀਡੀਆ ਨੂੰ ਕਿਹਾ ਕਿ ‘ਤਿੱਬਤ ਦਾ ਦੱਖਣੀ ਹਿੱਸਾ (ਅਰੁਣਾਚਲ) ਚੀਨ ਦੇ ਤਿੱਬਤੀ ਖ਼ੁਦਮੁਖਤਿਆਰ ਖੇਤਰ ਦਾ ਅੰਗ ਹੈ ਤੇ ਇਹ ਸ਼ੁਰੂ ਤੋਂ ਹੀ ਚੀਨ ਅਧੀਨ ਇਲਾਕਿਆਂ ਵਿਚ ਸ਼ਾਮਲ ਰਿਹਾ ਹੈ।’ ਉਨ੍ਹਾਂ ਕਿਹਾ ਕਿ ‘ਇਲਾਕੇ ਵਿਚ ਬਿਹਤਰ ਪ੍ਰਸ਼ਾਸਕੀ ਗਤੀਵਿਧੀਆਂ ਖਾਤਰ ਯੋਗ ਅਥਾਰਿਟੀ ਢੁੱਕਵੇਂ ਨੇਮਾਂ ਮੁਤਾਬਕ ਇਲਾਕਿਆਂ ਦੇ ਨਾਂ ਰੱਖਦੀ ਹੈ। ਇਹ ਮਾਮਲੇ ਚੀਨ ਦੇ ਅਧਿਕਾਰ ਖੇਤਰ ਵਿਚ ਹਨ ਤੇ ਚੀਨ ਦੀ ਪ੍ਰਭੂਸੱਤਾ ਨਾਲ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ਚੀਨ ਅਰੁਣਾਚਲ ਉਤੇ ਕਈ ਵਾਰ ਆਪਣਾ ਦਾਅਵਾ ਜਤਾ ਚੁੱਕਾ ਹੈ ਜਿਸ ਨੂੰ ਭਾਰਤ ਦਾ ਵਿਦੇਸ਼ ਮੰਤਰਾਲਾ ਖਾਰਜ ਕਰ ਚੁੱਕਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਈ ਵਾਰ ਜ਼ੋਰ ਦੇ ਕੇ ਕਿਹਾ ਹੈ ਕਿ ਸੂਬਾ ਭਾਰਤ ਦਾ ‘ਅਟੁੱਟ ਹਿੱਸਾ ਹੈ।’ ਚੀਨ ਉਦੋਂ ਵੀ ਇਤਰਾਜ਼ ਜਤਾਉਂਦਾ ਹੈ ਜਦ ਕੋਈ ਭਾਰਤੀ ਸਿਆਸੀ ਆਗੂ ਜਾਂ ਉੱਚ ਅਧਿਕਾਰੀ ਅਰੁਣਾਚਲ ਪ੍ਰਦੇਸ਼ ਆਉਂਦਾ ਹੈ। ਦੱਸਣਯੋਗ ਹੈ ਕਿ ਪੂਰਬੀ ਲੱਦਾਖ ਵਿਚ ਵੀ ਭਾਰਤ-ਚੀਨ ਦਰਮਿਆਨ ਸਰਹੱਦੀ ਵਿਵਾਦ ਅਜੇ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਰਸਾ ਨੇ ਦਿੱਲੀ ਕਮੇਟੀ ਤੋਂ ਅਸਤੀਫ਼ਾ ਵਾਪਸ ਲਿਆ
Next articleਭਾਰਤੀ ਸੰਸਦ ਮੈਂਬਰਾਂ ਦੀ ਸ਼ਿਰਕਤ ’ਤੇ ਚੀਨ ਨੂੰ ਇਤਰਾਜ਼