ਬੱਚਿਆਂ ਵਿੱਚ ਖ਼ਤਮ ਹੋ ਰਿਹਾ ਹੈ ਨਾਨਕੇ ਜਾਣ ਦਾ ਚਾਅ

ਰਾਜਿੰਦਰ ਸਿੰਘ ਝੁਨੀਰ

(ਸਮਾਜ ਵੀਕਲੀ)

ਜਦੋਂ ਛੋਟੇ ਛੋਟੇ ਹੁੰਦੇ ਸੀ ਤਾਂ ਨਾਨਕਿਆਂ ਦਾ ਨਾਂ ਸੁਣ ਕੇ ਸਰੂਰ ਜਿਹਾ ਚੜ ਜਾਂਦਾ ਸੀ।ਗਰਮੀ ਸਰਦੀ ਦੀਆਂ ਛੁੱਟੀਆਂ ਹੋਣ ਦੀ ਉਡੀਕ ਜੇਹੀ ਰਹਿੰਦੀ ਕਿ ਕਦੋਂ ਹੋਣਗੀਆਂ। ਉਂਗਲਾਂ ਦੇ ਪੋਟਿਆਂ ਤੇ ਦਿਨ ਗਿਣਦੇ ਰਹਿੰਦੇ। ਜਦੋਂ ਛੁੱਟੀਆਂ ਬਿਲਕੁਲ ਨੇੜੇ ਆ ਜਾਂਦੀਆਂ ਤਾਂ ਤਿਆਰੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਜਾਂਦੀ ਸੀ। ਫੁੱਲਾਂ ਵਾਲੇ ਝੋਲੇ ਵਿੱਚ ਕੱਪੜੇ ਅਤੇ ਕਿਤਾਬਾਂ ਕਾਪੀਆਂ ਨੂੰ ਤੁੰਨ ਲਿਆ ਜਾਂਦਾ ਸੀ।ਆਖਰ ਛੁੱਟੀਆਂ ਵਾਲਾ ਦਿਨ ਆ ਜਾਂਦਾ ਤਾਂ ਨਾਨਕੇ ਜਾਣ ਦਾ ਚਾਅ ਡੁੱਲ ਡੁੱਲ ਪੈਂਦਾ ਸੀ। ਧਰਤੀ ਤੇ ਪੈਰ ਨਹੀਂ ਸਨ ਲਗਦੇ। ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਜਿਸ ਦਿਨ ਛੁੱਟੀਆਂ ਹੁੰਦੀਆਂ ਉਸੇ ਦਿਨ ਹੀ ਨਾਨਕੇ ਜਾਇਆ ਜਾਵੇ।ਬੱਸ ਵਿੱਚ ਬੈਠ ਕੇ ਸ਼ੀਸ਼ੇ ਵਾਲੇ ਪਾਸੇ ਬੈਠਣ ਦੀ ਜਿੱਦ ਕਰਨਾ।

ਆਖਰ ਮਾਂ ਨਾਲ ਨਾਨਕੇ ਘਰ ਪਹੁੰਚ ਜਾਂਦੇ। ਮਾਂ ਤੋਂ ਝੋਲਾ ਫੜ ਕੇ ਛੋਟੀਆਂ ਛੋਟੀਆਂ ਲੱਤਾਂ ਨਾਲ ਲੰਮੀਆਂ ਲੰਮੀਆਂ ਪੁਲਾਂਘਾਂ ਪੁਟਦੇ ਜਾਂ ਭੱਜਦੇ ਹੋਏ ਮਾਂ ਤੋਂ ਪਹਿਲਾਂ ਹੀ ਨਾਨਕੇ ਘਰ ਪਹੁੰਚ ਜਾਂਦੇ। ਜੇਕਰ ਆਪਣੇ ਪਿਤਾ ਨਾਲ ਨਾਨਕੇ ਘਰ ਜਾਂਦੇ ਤਾਂ ਪਿਤਾ ਜੀ ਲਈ ਮੰਜੇ ਉਪਰ ਹੱਥੀ ਕੱਢੀ ਹੋਈ ਚਾਦਰ ਵਛਾਈ ਜਾਂਦੀ। ਗਰਮੀ ਦੇ ਦਿਨਾਂ ਵਿੱਚ ਵਿਹੜੇ ਵਿੱਚ ਪਾਣੀ ਛਿੜਕਿਆ ਜਾਂਦਾ।ਪਿਤਾ ਜੀ ਦੀ ਸਪੈਸ਼ਲ ਆਓ ਭਗਤ ਕੀਤੀ ਜਾਂਦੀ।

ਮਾਮਿਆਂ ਦੇ ਮੁੰਡੇ ਕੁੜੀਆਂ ਦਾ ਵੀ ਚਾਅ ਨਹੀਂ ਸੀ ਚੱਕਿਆ ਜਾਂਦਾ। ਚਾਹ ਪਾਣੀ ਪੀਤੇ ਬਿਨਾਂ ਹੀ ਮਾਮਿਆਂ ਦੇ ਮੁੰਡੇ ਕੁੜੀਆਂ ਨਾਲ ਖੇਡਣ ਲੱਗ ਜਾਣਾ। ਲਗਭਗ ਹਰ ਘਰ ਵਿੱਚ ਪੀਘ ਪਾਈ ਹੁੰਦੀ ਸੀ।ਉੱਚੀ ਉੱਚੀ ਪੀਘ ਚੜਾਉਣਾ। ਆਪਣੀ ਵਾਰੀ ਲਈ ਬੱਚਿਆਂ ਨਾਲ ਲੜਨਾ, ਰੁਸਣਾ। ਲੇਕਿਨ ਏਹ ਰੁਸਣਾ ਲੜਨਾ ਸਥਾਈ ਨਹੀਂ ਹੁੰਦਾ ਸੀ ਪਲ ਬਾਅਦ ਹੀ ਸੁਲਾਹ ਹੋ ਜਾਣੀ। ਕੁੜੀਆਂ ਨੇ ਗੀਟੇ ਖੇਡਣਾ,ਪੀਚੋ ਬੱਕਰੀ ਖੇਡਣਾ, ਮੁੰਡਿਆਂ ਨੇ ਗੁੱਲੀ ਡੰਡਾ,ਕੰਚ ਦੀਆਂ ਗੋਲੀਆਂ ਨਾਲ ਖੇਡਣਾ,ਪਿੱਠੂ, ਖਿੱਦੋ ਖੂੰਡੀ ਖੇਡਣਾ। ਈਂਗਣ ਮੀਂਗਣ ਕਰਦੇ ਰਹਿਣਾ।
ਰਾਤ ਨੂੰ ਨਾਨੀ ਦੀਆਂ ਬਾਤਾਂ ਸੁਣਦੇ ਸੁਣਦੇ ਕਦੋਂ ਰਾਤ ਬੀਤ ਜਾਂਦੀ ਪਤਾ ਹੀ ਨਹੀਂ ਚਲਦਾ। ਘਰ ਛੋਟੇ ਹੁੰਦੇ ਸੀ ਲੇਕਿਨ ਦਿਲ ਬਹੁਤ ਵੱਡੇ ਹੁੰਦੇ ਸੀ।ਪਤਾ ਨਹੀਂ ਐਨੇ ਜਣੇ ਛੋਟੇ ਘਰਾਂ ਵਿੱਚ ਕਿਵੇਂ ਸਮਾ ਜਾਂਦੇ ਸਨ।

