ਪਿਸ਼ਾਵਰ (ਸਮਾਜ ਵੀਕਲੀ): ਅਫ਼ਗ਼ਾਨ ਤਾਲਿਬਾਨ ਨੇ ਚੀਨ ਨੂੰ ਆਪਣਾ ‘ਸਭ ਤੋਂ ਅਹਿਮ ਭਾਈਵਾਲ’ ਕਰਾਰ ਦਿੱਤਾ ਹੈ। ਤਾਲਿਬਾਨ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਦੇ ਪੁਨਰ ਨਿਰਮਾਣ ਲਈ ਉਹ ਪੇਈਚਿੰਗ ਵੱਲ ਨੀਝ ਲਾ ਕੇੇ ਵੇਖ ਰਿਹਾ ਹੈ। ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਜੰਗ ਦੇ ਝੰਬੇ ਮੁਲਕ ਨੂੰ ਵੱਡੇ ਪੱਧਰ ’ਤੇ ਭੁੱਖਮਰੀ ਦਰਪੇਸ਼ ਹੈ ਤੇ ਆਰਥਿਕ ਢਾਂਚਾ ਮੂਧੇ ਮੂੰਹ ਪੈਣ ਦਾ ਡਰ ਹੈ। ਮੁਜਾਹਿਦ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਨੂੰ ਪੈਰਾਂ ਸਿਰ ਕਰਨ ਲਈ ਚੀਨ ਮੁਲਕ ਦੇ ਤਾਂਬਾ ਭੰਡਾਰਾਂ ਨੂੰ ਕੱਢਣ ’ਚ ਸਹਾਇਤਾ ਕਰੇ।
ਉਨ੍ਹਾਂ ਕਿਹਾ ਕਿ ਉਹ ਚੀਨ ਦੀ ‘ਇਕ ਪੱਟੀ, ਇਕ ਰੋਡ’ ਪਹਿਲਕਦਮੀ ਦੀ ਹਮਾਇਤ ਕਰਦੇ ਹਨ। ਜੀਓ ਨਿਊਜ਼ ਨੇ ਮੁਜਾਹਿਦ ਵੱਲੋਂ ਇਕ ਇਤਾਲਵੀ ਰੋਜ਼ਨਾਮਚੇ ਨੂੰ ਦਿੱਤੀ ਇੰਟਰਵਿਊ ਦੇ ਹਵਾਲੇ ਨਾਲ ਕਿਹਾ, ‘‘ਚੀਨ ਸਾਡਾ ਸਭ ਤੋਂ ਅਹਿਮ ਭਾਈਵਾਲ ਹੈ ਤੇ ਸਾਡੇ ਲਈ ਬੁਨਿਆਦੀ ਤੇ ਨਿਵੇਕਲੇ ਮੌਕਿਆਂ ਦੀ ਨੁਮਾਇੰਦਗੀ ਕਰਦਾ ਹੈ, ਕਿਉਂਕਿ ਉਹ ਸਾਡੇ ਮੁਲਕ ਦੇ ਪੁਨਰ ਨਿਰਮਾਣ ਤੇ ਇਥੇ ਨਿਵੇਸ਼ ਕਰਨ ਲਈ ਤਿਆਰ ਹੈ।’’ ਮੁਜਾਹਿਦ ਨੇ ਕਿਹਾ, ‘‘ਮੁਲਕ ਵਿੱਚ ਤਾਂਬਾ ਖਾਣਾਂ ਦਾ ਭੰਡਾਰ ਹੈ, ਚੀਨ ਦੀ ਮਦਦ ਨਾਲ ਇਸ ਨੂੰ ਮੁੜ ਚਾਲੂ ਕਰਕੇ ਆਧੁਨਿਕ ਬਣਾਇਆ ਜਾ ਸਕਦਾ ਹੈ। ਕੁੱਲ ਆਲਮ ਦੇ ਬਾਜ਼ਾਰਾਂ ਤੱਕ ਰਸਾਈ ਲਈ ਚੀਨ ਸਾਡਾ ਲਾਂਘਾ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly