ਛੱਜਾ ਡਿੱਗਿਆ ਕਿਸਮਤ ਪੰਜਾਬ ਦੀ ‘ਤੇ ਫੱਟੜ ਮਹਾਰਾਜਾ ਨੌਨਿਹਾਲ ਹੋਇਆ।

(ਸਮਾਜ ਵੀਕਲੀ) ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ (ਸ਼ੇਰ-ਏ-ਪੰਜਾਬ) ਵੱਲੋਂ ਆਪਣੇ ਰਾਜ ਭਾਗ ਦੇ ਵਾਰਸ ਬਣਾਏ ਸਭ ਤੋਂ ਵੱਡੇ ਪੁੱਤਰ ਮਹਾਰਾਜਾ ਖੜਕ ਅਤੇ ਉਨ੍ਹਾਂ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ (ਪੁੱਤਰ ਮਹਾਰਾਜਾ ਖੜਕ ਸਿੰਘ) ਅੱਜ ਦੇ ਹੀ ਦਿਨ (5ਨਵੰਬਰ, 1840) ਡੋਗਰਿਆਂ ਦੀਆਂ ਸਾਜ਼ਸ਼ਾਂ ਦੇ ਕਰਕੇ ਕਤਲ ਹੋਏ। ਮਹਾਰਾਜਾ ਖੜਕ ਸਿੰਘ 3 ਮਹੀਨੇ, 11 ਦਿਨ ਰਾਜ ਕਰਨ ਪਿੱਛੋਂ ਜਦੋਂ 8 ਅਕਤੂਬਰ 1839 ਈਸਵੀ ਵਾਲੇ ਦਿਨ ਜਦੋਂ ਨਜ਼ਰਬੰਦ ਕਰ ਲਏ ਤਾਂ ਡੋਗਰੇ ਧਿਆਨ ਸਿੰਘ ਦੀ ਨਿਗਰਾਨੀ ਵਿੱਚ ਰੱਖੇ ਗਏ, ਜਿੱਥੇ ਸ਼ਾਹੀ ਹਕੀਮ ਨਾਲ ਮਿਲ ਕੇ ਧਿਆਨ ਸਿੰਘ ਦੇ ਹੁਕਮ ‘ਤੇ ਮਹਾਰਾਜੇ ਨੂੰ ਸਫ਼ੈਦ ਕਸਕਰੀ (white lead or the acetate of lead) ਅਤੇ ਰਸ ਕਪੂਰ (corrosive sublimate or the native muriate of mercury) ਵਰਗੇ ਜ਼ਹਿਰ ਖਾਣੇ ਵਿੱਚ ਮਿਲਾ ਕੇ ਦਿੱਤੇ ਜਾਣ ਲੱਗੇ। ਜਿਸ ਕਰਕੇ ਮਹਾਰਾਜਾ ਖੜਕ ਸਿੰਘ ਦਿਨ ਬ ਦਿਨ ਮੌਤ ਦੇ ਮੂੰਹ ਵੱਲ ਜਾਣ ਲੱਗੇ। ਉੱਧਰ ਧਿਆਨ ਸਿੰਘ ਡੋਗਰਾ ਕੰਵਰ ਨੌਨਿਹਾਲ ਸਿੰਘ ਦੇ ਕੰਨ ਭਰਦਾ ਰਹਿੰਦਾ ਕਿ ਤੁਹਾਡੇ ਪਿਤਾ ਜੀ ਤੁਹਾਨੂੰ ਨਜ਼ਰਬੰਦੀ ਵਿੱਚ ਬਦ-ਦੁਆਵਾਂ ਦਿੰਦੇ ਰਹਿੰਦੇ ਹਨ ਤੇ ਅੰਗਰੇਜ਼ਾਂ ਨਾਲ ਜਾ ਮਿਲਣਾ ਚਾਹੁੰਦੇ ਹਨ। ਅਜਿਹੀਆਂ ਗੱਲਾਂ ਨੇ ਪਿਓ-ਪੁੱਤ ਦੇ ਦਿਲ ਇੱਕ ਦੂਜੇ ਕੋਲ਼ੋਂ ਦੂਰ ਕਰ ਦਿੱਤੇ।
