ਸੁਕਮਾ (ਸਮਾਜ ਵੀਕਲੀ): ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੇ ਕੈਂਪ ਵਿੱਚ ਇੱਕ ਜਵਾਨ ਨੇ ਆਪਣੇ ਸਾਥੀਆਂ ’ਤੇ ਗੋਲੀ ਚਲਾ ਦਿੱਤੀ। ਇਸ ਘਟਨਾ ’ਚ ਚਾਰ ਜਵਾਨਾਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ ਹਨ। ਸੂਬੇ ਦੇ ਬਸਤਰ ਖੇਤਰ ਦੇ ਆਈਜੀ ਪੁਲੀਸ ਸੁੰਦਰਰਾਜ ਪੀ. ਨੇ ਸੋਮਵਾਰ ਨੂੰ ਦੱਸਿਆ ਕਿ ਜਵਾਨ ਰਿਤੇਸ਼ ਰੰਜਨ ਨੇ ਸੁਕਮਾ ਜ਼ਿਲ੍ਹੇ ਦੇ ਮਰਾਇਗੁਡਾ ਥਾਣਾ ਖੇਤਰ ਦੇ ਅਧੀਨ ਲਿੰਗਨਾਪੱਲੀ ਪਿੰਡ ਵਿੱਚ ਸਥਿਤ ਸੀਆਰਪੀਐੱਫ ਦੀ 50ਵੀਂ ਬਟਾਲੀਅਨ ਦੇ ਕੈਂਪ ਵਿੱਚ ਆਪਣੇ ਸਾਥੀਆਂ ’ਤੇ ਗੋਲੀਬਾਰੀ ਕੀਤੀ, ਜਿਸ ਕਾਰਨ ਚਾਰ ਜਵਾਨਾਂ ਧਨਜੀ, ਰਾਜੀਬ ਮੰਡਲ, ਰਾਜਮਣੀ ਕੁਮਾਰ ਯਾਦਵ ਅਤੇ ਧਰਮਿੰਦਰ ਕੁਮਾਰ ਦੀ ਮੌਤ ਹੋ ਗਈ ਹੈ ਅਤੇ ਤਿੰਨ ਹੋਰ ਜਵਾਨ ਧਨੰਜੈ ਕੁਮਾਰ ਸਿੰਘ, ਧਰਮਾਤਮਾ ਕੁਮਾਰ ਅਤੇ ਮਲਯ ਰੰਜਨ ਮਹਾਰਾਣਾ ਜ਼ਖ਼ਮੀ ਹੋ ਗਏ ਹਨ।
ਸੁੰਦਰਰਾਜ ਨੇ ਦੱਸਿਆ ਕਿ ਇਹ ਘਟਨਾ ਅੱਜ ਤੜਕੇ ਕਰੀਬ 3.15 ਵਜੇ ਵਾਪਰੀ ਜਦੋਂ ਜਵਾਨ ਰਿਤੇਸ਼ ਨੇ ਝਗੜੇ ਤੋਂ ਬਾਅਦ ਆਪਣੀ ਏ.ਕੇ.-47 ਰਾਈਫਲ ਨਾਲ ਹੋਰ ਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮ ਨੂੰ ਫੜ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਗੋਲੀਬਾਰੀ ਕਰਨ ਵਾਲਾ ਭਾਵਨਾਮਤਕ ਤਣਾਅ ਤੋਂ ਪੀੜਤ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly