HOME ਛੋਲੇ ਦੇ ਕੇ ਪਾਸ ਹੋਣਾਂ

ਛੋਲੇ ਦੇ ਕੇ ਪਾਸ ਹੋਣਾਂ

ਗੁਰਦੀਪ ਸਿੰਘ ਮੁਕੱਦਮ

(ਸਮਾਜ ਵੀਕਲੀ)   ‘ ਛੋਲੇ ਦੇ ਕੇ ਪਾਸ ਹੋਇਆਂ ?’ ਅੱਜ ਇਹ ਮੁਹਾਵਰਾ ਅਲੋਪ ਜਿਹਾ ਹੋ ਗਿਆ ਹੈ। ਕੁੱਝ ਸਮਾਂ ਪਹਿਲਾਂ ਤੱਕ,ਜਦੋਂ ਕਿਸੇ ਪੜੇ ਲਿਖੇ ਸੱਜਣ ਤੋਂ ਕੁਝ ਪੜਿਆ ਨਾਂ ਜਾਣਾਂ ਤਾਂ ਬਜੁਰਗਾਂ ਵਲੋਂ ਆਮ ਹੀ ਕਿਹਾ ਜਾਂਦਾ ਸੀ ਕਿ ‘ ਛੋਲੇ ਦੇ ਕੇ ਪਾਸ ਹੋਇਆਂ ? ਤੇਰੇ ਤੋਂ ਅਸੀਂ ਅਨਪੜ੍ਹ ਚੰਗੇ ਆਂ।’ 1960-61 ਤੱਕ ਪਿੰਡਾਂ ਚ ਪ੍ਰਾਇਮਰੀ ਸਕੂਲ ਹੀ ਹੋਇਆ ਕਰਦੇ ਸਨ। (ਪਹਿਲਾਂ ਪ੍ਰਾਇਮਰੀ ਸਕੂਲ 4 ਕਲਾਸਾਂ ਤੱਕ ਸੀ,ਫਿਰ 5 ਕਲਾਸਾਂ ਤੱਕ ਕਰ ਦਿੱਤੇ ਗਏ ਸਨ) ਤੇ 80% ਤੋਂ ਜਿਆਦਾ ਪਿੰਡ ਵਾਸੀ ਕਿਸਾਨੀ ਕਰਿਆ ਕਰਦੇ ਸਨ। ਤੇ ਆਪਣਾਂ ਨਾਂ ਵੀ ਮੁਸ਼ਕਿਲ ਨਾਲ ਹੀ ਲਿਖ ਸਕਿਆ ਕਰਦੇ ਸਨ। ਤੇ ਉਹਨਾਂ ਦੀ ਰੀਝ ਸੀ ਉਹਨਾਂ ਦਾ ਬੱਚਾ ਵੀ ਪੜ ਲਿਖ ਕੇ ਕੋਈ ਅਫਸਰ ਬਣੇ। ਇਸ ਲਈ ਉਹ ਆਪਣੇ ਬੱਚੇ ਦੇ ਮਾਸਟਰ (ਅਧਿਆਪਕ) ਨਾਲ ਨੇੜਤਾ ਬਣਾਈ ਰੱਖਦੇ ਸਨ। ਇਸ ਲਈ ਆਪਣੇ ਖੇਤਾਂ ਚ ਪੈਦਾ ਹੋਈ ਹਰ ਚੀਜ਼ ਗੁਰਦੁਆਰਾ ਸਾਹਿਬ ਚੜਾਉਣ ਤੋਂ ਬਾਅਦ ਮਾਸਟਰ ਜੀ ਨੂੰ ਵੀ ਦਿਆ ਕਰਦੇ ਸਨ। ਜਿਸ ਤਰ੍ਹਾਂ ਕਦੇ ਦੁੱਧ ਦੀ ਗੜਵੀ, ਛੱਲੀਆਂ, ਮੂਲੀਆਂ ਆਦਿ।ਜਿਆਦਾ ਤਰ ਮਾਸਟਰ ਸ਼ਹਿਰੀ ਹੋਇਆ ਕਰਦੇ ਸਨ, ਤੇ ਥੋੜ੍ਹੀ ਬਹੁਤ ਨਾਂਹ ਨੁੱਕਰ ਤੋਂ ਬਾਅਦ ਉਹ ਇਹ ਸੱਭ ਲੈ ਲਿਆ ਕਰਦੇ ਸਨ। ਉਹਨਾਂ ਦਿਨਾਂ ਚ ਕਣਕ-ਮੱਕੀ ਹੀ ਮੁੱਖ ਫਸਲ ਹੋਇਆ ਕਰਦੀ ਸੀ। ਹਰ ਕਿਸਾਨ ਘਰੇਲੂ ਜਰੂਰਤ ਮੁਤਾਬਿਕ ਦਾਲਾਂ ਵੀ ਬੀਜਿਆ ਕਰਦਾ ਸੀ। ਤੇ ਛੋਲੇ ਮਾਰੂ ਫਸਲ ਹੋਣ ਕਾਰਨ ਕਾਫੀ ਬੀਜੇ ਜਾਇਆ ਕਰਦੇ ਸਨ। ਕਿਉਂਕਿ ਛੋਲਿਆਂ ਨੂੰ ਛੋਲੂਆ (ਦਾਣੇ) ਪੈਣ ਤੋਂ ਬਾਅਦ ਮਹੀਨਾਂ ਭਰ ਕੱਚੇ ਛੋਲੇ ਘਰ ਚ ਵਰਤੇ ਜਾ ਸਕਦੇ ਹਨ, ਇਸ ਲਈ ਕਿਸਾਨ ਕਈ ਕਈ ਵਾਰ ਮਾਸਟਰ ਜੀ ਨੂੰ ਛੋਲੇ ਦੇ ਆਇਆ ਕਰਦੇ ਸਨ, ਕਦੇ ਸਬਜ਼ੀ ਬਣਾਉਣ ਤੇ ਕਦੇ ਹੋਲਾਂ ਭੁਨੰਣ ਦਾ ਕਹਿ ਕੇ। (ਅੱਜ ਕਲ ਦੇ ਬੱਚਿਆਂ ਨੂੰ ਸ਼ਾਇਦ ਹੋਲਾਂ ਵਾਰੇ ਜਾਣਕਾਰੀ ਹੀ ਨਹੀਂ ਹੈ) ਇਸ ਤਰ੍ਹਾਂ ਡੂੰਘੀ ਨੇੜਤਾ ਹੋਣ ਕਾਰਨ ਮਾਸਟਰ ਜੀ ਬੱਚੇ ਨੂੰ ਫੇਲ੍ਹ ਨਹੀਂ ਕਰਿਆ ਕਰਦੇ ਸਨ। ਸਾਇਦ ਇੱਥੋਂ ਹੀ ਇਹ ਮੁਹਾਵਰਾ ਬਣ ਗਿਆ ਕਿ ‘ ਛੋਲੇ ਦੇ ਕੇ ਪਾਸ ਹੋਇਆਂ?’  ਕੁੱਝ ਦਿਨ ਪਹਿਲਾਂ ਮੈ ਪੰਚਾਇਤੀ ਥਾਂ ਬਣਾਈ ਲਾਇਬ੍ਰੇਰੀ ਲਈ ਬਿਜਲੀ ਕੁਨੈਕਸ਼ਨ ਅਪਲਾਈ ਕਰਨਾ ਸੀ। ਬਿਜਲੀ ਬੋਰਡ ਦੇ ਕਨੂੰਨ ਮੁਤਾਬਕ ਇਸ ਲਈ ਪਿੰਡ ਪੰਚਾਇਤ ਵੱਲੋਂ ਇਸ ਬਾਬਤ ਪਾਸ ਕੀਤੇ ਗਏ ਮਤੇ ਦੀ ਜਰੂਰਤ ਸੀ। ਜਦੋਂ ਮੈ ਫਾਇਲ ਤਿਆਰ ਕਰਵਾ ਕੇ ਬਿਜਲੀ ਵਿਭਾਗ ਦੇ ਸਬੰਧਤ ਅਧਿਕਾਰੀ ਕੋਲ ਗਿਆ ਤਾਂ  ਉਸ ਨੇ ਪੰਚਾਇਤੀ ਮਤੇ ਤੇ ਅੜਿੱਕਾ ਡਾਹ ਲਿਆ। ਕਿਉਂਕਿ ਪੰਚਾਇਤ ਵਲੋੰ ਮਤਾ ਪ੍ਰਵਾਨ ਕੀਤਾ ਗਿਆ ਲਿਖਿਆ ਗਿਆ ਸੀ। ਤੇ ਬਿਜਲੀ ਅਧਿਕਾਰੀ ਕਹਿ ਰਿਹਾ ਸੀ ਕਿ ਇਹ ਮਤਾ ਪ੍ਰਵਾਨ ਕੀਤਾ ਗਿਆ ਹੈ,ਨਾ ਕਿ ਪਾਸ ਕੀਤਾ ਗਿਆ ਹੈ। ਇਸ ਨੂੰ ਪਾਸ ਕਰਵਾ ਕੇ ਲਿਆਓ।ਬਹੁਤ ਸਮਝਾਉਣ ਤੋਂ ਬਾਅਦ ਵੀ ਜਦੋਂ ਉਹ ਨਾਂ ਸਮਝਿਆ ਤਾਂ ਅਚਾਨਕ ਮੇਰੇ ਮੂੰਹੋਂ ਨਿਕਲ ਗਿਆ ਕਿ ‘ ਛੋਲੇ ਦੇ ਕੇ ਪਾਸ ਹੋਇਆਂ?’ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਇਹ ਵੀ ਨਹੀਂ ਸਮਝ ਸਕਿਆ ਕਿ ਮੈਂ ਉਸ ਨੂੰ ਕਹਿ ਕੀ ਰਿਹਾਂ ਹਾਂ।
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਵਿਦਿਆਰਥੀ ਕੌਂਸਲ ਕਮੇਟੀ ਦੀ ਚੋਣ ,ਅਰਸ਼ਦੀਪ ਹੈੱਡ ਬੁਆਏ ਤੇ ਪਾਰੁਲ ਸ਼ਰਮਾ ਹੈੱਡ ਗਰਲ ਚੁਣੀ
Next articleਦੁਸ਼ਮਣ ਪਾਣੀ ਦੀ ਇੱਕ ਬੂੰਦ ਵੀ ਨਹੀਂ ਖੋਹ ਸਕਦਾ… ਅਸੀਂ ਤੁਹਾਨੂੰ ਅਜਿਹਾ ਸਬਕ ਸਿਖਾਵਾਂਗੇ ਕਿ ਤੁਸੀਂ ਇਸਨੂੰ ਜ਼ਿੰਦਗੀ ਭਰ ਯਾਦ ਰੱਖੋਗੇ, ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਧਮਕੀ ਦਿੱਤੀ ਹੈ