ਕੌਣ ਕਿੱਥੇ ਪੈ ਗਿਆ ਕੁਝ ਪਤਾਂ ਨਹੀ ਚਲਦਾ ਸੀ ਕਿਉਂਕਿ ਘਰਾਂ ਦੇ ਵਿੱਚ ਨਾਂ ਐਨੇ ਕਮਰੇ ਹੁੰਦੇ ਸਨ। ਨਾਂ ਗਰਮੀ ਲਗਦੀ ਸੀ ਨਾਂ ਸਰਦੀ ਲਗਦੀ ਸੀ।ਸਿਖਰ ਦੁਪਹਿਰੇ ਸਾਇਕਲ ਦੇ ਟਾਇਰ ਜਾਂ ਚੱਕੇ ਨੂੰ ਛਟੀ ਦੇ ਡੰਡੇ ਨਾਲ ਰੋੜਦੇ ਫਿਰਨਾ। ਨਾਂ ਪੈਰ ਮੱਚਣੇ ਨਾਂ ਪਸੀਨਾ ਆਉਣਾ ਨਾਂ ਪਿਆਸ ਲੱਗਦੀ। ਏਹ ਤਾਂ ਜਦੋਂ ਦੇ ਥੋੜਾ ਪੜ ਲਿਖ ਗਏ ਤਾਪਮਾਨ ਦੀ ਡਿਗਰੀ ਦਾ ਪਤਾ ਲੱਗ ਗਿਆ ਫਿਰ ਗਰਮੀ ਵੀ ਲੱਗਣ ਲੱਗ ਪਈ ਤੇ ਸਰਦੀ ਵੀ। ਖੇਤਾਂ ਦੇ ਵੱਟਾ ਬੰਨਿਆਂ ਤੇ ਮੋਰਾਂ ਵਾਂਗੂ ਪੈਲਾਂ ਪਾਉਂਦੇ ਫਿਰਨਾ। ਕਦੋਂ ਛੁੱਟੀਆਂ ਬੀਤ ਜਾਂਦੀਆਂ ਪਤਾਂ ਹੀ ਨਹੀਂ ਚਲਦਾ। ਨਾਨਕੇ ਘਰ ਤੋਂ ਵਾਪਸ ਪਰਤਣਾ ਤਾਂ ਦਿਲ ਨਾਂ ਕਰਦਾ ਜਾਣ ਨੂੰ।ਖੁਦ ਵੀ ਰੋਣਾਂ ਅਤੇ ਮਾਮਿਆਂ ਦੇ ਜਵਾਕਾਂ ਨੇ ਵੀ ਰੋਣਾਂ।ਵਾਪਸ ਆ ਕੇ ਕਈ ਦਿਨ ਜੀਅ ਨਾਂ ਲਗਦਾ। ਹੌਲੀ ਹੌਲੀ ਜ਼ਿੰਦਗੀ ਵਾਪਸ ਉਸੇ ਲੀਹ ਤੇ ਆ ਜਾਂਦੀ।

ਅੱਜਕਲ੍ਹ ਬੱਚਿਆਂ ਵਿੱਚ ਨਾਨਕੇ ਘਰ ਜਾਣ ਦਾ ਚਾਅ ਲਗਭਗ ਖਤਮ ਹੋ ਗਿਆ। ਕਿਉਂਕਿ ਬੱਚਿਆਂ ਕੋਲ ਮਨੋਰੰਜਨ ਦੇ ਸਾਧਨ ਬਹੁਤ ਹਨ। ਮੋਬਾਈਲ, ਲੈਪਟਾਪ, ਵੀਡੀਓ ਗੇਮ,ਟੀਵੀ ਤੇ ਸਾਰਾ ਦਿਨ ਗੁਜ਼ਾਰ ਲੈਂਦੇ ਨੇ। ਹੁਣ ਛੁੱਟੀਆਂ ਵਿੱਚ ਨਾਨਕੇ ਘਰ ਨਹੀਂ ਵਾਟਰ ਪਾਰਕ, ਸ਼ਿਮਲਾ ਮਨਾਲੀ ਜਾਂ ਹੋਰ ਸਥਾਨਾਂ ਤੇ ਜਾਇਆਂ ਜਾਂਦਾ ਹੈ।

ਹੁਣ ਕੋਈ ਟਾਵਾਂ-ਟੱਲਾ ਜੁਆਕ ਹੀ ਛੁੱਟੀਆਂ ਵਿਚ ਨਾਨਕੇ ਘਰ ਛੁੱਟੀਆਂ ਮਨਾਉਣ ਜਾਂਦਾ ਹੋਵੇਗਾ। ਕਿਉਂਕਿ ਅੱਜ ਦੀ ਸਖ਼ਤ ਪੜ੍ਹਾਈ ਕਾਰਨ ਸਕੂਲੀ ਛੁੱਟੀਆਂ ਵਿਚ ਵੀ ਟਿਊਸ਼ਨ ਤੋਂ ਛੁੱਟੀਆਂ ਨਹੀਂ ਮਿਲਦੀਆਂ। ਫਿਰ ਵਿਚਾਰਾ ਜੁਆਕ ਜਾਵੇ ਕਦੋਂ? ਬੱਚਿਆਂ ਦੀ ਜ਼ਿੰਦਗੀ ਹੁਣ ਸਰਲ ਨਹੀਂ ਰਹੀ। ਬੱਚਿਆਂ ਦੇ ਉਪਰ ਪੜਾਈ ਪ੍ਰਤੀਸ਼ਤ ਦਾ ਬੋਝ ਪਾਇਆ ਹੋਇਆ ਹੈ। ਮਾਂ ਬਾਪ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਬੱਚੇ, ਬੱਚੇ ਹਨ ਕੋਈ ਸਬਜ਼ੀਆਂ ਨਹੀਂ ਕਿ ਟੀਕੇ ਲਗਾ ਕੇ ਵਧਾ ਲਵੋਂਗੇ।

ਇਸੇ ਕਰ ਕੇ ਜਵਾਕਾਂ ਦਾ ਹੁਣ ਨਾਨਾ-ਨਾਨੀ, ਮਾਮੇ-ਮਾਮੀਆਂ ਤੇ ਉਨ੍ਹਾਂ ਦੇ ਬੱਚਿਆਂ ਨਾਲ ਉਹੋ ਜਿਹਾ ਨਿੱਘਾ ਰਿਸ਼ਤਾ ਨਹੀਂ ਰਿਹਾ ਜੋ 20-25 ਸਾਲ ਪਹਿਲਾਂ ਹੁੰਦਾ ਸੀ। ਬਸ ਫੋਕੀ ਜਹੀ ਫਤਿਹ ਜਾਂ ਹੈਲੋ ਹਾਏ ਹੁੰਦੀ ਹੈ। ਜੇ ਜਾਣਾ ਵੀ ਹੋਵੇ ਤਾਂ ਬਸ ਇਕ-ਦੋ ਦਿਨ ਦੂਰ ਦੇ ਮਹਿਮਾਨਾਂ ਵਾਂਗ ਨਿਆਣੇ ਜਾ ਕੇ ਮੁੜ ਆਉਂਦੇ ਹਨ। ਹਾਲੇ ਵੀ ਚਾਹੀਦਾ ਹੈ ਰਿਸ਼ਤਿਆਂ ਦਾ ਨਿੱਘ ਬੱਚੇ ਮਾਣਨ। ਰਿਸ਼ਤਿਆਂ ਨੂੰ ਜਾਨਣ। ਪੜਾਈ ਦੇ ਬੋਝ ਥੱਲੇ ਦੱਬੇ ਬੱਚੇ ਆਪਣੀ ਸਿਹਤ ਗੁਆ ਰਹੇ ਹਨ । ਛੁੱਟੀਆਂ ਵਿੱਚ ਕੁਝ ਦਿਨ ਆਪਣੇ ਨਾਨਕੇ ਘਰ ਜ਼ਰੂਰ ਜਾਣ ਅਤੇ ਖੁੱਲ ਕੇ ਅਜ਼ਾਦੀ ਨਾਲ ਆਪਣੀ ਜ਼ਿੰਦਗੀ ਜਿਉਂ ਸਕਣ।

ਜਾਣਾ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਰਿਸ਼ਤਿਆਂ ਵਿੱਚ ਮੋਹ ਬਣਿਆ ਰਹੇ। ਕਿਉਂਕਿ ਜੇਕਰ ਪੌਦੇ ਲਾ ਕੇ ਭੁੱਲ ਜਾਈਏ ਤਾਂ ਸੁੱਕ ਜਾਂਦੇ ਨੇ।ਇਸ ਲਈ ਰਿਸ਼ਤਿਆਂ ਨੂੰ ਵੀ ਪਿਆਰ ਦੇ ਪਾਣੀ ਦੀ ਜ਼ਰੂਰਤ ਹੁੰਦੀ ਤਾਂ ਕਿ ਉਹ ਵਧ ਫੁੱਲ ਸਕਣ।

ਰਾਜਿੰਦਰ ਝੁਨੀਰ
97791-98462

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਂਤੀ ਦੇ ਪੁੰਜ
Next articleਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਇਆ