(ਸਮਾਜ ਵੀਕਲੀ) ਬੱਚੇ ਮਨ ਦੇ ਸੱਚੇ।ਮਨ ਦੇ ਸੱਚੇ ਮਤਲਬ ਕਿਸੇ ਵੀ ਤਰ੍ਹਾਂ ਦੀ ਬਣਾਵਟ ਤੇ ਵਿਖਾਲੇ ਤੋਂ ਕੋਹਾਂ ਦੂਰ।ਇਹਨਾਂ ਕੋਮਲ ਪੌਦਿਆਂ ਨੂੰ ਜੇਕਰ ਸਮੇਂ ਸਿਰ ਖਾਦ ਪਾਣੀ ਮਿਲਦਾ ਰਹੇ ਤਾਂ ਫ਼ਲਦਾਰ ਤੇ ਫੁੱਲਦਾਰ ਦਰਖ਼ਤ ਹੋ ਨਿੱਤਰਦੇ ਹਨ। ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਮੁਤਾਬਕ “ਕਿਸੇ ਖਾਣ ਨੂੰ ਅਣਗਹਿਲੀ ਨਾਲ ਸੁੱਟ ਛੱਡਿਆ ਇਨਾ ਘਾਟਾ ਨਹੀਂ ਜਿੰਨਾ ਵਸ਼ਿਸ਼ਠ ਬੱਚੇ ਦੀ ਸ਼ਖਸ਼ੀਅਤ ਅਧੂਰੀ ਰਹਿਣ ਦੇਣ ਵਿੱਚ ਹੈ।”ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਹਰ ਬੱਚਾ ਜੋ ਮਾਨਵੀ ਰੂਪ ਵਿੱਚ ਪੈਦਾ ਹੁੰਦਾ ਹੈ ਵਸ਼ਿਸ਼ਟ ਬੁੱਧੀ ਦੀ ਯੋਗਤਾ ਰੂਪੀ ਖ਼ਜ਼ਾਨੇ ਨਾਲ ਮਾਲਾਮਾਲ ਹੁੰਦਾ ਹੈ। ਪਰ ਇਸਨੂੰ ਬਾਹਰ ਲਿਆਉਣ ਵਿੱਚ ਉਚੇਰਾ ਸਭਿਆਚਾਰਕ ਮਾਹੌਲ ਹੀ ਦਰਕਾਰ ਹੁੰਦਾ ਹੈ।
ਮੁਲਕ ਦੀ ਖੁਸ਼ਹਾਲੀ ਇਹਨਾਂ ਬੱਚਿਆਂ ਤੇ ਹੀ ਅਧਾਰਿਤ ਹੁੰਦੀ ਹੈ ਕਿਉਕਿ ਇਹ ਆਉਣ ਵਾਲੇ ਸਮਾਜ ਦਾ ਭਵਿੱਖ ਹੁੰਦੇ ਹਨ।
ਮਾਨਵੀ ਗੁਣਾਂ ਨਾਲ ਲਬਰੇਜ਼ ਹੋ ਕੇ ਹੀ ਆਦਰਸ਼ ਸਮਾਜ ਦੀ ਸਿਰਜਣਾ ਸੰਭਵ ਹੁੰਦੀ ਹੈ।ਜੇਕਰ ਅੱਜ ਸੱਭਿਆਚਾਰ ਨੂੰ ਖੋਰਾ ਲੱਗ ਰਿਹਾ ਹੈ ਤਾਂ ਉਸਦੇ ਪਿੱਛੇ ਅਨੇਕਾਂ ਕਾਰਨਾਂ ਵਿੱਚੋਂ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਅਜੋਕੇ ਸਮਾਜ ਅੰਦਰ ਬੱਚੇ ਨੈਤਿਕ ਕਦਰਾਂ-ਕੀਮਤਾਂ ਤੋਂ ਸੱਖਣੇ ਰਹਿ ਰਹੇ ਹਨ।ਹਰ ਬੱਚੇ ਦੀ ਸ਼ਖਸ਼ੀਅਤ ਉਸ ਦੇ ਆਪਣੇ ਆਲੇ-ਦੁਆਲੇ ਦੀ ਕ੍ਰਿਤ ਹੁੰਦੀ ਹੈ। ਸਮਾਜ ਦੀ ਸੋਹਣੀ ਤੇ ਸੁਚੱਜੀ ਤਸਵੀਰ ਦਾ ਮੁਢ ਇਹਨਾਂ ਬੱਚਿਆਂ ਤੋਂ ਹੀ ਬੱਝਦਾ ਹੈ।ਜੇਕਰ ਇਹਨਾਂ ਨੂੰ ਨੈਤਿਕਤਾ ਦਾ ਸਬਕ ਸਿਖਾ ਦਿੱਤਾ ਜਾਵੇ ਤਾਂ ਇਹ ਹਰ ਖੇਤਰ ਵਿੱਚ ਬੁਲੰਦੀਆਂ ਵੀ ਹਾਸਿਲ ਕਰਨਗੇ ਤੇ ਸਮਾਜ ਵਿਚ ਯਸ਼ ਦੇ ਪਾਤਰ ਵੀ ਬਣ ਜਾਣਗੇ।
ਇਸ ਗੱਲ ਨੂੰ ਵੀ ਪ੍ਰਵਾਨ ਕਰਨਾ ਪਵੇਗਾ ਕਿ ਬੱਚਾ ਉਹ ਕੁੱਝ ਨਹੀਂ ਕਰਦਾ ਜੋ ਕੁੱਝ ਮਾਂ ਬਾਪ ਕਹਿੰਦੇ ਹਨ ਸਗੋਂ ਬੱਚਾ ਉਹ ਕਰਦਾ ਹੈ ਜੋ ਕੁੱਝ ਮਾਂ ਬਾਪ ਕਰਦੇ ਹਨ।ਜੇਕਰ ਅਸੀਂ ਬੱਚਿਆਂ ਦੇ ਸਾਹਵੇਂ ਮੋਬਾਇਲ ਆਦਿ ਵਧੇਰੇ ਵਰਤਦੇ ਹਾਂ ਤਾਂ ਬੱਚਾ ਵੀ ਮੋਬਾਇਲ ਵਰਤੇਗਾ ਪ੍ਰੰਤੂ ਜੇਕਰ ਅਸੀਂ ਇਹਨਾਂ ਸਾਹਵੇਂ ਕਿਤਾਬ ਆਦਿਕ ਪੜ੍ਹਦੇ ਹਾਂ ਤਾਂ ਬੱਚਾ ਵੀ ਪ੍ਰਭਾਵ ਗ੍ਰਹਿਣ ਕਰੇਗਾ।ਇਸ ਲਈ ਬੱਚੇ ਸੱਭਿਅਕ ਸਮਾਜ ਦੇ ਸਿਰਜਕ ਹੁੰਦੇ ਹਨ।ਸੋ ਜੇਕਰ ਅਸੀਂ ਅਜਿਹਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਸੁੱਚਜੇ ਵਿਵਹਾਰ ਰਾਹੀਂ ਬੱਚਿਆਂ ਨੂੰ ਸਿੱਖਿਅਤ ਕਰਨਾ ਪਵੇਗਾ।
– ਪ੍ਰੋਫ਼ੈਸਰ ਸੌਰਵ ਦਾਦਰੀ
84277-31983
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly