ਚੰਡੀਗੜ੍ਹ (ਸਮਾਜ ਵੀਕਲੀ): ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਪਾਰਟੀ ਦੇ ਅੱਠ ਉਮੀਦਵਾਰਾਂ ਦੀ ਆਖਰੀ ਸੂਚੀ ਵੀ ਐਲਾਨ ਦਿੱਤੀ ਹੈ। ਚੋਣ ਕਮੇਟੀ ਦੇ ਇੰਚਾਰਜ ਮੁਕੁਲ ਵਾਸਨਿਕ ਵੱਲੋਂ ਜਾਰੀ ਸੂਚੀ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਖ਼ਵੇਂ ਹਲਕੇ ਭਦੌੜ ਤੋਂ ਵੀ ਚੋਣ ਮੈਦਾਨ ਵਿਚ ਉਤਰਨਗੇ| ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਆਪਣੇ ਜੱਦੀ ਹਲਕਾ ਚਮਕੌਰ ਸਾਹਿਬ ਤੋਂ ਵੀ ਚੋਣ ਮੈਦਾਨ ਵਿਚ ਹਨ ਜਿੱਥੇ ਉਨ੍ਹਾਂ ਨੇ ਕਈ ਦਿਨਾਂ ਤੋਂ ਚੋਣ ਪ੍ਰਚਾਰ ਵਿੱਢਿਆ ਹੋਇਆ ਹੈ|
ਕਾਂਗਰਸ ਪਾਰਟੀ ਨੇ ਅੱਜ ਆਖ਼ਰੀ ਸੂਚੀ ਵਿਚ ਤਿੰਨ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਹੈ| ਅਟਾਰੀ ਹਲਕੇ ਤੋਂ ਮੌਜੂਦਾ ਵਿਧਾਇਕ ਤਰਸੇਮ ਸਿੰਘ ਡੀਸੀ ਦੀ ਥਾਂ ਪਾਰਟੀ ਨੇ ਤਰਸੇਮ ਸਿੰਘ ਸਿਆਲਕਾ ਨੂੰ ਉਮੀਦਵਾਰ ਐਲਾਨਿਆ ਹੈ ਜਦਕਿ ਨਵਾਂ ਸ਼ਹਿਰ ਹਲਕੇ ਤੋਂ ਵਿਧਾਇਕ ਅੰਗਦ ਸਿੰਘ ਦੀ ਥਾਂ ’ਤੇ ਪਾਰਟੀ ਨੇ ਸਤਬੀਰ ਸਿੰਘ ਸੈਣੀ ਪੱਲੀ ਝਿੱਕੀ ਨੂੰ ਟਿਕਟ ਦਿੱਤੀ ਹੈ| ਇਸੇ ਤਰ੍ਹਾਂ ਜਲਾਲਾਬਾਦ ਹਲਕੇ ਤੋਂ ਮੌਜੂਦਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਟਿਕਟ ਕੱਟ ਕੇ ਮੋਹਨ ਸਿੰਘ ਫਲੀਆਂਵਾਲਾ ਨੂੰ ਪਾਰਟੀ ਉਮੀਦਵਾਰ ਬਣਾਇਆ ਹੈ|
ਆਖਰੀ ਅੱਠ ਉਮੀਦਵਾਰਾਂ ਦੀ ਸੂਚੀ ’ਚ ਖੇਮਕਰਨ ਹਲਕੇ ਤੋਂ ਸੁਖਪਾਲ ਸਿੰਘ ਭੁੱਲਰ, ਪਟਿਆਲਾ ਤੋਂ ਵਿਸ਼ਨੂੰ ਸ਼ਰਮਾ ਅਤੇ ਬਰਨਾਲਾ ਤੋਂ ਮਨੀਸ਼ ਬਾਂਸਲ ਨੂੰ ਉਮੀਦਵਾਰ ਐਲਾਨਿਆ ਹੈ| ਪਾਰਟੀ ਨੇ ਬਰਨਾਲਾ ਤੋਂ ਸਾਬਕਾ ਮੰਤਰੀ ਪਵਨ ਬਾਂਸਲ ਦੇ ਲੜਕੇ ਨੂੰ ਉਮੀਦਵਾਰ ਬਣਾਇਆ ਹੈ ਜਦਕਿ ਬਰਨਾਲਾ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਕੇਵਲ ਸਿੰਘ ਢਿੱਲੋਂ ਦੀ ਟਿਕਟ ਕੱਟ ਦਿੱਤੀ ਗਈ ਹੈ ਜਿਨ੍ਹਾਂ ਨੇ 2012 ਵਿਚ ਆਪਣੇ ਵਿਰੋਧੀ ਨੂੰ ਹਰਾ ਕੇ 46.39 ਫੀਸਦੀ ਵੋਟ ਹਾਸਲ ਕੀਤੀ ਸੀ| ਬਰਨਾਲਾ ਤੋਂ ਢਿੱਲੋਂ ਦੀ ਟਿਕਟ ਕੱਟੇ ਜਾਣ ਤੋਂ ਵਰਕਰਾਂ ਵਿਚ ਸਿਆਸੀ ਵਿਰੋਧ ਖੜ੍ਹਾ ਹੋ ਗਿਆ ਹੈ। ਲੁਧਿਆਣਾ ਦੱਖਣੀ ਤੋਂ ਪਾਰਟੀ ਨੇ ਈਸ਼ਵਰਜੋਤ ਸਿੰਘ ਚੀਮਾ ਨੂੰ ਉਮੀਦਵਾਰ ਐਲਾਨਿਆ ਹੈ| ਕਾਂਗਰਸ ਪਾਰਟੀ ਵੱਲੋਂ ਐਲਾਨੀ ਕੁੱਲ 117 ਉਮੀਦਵਾਰਾਂ ਦੀ ਸੂਚੀ ’ਤੇ ਨਜ਼ਰ ਮਾਰੀਏ ਤਾਂ ਪਾਰਟੀ ਨੇ 10 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ ਹੈ ਜਦਕਿ ਕੁੱਲ 11 ਔਰਤਾਂ ਨੂੰ ਟਿਕਟ ਦਿੱਤੀ ਹੈ| ‘ਆਪ’ ’ਚੋਂ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਪੰਜ ਜਣਿਆਂ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ ਜਿਨ੍ਹਾਂ ’ਚ ਫਿਰੋਜ਼ਪੁਰ ਦਿਹਾਤੀ ਤੋਂ ਆਸ਼ੂ ਬਾਂਗੜ, ਮਲੋਟ ਤੋਂ ਰੁਪਿੰਦਰ ਰੂਬੀ, ਭੁਲੱਥ ਤੋਂ ਸੁਖਪਾਲ ਖਹਿਰਾ, ਜਗਰਾਓਂ ਤੋਂ ਜੱਗਾ ਹਿੱਸੋਵਾਲ ਅਤੇ ਨਕੋਦਰ ਤੋਂ ਡਾ. ਨਵਜੋਤ ਦਾਹੀਆ ਨੂੰ ਟਿਕਟ ਦਿੱਤੀ ਹੈ|
ਵਿਵਾਦਾਂ ਵਿਚ ਘਿਰੇ ਅੱਧੀ ਦਰਜਨ ਚਿਹਰਿਆਂ ਦੀ ਟਿਕਟ ਪਾਰਟੀ ਨੇ ਨਹੀਂ ਕੱਟੀ ਹੈ। ਦੱਸਣਯੋਗ ਹੈ ਕਿ ਨਵਾਂ ਸ਼ਹਿਰ ਤੋਂ ਮੌਜੂਦਾ ਵਿਧਾਇਕ ਅੰਗਦ ਸਿੰਘ ਦੀ ਪਤਨੀ ਆਦਿਤੀ ਸਿੰਘ ਜੋ ਕਿ ਪਹਿਲਾਂ ਯੂਪੀ ਵਿਚ ਕਾਂਗਰਸੀ ਵਿਧਾਇਕ ਸੀ, ਹੁਣ ਭਾਜਪਾ ਵਿਚ ਸ਼ਮੂਲੀਅਤ ਕਰ ਕੇ ਰਾਏਬਰੇਲੀ ਤੋਂ ਭਾਜਪਾ ਉਮੀਦਵਾਰ ਵਜੋੋਂ ਚੋਣ ਲੜ ਰਹੀ ਹੈ| ਸੂਤਰਾਂ ਅਨੁਸਾਰ ਇਸੇ ਕਰ ਕੇ ਅੰਗਦ ਸਿੰਘ ਦੀ ਟਿਕਟ ਕੱਟੀ ਗਈ ਹੈ| ਨਵਾਂ ਸ਼ਹਿਰ ਤੋਂ ਕਾਂਗਰਸ ਨੇ ਅੰਗਦ ਸਿੰਘ ਦੇ ਸਿਆਸੀ ਵਿਰੋਧੀ ਸਮਝੇ ਜਾਂਦੇ ਸਤਬੀਰ ਸਿੰਘ ਪੱਲੀਝਿੱਕੀ ਨੂੰ ਟਿਕਟ ਦਿੱਤੀ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਰਹੇ ਹਨ। ਉਹ ਕੈਪਟਨ ਦੀ ਪਾਰਟੀ ਵਿਚ ਵੀ ਸ਼ਾਮਲ ਹੋ ਗਏ ਸਨ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਸਿਫਾਰਿਸ਼ ’ਤੇ ਅਟਾਰੀ ਤੋਂ ਤਰਸੇਮ ਸਿੰਘ ਸਿਆਲਕਾ ਟਿਕਟ ਲੈਣ ਵਿਚ ਕਾਮਯਾਬ ਹੋਏ ਹਨ| ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ ਨੂੰ ਟਿਕਟ ਦਿਵਾਉਣ ਲਈ ਮੁੱਖ ਮੰਤਰੀ ਚੰਨੀ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ। ਜਲਾਲਾਬਾਦ ਤੋਂ ਟਿਕਟ ਹਾਸਲ ਕਰਨ ਵਾਲੇ ਮੋਹਨ ਸਿੰਘ ਫਲੀਆਂ ਵਾਲਾ ਨੇ 2019 ਵਿਚ ਹੀ ਕਾਂਗਰਸ ਜੁਆਇਨ ਕੀਤੀ ਸੀ| ਪਟਿਆਲਾ ਸ਼ਹਿਰੀ ਤੋਂ ਚੇਅਰਮੈਨ ਲਾਲ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਟਿਕਟ ’ਤੇ ਦਾਅਵਾ ਕੀਤਾ ਜਾ ਰਿਹਾ ਸੀ ਪਰ ਕਾਂਗਰਸ ਨੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿਚੋਂ ਆਏ ਵਿਸ਼ਨੂੰ ਸ਼ਰਮਾ ਨੂੰ ਉਮੀਦਵਾਰ ਬਣਾਇਆ ਹੈ|
ਚੰਨੀ ਦੇ ਦੋ ਹਲਕਿਆਂ ਤੋ ਚੋਣ ਲੜਨ ਨਾਲ ਨਵੀਂ ਚਰਚਾ ਛਿੜੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਦੌੜ ਹਲਕੇ ਤੋਂ ਚੋਣ ਲੜਨ ਦੇ ਫ਼ੈਸਲੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ| ਸੂਤਰਾਂ ਮੁਤਾਬਕ ਚੰਨੀ ਅੰਦਰੋਂ-ਅੰਦਰੀ ਸਮਝਦੇ ਸਨ ਕਿ ਵਿਰੋਧੀ ਧਿਰਾਂ ਕਿਸੇ ਪੜਾਅ ’ਤੇ ਇਕੱਠੀਆਂ ਹੋ ਕੇ ਚਮਕੌਰ ਸਾਹਿਬ ਹਲਕੇ ਤੋਂ ਘੇਰਾਬੰਦੀ ਕਰ ਸਕਦੀਆਂ ਸਨ ਅਤੇ ਉਹ ਸਿਆਸੀ ਤੌਰ ’ਤੇ ਅਸੁਰੱਖਿਅਤ ਮਹਿਸੂਸ ਕਰਦੇ ਹੋ ਸਕਦੇ ਹਨ| ਪਾਰਟੀ ਸੂਤਰ ਆਖਦੇ ਹਨ ਕਿ ‘ਆਪ’ ਦੇ ਮਾਲਵਾ ਖ਼ਿੱਤੇ ਵਿਚ ਅਸਰ ਨੂੰ ਪ੍ਰਭਾਵਹੀਣ ਕਰਨ ਵਾਸਤੇ ਪਾਰਟੀ ਨੇ ਚੰਨੀ ਨੂੰ ਭਦੌੜ ਤੋਂ ਉਤਾਰਨ ਦਾ ਪੈਂਤੜਾ ਅਪਣਾਇਆ ਹੈ ਤਾਂ ਜੋ ਬਾਕੀ ਹਲਕਿਆਂ ਵਿਚ ਵੀ ਕਾਂਗਰਸ ਨੂੰ ਇਸ ਦਾ ਫ਼ਾਇਦਾ ਮਿਲ ਸਕੇ| ਹਲਕਾ ਭਦੌੜ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਆਪਣੀ ਲੜਕੀ ਲਈ ਤੇ ‘ਆਪ’ ’ਚੋਂ ਕਾਂਗਰਸ ਵਿਚ ਸ਼ਾਮਲ ਹੋਏ ਪਿਰਮਲ ਸਿੰਘ ਵੀ ਟਿਕਟ ਮੰਗ ਰਹੇ ਸਨ|
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly