(ਸਮਾਜ ਵੀਕਲੀ) ਬਸੰਤ ਦਾ ਤਿਉਹਾਰ ਪੰਜਾਬ ਦੀ ਖੁਸ਼ੀ ਅਤੇ ਰਵਾਇਤ ਨਾਲ ਜੁੜਿਆ ਹੋਇਆ ਹੈ। ਇਸ ਦਿਨ ਪਤੰਗ ਉਡਾਉਣਾ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ। ਪਰ ਚਾਇਨਾ ਡੋਰ ਨੇ ਇਸ ਖੁਸ਼ੀ ਨੂੰ ਡਰ ਵਿੱਚ ਬਦਲ ਦਿੱਤਾ ਹੈ। ਹਰ ਸਾਲ ਇਸ ਡੋਰ ਨਾਲ ਕਈ ਲੋਕ ਜ਼ਖ਼ਮੀ ਹੋ ਜਾਂਦੇ ਹਨ ਅਤੇ ਬੇਜ਼ੁਬਾਨ ਪੰਛੀਆਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਖ਼ਾਸ ਕਰਕੇ ਦੋਪਹੀਆ ਵਾਹਨ ਚਲਾਉਣ ਵਾਲੇ ਲੋਕ ਇਸ ਡੋਰ ਦਾ ਜਿਆਦਾ ਨਿਸ਼ਾਨਾ ਬਣਦੇ ਹਨ। ਸਰਕਾਰ ਵੱਲੋਂ ਚਾਇਨਾ ਡੋਰ ‘ਤੇ ਪੂਰੀ ਪਾਬੰਦੀ ਹੈ। ਫਿਰ ਵੀ ਇਹ ਸਵਾਲ ਬਣਦਾ ਹੈ ਕਿ ਜਦੋਂ ਇਹ ਡੋਰ ਦੁਕਾਨਾਂ ਤੋਂ ਨਹੀਂ ਮਿਲਦੀ, ਤਾਂ ਫਿਰ ਇਹ ਆਉਂਦੀ ਕਿੱਥੋਂ ਹੈ? ਹਰ ਰੋਜ਼ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਚਾਇਨਾ ਡੋਰ ਨਾਲ ਹੋਏ ਹਾਦਸਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਆ ਰਹੀਆਂ ਹਨ, ਜੋ ਸਾਡੀ ਲਾਪਰਵਾਹੀ ਦਿਖਾਉਂਦੀ ਹੈ। ਪਿਛਲੇ ਸਾਲ ਮੇਰੇ ਆਪਣੇ ਇੱਕ ਭਤੀਜੇ ਨਾਲ ਵਾਪਰੀ ਘਟਨਾ ਨੇ ਮੈਨੂੰ ਅੰਦਰੋਂ ਹਿਲਾ ਦਿੱਤਾ। ਮੋਟਰਸਾਈਕਲ ‘ਤੇ ਜਾਂਦੇ ਸਮੇਂ ਚਾਇਨਾ ਡੋਰ ਨਾਲ ਉਸਦੇ ਗਲੇ ‘ਤੇ ਡੂੰਘਾ ਕੱਟ ਲੱਗ ਗਿਆ। ਥੋੜ੍ਹੀ ਜਿਹੀ ਦੇਰੀ ਨਾਲ ਇਹ ਵੱਡਾ ਹਾਦਸਾ ਵੀ ਬਣ ਸਕਦਾ ਸੀ। ਇਹ ਸਿਰਫ਼ ਮੇਰੇ ਘਰ ਦੀ ਨਹੀਂ, ਸਗੋਂ ਪੰਜਾਬ ਦੇ ਕਈ ਘਰਾਂ ਦੀ ਕਹਾਣੀ ਹੈ। ਹੁਣ ਲੋੜ ਹੈ ਕਿ ਚਾਇਨਾ ਡੋਰ ‘ਤੇ ਲੱਗੀ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਥੋੜ੍ਹੀ ਜਿਹੀ ਮੌਜ ਕਿਸੇ ਦੀ ਜਾਨ ਤੋਂ ਵੱਡੀ ਨਹੀਂ ਹੁੰਦੀ। ਆਓ, ਅਸੀਂ ਸਾਰੇ ਮਿਲ ਕੇ ਸਿਰਫ਼ ਦੇਸੀ ਅਤੇ ਸੁਰੱਖਿਅਤ ਡੋਰ ਵਰਤ ਕੇ ਹੀ ਬਸੰਤ ਦੀ ਖੁਸ਼ੀ ਮਨਾਈਏ।
ਪਵਨ ਕੁਮਾਰ ਅੱਤਰੀ (ਕਪੂਰਥਲਾ)
ਮੋਬਾ. 8427791277
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



