ਉਮਰਾਂ ਕਰ ਗਈਆਂ ਬਚਪਨ ਨਾਲ ਛੇੜਖਾਨੀ

(ਸਮਾਜ ਵੀਕਲੀ)

ਜਦੋਂ ਵੀ ਕਦੇ ਕਿਸੇ ਘਰ ਔਲਾਦ ਪੈਦਾ ਹੁੰਦੀ ਹੈ ਉਸ ਘਰ ਦਾ ਚਾਅ ਚੱਕਿਆ ਨਹੀਂ ਜਾਂਦਾ ।ਉਹ ਨਵਾਂ ਆਇਆ ਮਹਿਮਾਨ ਘਰ ਵਿੱਚ ਰਾਜਿਆਂ ਦੀ ਤਰਾਂ ਬੜੇ ਹੀ ਖੁਸ਼ੀਆਂ ਭਰੇ ਮਾਹੌਲ ਵਿੱਚ ਆਉਂਦਾ ਹੈ ਜਾਂ ਕੋਈ ਨੰਨ੍ਹੀ ਪਰੀ ਘਰ ਵਿੱਚ ਆਈ ਲੱਛਮੀ ਦੀ ਤਰਾਂ ਲੱਗਦੀ ਹੈ। ਇੱਕ ਰਾਜਿਆਂ ਵਾਲੀ ਉਮਰ ਹੁੰਦੀ ਹੈ ਓਹ ਜਦੋਂ ਅਸੀਂ ਬਚਪਨ ਵਿੱਚ ਪੈਰ ਧਰਦੇ ਹਾਂ। ਹੋਲੀ ਹੋਲੀ ਸਮਾਂ ਪਾ ਕੇ ਬੱਚਾ ਜਦ ਚੱਲਣ ਫਿਰਨ ਜੋਗਾ ਹੋ ਜਾਂਦਾ ਫਿਰ ਉਸਨੂੰ ਬਹੁਤ ਕਾਹਲੀ ਹੁੰਦੀ ਹੈ ਕਿ ਓਹ ਬਾਹਰਲੀ ਦੁਨੀਆਂ ਵਿੱਚ ਜਾਵੇ ਅਤੇ ਆਪਣੀ ਉਮਰ ਦੇ ਬੱਚਿਆਂ ਨਾਲ ਖ਼ੂਬ ਖੇਡੇ। ਇਸੇ ਤਰਾਂ ਹੀ ਅਸੀਂ ਸਭ ਨੇ ਜਿਹੜਾ ਬਚਪਨ ਦਾ ਸਮਾਂ ਲੰਘਾਇਆ ਉਸ ਤੋਂ ਸਾਰੇ ਹੀ ਵਾਕਿਫ ਹਨ।ਓਹ ਸੁਨਿਹਰੀ ਸਮਾਂ ਜਦੋਂ ਯਾਦ ਆਉਂਦਾ ਤਾਂ ਉਸ ਸਮੇਂ ਵਿੱਚ ਮੁੜ ਜਾਣ ਨੂੰ ਹਰ ਕਿਸੇ ਦਿਲ ਕਰਦਾ ਹੈ।

ਕਿਵੇਂ ਬਚਪਨ ਦੇ ਓਹ ਪਲ ਜਦੋਂ ਕੋਈ ਹੋਰ ਸਾਡਾ ਟਾਈਮ ਖਰਾਬ ਕਰਨ ਦਾ ਸਾਧਨ ਹੀ ਨਹੀਂ ਸੀ ।ਸਾਡੇ ਕੋਲ ਪੂਰਾ ਸਮਾਂ ਹੁੰਦਾ ਸੀ ਖੇਡਾਂ ਖੇਡਣ ਦਾ, ਤਾਂ ਹੀ ਓਹ ਬਚਪਨ ਦਾ ਸਮਾਂ ਓਹਨਾਂ ਨੂੰ ਨਹੀਂ ਭੁੱਲਦਾ ਜਿਹੜੇ ਅੱਜ ਤੀਹ ਸਾਲ ਦੇ ਹੋ ਚੁੱਕੇ ਹਨ ਜਾਂ ਵੱਡੇ ਹਨ। ਓਹ ਸਮਾਂ ਅਜਿਹਾ ਸੀ ਜਦੋਂ ਰਾਤਾਂ ਹੋਣ ਤੱਕ ਬਾਹਰ ਗਲੀਆਂ ਵਿੱਚ ਇਕੱਠੇ ਹੀ ਬੱਚੇ ਬੱਚੀਆਂ ਖੇਡੀ ਜਾਂਦੇ ਸਨ। ਉਸ ਟਾਈਮ ਦੀ ਖੇਡ ਬਾਂਦਰ ਕੀਲਾ ਖੇਡਦੇ ਸਮੇਂ ਕਿਵੇਂ ਇੱਕ ਬੰਦੇ ਦਾ ਮਾਰ ਮਾਰ ਕੇ ਮੂੰਹ ਲਾਲ ਕਰ ਦਿੰਦੇ ਅਤੇ ਓਹ ਵਿਚਾਰਾ ਮਾਰ ਖਾਣ ਵਾਲਾ ਭੋਰਾ ਗੁੱਸਾ ਨਾ ਕਰਦਾ ਉਲਟਾ ਹੱਸ ਕੇ ਕਹਿੰਦਾ ਹੁਣ ਨੀ ਚੱਕਣ ਦਿੰਦਾ ਇੱਕ ਵੀ ਚੱਪਲ ,ਹੁਣ ਆਓ ਤੁਸੀਂ , ਪਰ ਦੁਬਾਰਾ ਫੇਰ ਭੰਨਿਆ ਜਾਂਦਾ ਸੀ।

ਖ਼ੂਬ ਮਸਤੀ ਦੇ ਦਿਨ ਸੀ ਓਹ! ਕਿਵੇਂ ਓਹਨਾਂ ਦਿਨਾਂ ਵਿੱਚ ਕੋਟਲਾ ਛਪਾਕੀ ਖੇਡਦੇ ਖੇਡਦੇ ਰਾਤ ਪੈ ਜਾਣੀ ਅਤੇ ਘਰੋਂ ਅਵਾਜਾਂ ਪੈਣ ਤੇ ਹੀ ਵਾਪਿਸ ਜਾਂਦੇ। ਕਿਵੇਂ ਡੂਮਣਾ ਮਖਿਆਲ, ਪਿਠੂ , ਭੰਡਾ ਭੰਡਾਰੀਆ, ਅੰਨਾ ਝੋਟਾ, ਊਚ ਨੀਚ, ਰੱਸੀ ਟੱਪਣਾ ਹੋਰ ਕਈ ਖੇਡਾਂ ਬਚਪਨ ਵਿੱਚ ਖੇਡਣੀਆਂ ਅੱਜ ਯਾਦਾਂ ਵਿੱਚ ਹੀ ਬਾਕੀ ਹਨ। ਓਹ ਸਮਾਂ ਹੁੰਦਾ ਪੂਰੀਆਂ ਮੌਜਾਂ ਕਰਨ ਦਾ । ਕਿਵੇਂ ਰਾਤਾਂ ਨੂੰ ਓਹ ਬਚਪਨ ਰੂੰ ਵਾਲੀਆਂ ਸੂਤੀ ਕੱਪੜੇ ਦੀਆਂ ਰਜਾਈਆਂ ਵਿੱਚ ਬੇਫ਼ਿਕਰ ਇੱਕ ਮਹਾਰਾਜੇ ਦੀ ਤਰਾਂ ਗੂੜ੍ਹੀ ਨੀਂਦ ਆਪਣੀ ਹੀ ਦੁਨੀਆਂ ਦੇ ਸੁਪਨੇ ਲੈਂਦਾ ਸੌ ਜਾਣਾ। ਇਹ ਸਮਾਂ ਬਿਲਕੁੱਲ ਰਾਜਿਆਂ ਵਰਗਾ ਹੁੰਦਾ, ਕਿਓਂ ਕਿ ਬਚਪਨ ਵਿੱਚ ਨਾ ਕੋਈ ਫ਼ਿਕਰ ਨਾ ਕੋਈ ਚਿੰਤਾ ਖੁੱਲ੍ਹੇ ਦਿਲ ਨਾਲ ਖੇਡੀ ਜਾਣਾ । ਕਿਸੇ ਦੇ ਵਿਆਹ ਤੇ ਲੱਡੂ ਜਲੇਬੀਆਂ ਅਤੇ ਬਰਫੀ ਪਕੌੜਿਆਂ ਨੂੰ ਰੱਜ ਰੱਜ ਕੇ ਖਾਣਾ ਤੇ ਓਦੋਂ ਪਤਾ ਵੀ ਨਹੀਂ ਸੀ ਲਗਦਾ ਕਿੰਨਾ ਖਾ ਕੇ ਵੀ ਕਦੇ ਪੇਟ ਭਾਰਾ ਨਹੀਂ ਸੀ ਹੁੰਦਾ । ਕਿਸੇ ਦੀ ਬਰਾਤ ਹੋਣੀ ਓਹ ਬੱਚਿਆਂ ਦਾ ਬਰਾਤ ਵਾਲੀ ਬੱਸ ਵਿੱਚ ਚੋਰੀ ਛੁਪੇ ਚੜ੍ਹ ਜਾਣਾ ।

ਓਥੇ ਪਹੁੰਚ ਕੇ ਹੀ ਪਤਾ ਲੱਗਦਾ ਆਈ ਕਿ ਸਾਰੇ ਮੁਹੱਲੇ ਦੇ ਬੱਚੇ ਬਰਾਤ ਵਿੱਚ ਤੁਰੇ ਫਿਰਦੇ ਨੇ । ਨਵੇਂ ਨਵੇਂ ਆਏ ਕੋਲਡ ਡਰਿੰਕ ਖ਼ੂਬ ਚਾੜਨੇ। ਬਰਾਤ ਤੋਂ ਵਾਪਸੀ ਤੇ ਪੂਰੀ ਮਸਤੀ ਵਿੱਚ ਆਉਂਦੇ ਜਿਵੇਂ ਕੋਈ ਜੰਗ ਜਿੱਤ ਲਈ ਹੋਵੇ। ਵਿਆਹ ਖਤਮ ਹੋਣ ਤੇ ਵੀ ਵਿਆਹ ਵਾਲੇ ਘਰ ਵਿੱਚ ਪੁੱਠੀਆਂ ਸਿੱਧੀਆਂ ਛਾਲਾਂ ਤਾਂ ਬਚਪਨ ਹੀ ਮਾਰ ਸਕਦਾ। ਕਿਵੇਂ ਦੋ ਰੁਪਏ ਹੋਣ ਤੇ ਵੀ ਚਾਅ ਜਿਹਾ ਚੜ ਜਾਂਦਾ ਸੀ ਜਿਹੜਾ ਅੱਜ ਦੇ ਸਮੇਂ ਹਜ਼ਾਰ ਜੇਬ ਵਿੱਚ ਹੋਣ ਤੇ ਵੀ ਨਹੀਂ ਆਉਂਦਾ। ਕਿਵੇਂ ਓਹ ਦੋ ਰੁਪਏ ਦੀਆਂ ਮਿੱਠੀਆਂ ਗੋਲੀਆਂ ਕਿੰਨੀਆਂ ਹੀ ਚੱਕੀ ਫਿਰਦੇ ਸੀ। ਸਿਰਫ ਇੱਕ ਕਿਸਮ ਦੇ ਸਸਤੇ ਜਿਹੇ ਬਿਸਕੁਟ ਹੀ ਖੁਸ਼ੀ ਦੇ ਦਿੰਦੇ। ਘਰ ਵਿੱਚ ਆਇਆ ਮਠਿਆਈ ਦਾ ਡੱਬਾ ਵਾਰ ਵਾਰ ਗੇੜੇ ਲਗਾ ਕੇ ਜਿੰਨਾ ਚਿਰ ਖਤਮ ਨਹੀਂ ਹੁੰਦਾ ਸੀ ਗੇੜਾ ਖਤਮ ਨਹੀਂ ਸੀ ਹੁੰਦਾ।

ਓਦੋਂ ਕੋਈ ਪਰਹੇਜ਼ ਨਹੀਂ ਹੁੰਦਾ ਜਿੰਨਾ ਮਰਜ਼ੀ ਮਿੱਠਾ ਖਾਓ ਚਾਹੇ ਖੱਟੀਆਂ ਇਮਲੀਆਂ , ਢਾਈ ਰੁਪਏ ਵਾਲੇ ਪੂਰਾ ਛੋਟੀਆਂ ਬਰਫੀਆਂ ਦਾ ਪੈਕੇਟ ਤੋੜ ਤੋੜ ਕੇ ਟੁਕੜੇ ਖਾਈ ਜਾਣੇ। ਬੜਾ ਅਨੰਦ ਆਉਂਦਾ ਸੀ ਜਦੋਂ ਕੋਈ ਫਿਲਮ ਪੂਰੀ ਦੇਖ ਲੈਣੀ ਬਚਪਨ ਵਿੱਚ। ਸਾਰਾ ਦਿਨ ਖੇਡੀ ਜਾਣਾ ਨਾਲੇ ਪੜਾਈ ਵੀ ਕਰ ਲੈਣੀ ਸਮਾਂ ਨਹੀਂ ਸੀ ਮੁੱਕਦਾ। ਛੁੱਟੀਆਂ ਬਚਪਨ ਵਿੱਚ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਸੀ ਪਹਿਲਾਂ ਹੀ ਸਾਰੀ ਸੈਟਿੰਗ ਕਰ ਲੈਣੀ ਕੀ ਕਿਹੜੀ ਰਿਸ਼ਤੇਦਾਰੀ ਵਿੱਚ ਕਿੰਨੇ ਦਿਨ ਰਹਿਣਾ। ਨਾਨਕਿਆਂ ਲਈ ਛੁੱਟੀਆਂ ਤਾਂ ਵੱਧ ਹੀ ਰੱਖਦੇ ਸੀ ਸਭ ਬੱਚੇ । ਓਥੇ ਖ਼ੂਬ ਖਾਣ ਪੀਣ ਨੂੰ ਚੀਜਾਂ ਮਿਲਦੀਆਂ।

ਬਚਪਨ ਵਿੱਚ ਖ਼ੂਬ ਦੱਬ ਕੇ ਖਾਣਾ ਪੀਣਾ ਅਤੇ ਢੋਲੇ ਦੀਆਂ ਲਾਉਣੀਆਂ ਵੱਡੀ ਉਮਰ ‘ ਚ ਤਾਂ ਸਭ ਭੁੱਲ ਹੀ ਜਾਂਦੇ ਨੇ। ਕਿੰਨੀਆਂ ਮੌਜਾਂ ਕਰਦਾ ਬਚਪਨ ਵਿੱਚ ਓਹ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦੀਆਂ। ਜਿਹੜੀ ਖੁਸ਼ੀ ਬਚਪਨ ਦੀ ਸੀ ਓਹ ਅੱਗੇ ਆ ਕੇ ਮੁੱਕ ਗਈ ਲਗਦੀ ਹੈ ਭਾਵੇਂ ਅਸੀਂ ਅੱਜ ਖੁਦ ਕਮਾਉਣ ਲੱਗ ਪਏ ਹਾਂ ਪਰ ਬਚਪਨ ਦੀ ਬੇਫਿਕਰੀ, ਅਜ਼ਾਦੀ ਵੱਡੀ ਉਮਰ ਦੇ ਵੱਸ ਦੀ ਗੱਲ ਨਹੀਂ । ਜਿਵੇਂ ਜਿਵੇਂ ਉਮਰਾਂ ਵਧਦੀਆਂ ਗਈਆਂ ਓਹ ਪਿਆਰਾ ਸਮਾਂ ਅਤੇ ਬਚਪਨ ਦੀਆਂ ਖੁਸ਼ੀਆਂ ਵੀ ਹੌਲੀ ਹੌਲੀ ਗਾਇਬ ਹੋ ਗਈਆਂ। ਹੁਣ ਤਾਂ ਸਿਰਫ ਇਹੀ ਕਹਿ ਸਕਦੇ ਹਾ ਕਿ ਉਮਰਾਂ ਕਰ ਗਈਆਂ ਕੈਲੰਡਰਾਂ ਨਾਲ ਛੇੜਖਾਨੀ ਓਹ ਖੇਡਾਂ ਦਾ ਸਮਾਂ ਫ਼ਿਕਰਾਂ ਚ ਲੰਘ ਜਾਂਦਾ ਹੈ।

ਇਹ ਸਮਾਂ ਹੁਣ ਵਾਪਿਸ ਨਹੀਂ ਆ ਸਕਦਾ ਪਰ ਅਸੀਂ ਥੋੜਾ ਜਿਹਾ ਬਚਪਨ ਦੇ ਸਾਥੀਆਂ ਨਾਲ ਗੁਜਾਰੀਏ ਤਾਂ ਓਹਨਾਂ ਪਲਾਂ ਨੂੰ ਯਾਦ ਕਰ ਕੇ ਧੁਰ ਅੰਦਰੋਂ ਖੁਸ਼ ਹੋ ਸਕਦੇ ਹਾਂ। ਸਾਨੂੰ ਆਪਣੇ ਅੰਦਰਲੇ ਬਚਪਨ ਨੂੰ ਜਿਉਂਦਾ ਰੱਖਣਾ ਪਵੇਗਾ। ਹੋ ਸਕਦਾ ਇਹ ਔਖਾ ਸਮਾਂ ਸੌਖਾ ਲੰਘ ਜਾਵੇ।

ਧਰਮਿੰਦਰ ਸਿੰਘ ਮੁੱਲਾਂਪੁਰੀ

987200461

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਨਾਨਕ ਸਾਹਿਬ ਜੀ ਅਤੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਖੂਨਦਾਨ ਕੈਂਪ ਲਗਾਇਆ
Next articleਆਨਲਾਈਨ ਪੜ੍ਹਾਈ