ਬੈਠਾ ਖੜਕ ਸਿੰਘ ਬਾਪ ਦੇ ਤਖ਼ਤ ਉੱਤੇ,
ਸਮਾਂ ਤਾੜ ਕਾਨੂੰਨ ਬਦਲਾ ਦਿੱਤਾ।
ਨੀਤ ਵੇਖਕੇ ਡੋਗਰੇ ਧਿਆਨ ਸਿੰਘ ਦੀ,
ਮਹਿਲੀਂ ਜਾਣ ਤੋਂ ਉਹਨੂੰ ਅਟਕਾ ਦਿੱਤਾ।
ਦਗੇਬਾਜ਼ ਵਜ਼ੀਰ ਨੇ ਚਾਲ ਖੇਡੀ,
ਪਾਟਕ ਪਿਓ ਪੁੱਤਰ ਅੰਦਰ ਪਾ ਦਿੱਤਾ।
ਜਾਹਲੀ ਖ਼ਤ ਵਿਖਾਇਕੇ ਕੰਵਰ ਜੀ ਨੂੰ,
ਧਿਆਨ ਸਿੰਘ ਨੇ ਹੱਥਾਂ ਤੇ ਪਾ ਲਿਆ।
ਖੜਕ ਸਿੰਘ ਨੂੰ ਤਖ਼ਤ ਤੋਂ ਲਾਹੁਣ ਬਦਲੇ,
ਮਾਂ ਪੁੱਤ ਦੋਹਾਂ ਨੂੰ ਮਿਲਾ ਲਿਆ।
ਬਿਮਾਰੀ ਦੀ ਹਾਲਤ ਵਿੱਚ ਪਏ ਮਹਾਰਾਜੇ ਨੇ ਧਿਆਨ ਸਿੰਘ ਨੂੰ ਕਈ ਵਾਰ ਬੇਨਤੀ ਕੀਤੀ ਕਿ ਉਸਨੂੰ ਕੰਵਰ ਨੌਨਿਹਾਲ ਨਾਲ ਮਿਲਾ ਦੇਵੇ। ਪਰ ਸਾਜ਼ਸ਼ੀ ਡੋਗਰੇ ਨੇ ਪਿਓ-ਪੁੱਤ ਦਾ ਮੇਲ ਨਾ ਹੋਣ ਦਿੱਤਾ। ਆਖ਼ਰੀ ਸਮੇਂ ਜਦੋਂ ਮਹਾਰਾਜਾ ਖੜਕ ਸਿੰਘ ਬੇਹੋਸ਼ ਹੋਏ ਪਏ ਸਨ ਤਾਂ ਕੰਵਰ ਨੌਨਿਹਾਲ ਸਿੰਘ ਨੂੰ ਬੁਲਾਇਆ ਗਿਆ। 5 ਨਵੰਬਰ 1840 ਈ. ਦੀ ਸਵੇਰ ਵੇਲੇ ਮਹਾਰਾਜਾ ਖੜਕ ਸਿੰਘ ਚਲਾਣਾ ਕਰ ਗਏ।
ਸ਼ੇਰ-ਏ-ਪੰਜਾਬ ਦੀ ਸਮਾਧ ਦੇ ਬਿਲਕੁਲ ਨਾਲ ਮਹਾਰਾਜਾ ਖੜਕ ਸਿੰਘ ਦੀ ਚਿਤਾ ਤਿਆਰ ਕੀਤੀ ਗਈ। ਬਾਅਦ ਦੁਪਿਹਰ ਸ਼ਾਹੀ ਠਾਠ-ਬਾਠ ਨਾਲ ਮਹਾਰਾਜੇ ਦਾ ਸੰਸਕਾਰ ਕੀਤਾ ਗਿਆ, ਚਿਤਾ ਨੂੰ ਲਾਂਬੂ ਕੰਵਰ ਨੌਨਿਹਾਲ ਨੇ ਲਾਇਆ। ਜਦੋਂ ਕੰਵਰ ਨੌਨਿਹਾਲ ਸਿੰਘ ਇੱਥੋਂ ਵਿਹਲਾ ਹੋਇਆ ਤਾਂ ਉਹ ਊਧਮ ਸਿੰਘ (ਗੁਲਾਬ ਸਿੰਘ ਡੋਗਰੇ ਦਾ ਪੁੱਤਰ) ਨੂੰ ਨਾਲ ਲੈ ਕੇ ਕਿਲ੍ਹੇ ਵੱਲ ਤੁਰ ਪਿਆ। ਜਿਸ ਦਰਵਾਜ਼ੇ ਵਿੱਚੋਂ ਲੰਘਣਾ ਸੀ, ਡੋਗਰਿਆਂ ਨੇ ਉਸਦਾ ਛੱਜਾ ਹੇਠੋਂ ਲੰਘਦੇ ਕੰਵਰ ਉੱਪਰ ਸੁੱਟਣ ਲਈ ਉਸਦੀਆਂ ਦਾੜ੍ਹਾਂ ਵਿੱਚ ਬਾਰੂਦ ਭਰਵਾਇਆ ਸੀ। ਜਿਸ ਵੇਲੇ ਕੰਵਰ ਨੌਨਿਹਾਲ ਸਿੰਘ ਅਤੇ ਊਧਮ ਸਿੰਘ ਹੇਠਾਂ ਦੀ ਲੰਘਣ ਲੱਗੇ ਹੀਰਾ ਸਿੰਘ ਦੇ ਇਸ਼ਾਰੇ ਤੇ ਛੱਜੇ ਦੀਆਂ ਦਾੜ੍ਹਾਂ ਵਿੱਚ ਭਰੇ ਬਾਰੂਦ ਨੂੰ ਅੱਗ ਦਿੱਤੀ ਗਈ, ਧਮਾਕਾ ਹੋਇਆ, ਛੱਜਾ ਥੱਲੇ ਡਿੱਗਿਆ  ਤਾਂ ਊਧਮ ਸਿੰਘ ਥਾਂਏ ਮਰ ਗਿਆ ਪਰ ਕੰਵਰ ਨੌਨਿਹਾਲ ਦੇ ਕੰਨ ਦੇ ਪਿਛਲੇ ਪਾਸੇ ਮਾਮੂਲੀ ਜਿਹੀ ਸੱਟ ਲੱਗੀ ਤਾਂ ਪਰ ਕੰਵਰ ਬੇਹੋਸ਼ ਹੋ ਥੱਲੇ ਡਿੱਗ ਪਿਆ। ਬੇਸੁੱਧ ਕੰਵਰ ਨੂੰ ਧਿਆਨ ਸਿੰਘ ਨੇ ਪਾਲਕੀ ਵਿੱਚ ਲਿਟਾਇਆ ਤੇ ਸਿਪਾਹੀਆਂ ਨੂੰ ਪਾਲਕੀ ਕਿਲ੍ਹੇ ਦੇ ਅੰਦਰ ਲਿਜਾਣ ਦਾ ਹੁਕਮ ਦਿੱਤਾ। ਅੰਦਰ ਜਾਂਦੇ ਹੀ ਕਿਲ੍ਹੇ ਦਾ ਦਰਵਾਜ਼ਾ ਬੰਦ ਕੀਤਾ ਗਿਆ ਅਤੇ ਡੋਗਰਾ ਫ਼ੌਜ ਪਹਿਰੇ ਤੇ ਖੜ੍ਹੀ ਕੀਤੀ ਗਈ। ਕੰਵਰ ਦੀ ਮਾਤਾ ਮਹਾਰਾਣੀ ਚੰਦ ਕੌਰ ਅਤੇ ਪਤਨੀ ਰਾਣੀ ਨਾਨਕੀ ਨੂੰ ਜਦੋਂ ਇਸਦੀ ਖ਼ਬਰ ਮਿਲੀ ਤਾਂ ਦੋਵੇਂ ਕਿਲ੍ਹੇ ਵੱਲ ਭੱਜੀਆਂ। ਦੋਵੇਂ ਨੂੰਹ-ਸੱਸ ਨੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹਣ ਲਈ ਡੋਗਰਿਆਂ ਦੇ ਹਾੜੇ ਕੱਢੇ ਪਰ ਦਰਵਾਜ਼ਾ ਨਾ ਖੋਲ੍ਹਿਆ ਗਿਆ। ਇੱਥੋਂ ਤੱਕ ਕਿ ਕਿਸੇ ਹੋਰ ਨੂੰ ਵੀ ਅੰਦਰ ਨਾ ਆਉਣ ਦਿੱਤਾ ਗਿਆ।
ਅੰਦਰ ਪਾਲਕੀ ਵਿੱਚੋਂ ਕੰਵਰ ਨੂੰ ਬਾਹਰ ਕੱਢਕੇ ਪਲੰਘ ਤੇ ਲਿਟਾਇਆ ਗਿਆ ਅਤੇ ਡੋਗਰੇ ਧਿਆਨ ਸਿੰਘ ਨੇ ਆਪਣੇ ਵਫ਼ਾਦਾਰ ਨੌਕਰਾਂ ਦੀ ਮਦਦ ਨਾਲ ਕੰਵਰ ਦਾ ਸਿਰ ਕਿਸੇ ਭਾਰੀ ਚੀਜ਼ ਨਾਲ ਫੇਹ ਦਿੱਤਾ ( ਸਿੱਖ ਫ਼ੌਜ ਵਿੱਚ ਤੋਪਖ਼ਾਨੇ ਦੇ ਅਫ਼ਸਰ ਕਰਨਲ ਐਲਗਜ਼ੈਂਡਰ ਗਾਰਡਨਰ Col. Alexander Gardner ਦੀ ਕਿਤਾਬ Memories of Col. Alexander Gardner ਅਤੇ ਮੇਜਰ ਸਮਿੱਥ Major Smith ਦੀ A history of the Reigning Family of Lahore  ਵਿੱਚ ਜ਼ਿਕਰ ਮਿਲਦਾ ਹੈ ਕਿ ਉਹ (ਪਾਲਕੀ ਚੁੱਕ ਕੇ ਅੰਦਰ ਲਿਜਾਣ ਵਾਲੇ) ਮੇਰੇ ਤੋਪਖ਼ਾਨੇ ਦੇ ਸਿਪਾਹੀ ਸਨ ਤੇ ਗਿਣਤੀ ਵਿੱਚ ਪੰਜ ਸਨ। ਦੋ ਅੰਦਰਖ਼ਾਨੇ ਮਾਰ ਦਿੱਤੇ ਗਏ, ਦੋ ਬਚ ਕੇ ਹਿੰਦੁਸਤਾਨ ਭੱਜ ਗਏ ਤੇ ਪੰਜਵੇਂ ਬਾਬਤ ਕੋਈ ਪਤਾ ਨਹੀਂ। ਜਿਹੜੇ ਕਤਲ ਕੀਤੇ ਗਏ, ਕਿਉਂ ਕੀਤੇ ਗਏ? ਕਿਉਂਕਿ ਉਨ੍ਹਾਂ ਪਾਲਕੀ ਚੁੱਕਣ ਵਾਲਿਆਂ ਵਿੱਚੋਂ ਇੱਕ ਨੇ ਮਗਰੋਂ ਦੱਸਿਆ ਕਿ ਜਿਸ ਵੇਲੇ ਉਹਨੇ ਆਪ ਕੰਵਰ ਨੂੰ ਚੁੱਕ ਕੇ ਪਾਲਕੀ ਵਿੱਚ ਲਿਟਾਇਆ ਤਾਂ ਉਸ ਨੇ ਵੇਖਿਆ ਕਿ ਕੰਵਰ ਦੇ ਸੱਜੇ ਕੰਨ ਉੱਪਰ ਇੱਕ ਜ਼ਖ਼ਮ ਸੀ, ਜਿਸ ਵਿੱਚੋਂ ਐਨਾ ਕੁ ਖੂਨ ਨਿਕਲਿਆ ਕਿ ਸਿਰ ਦੇ ਹੇਠ ਰੱਖੇ ਸਿਰ੍ਹਾਣੇ ਦਾ ਕੱਪੜਾ ਸਿਰਫ ਇੱਕ ਸਿੱਕੇ ਜਿੰਨਾ ਹੀ ਲਿੱਬੜਿਆ ਸੀ। ਉਸ ਨੇ ਹੋਰ ਦੱਸਿਆ ਕਿ ਕੰਵਰ ਨੂੰ ਪਾਲਕੀ ਵਿੱਚੋਂ ਬਾਹਰ ਕੱਢਣ ਤੋਂ ਪਹਿਲਾਂ ਨਾਂਹ ਹੀ ਖੂਨ ਵਗਿਆ ਤੇ ਨਾਂਹ ਹੀ ਸਿੰਮਿਆ ਸੀ। ਪਰ ਹੈਰਾਨੀ ਦੀ ਗੱਲ ਕਿ ਜਦੋਂ ਭੋਰੇ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਤਾਂ ਸਿਰ ਦੇ ਦੁਆਲੇ ਲਹੂ ਦਾ ਛੱਪੜ ਲੱਗਾ ਹੋਇਆ ਸੀ ਤੇ ਖੂਨ ਵਗਿਆ ਜੰਮਿਆ ਪਿਆ ਸੀ)। ਕੰਵਰ ਨੌਨਿਹਾਲ ਦੀ ਚਿਤਾ ਵੀ ਉਸਦੇ ਪਿਓ ਦੀ ਚਿਤਾ ਕੋਲ ਸ਼ੇਰ-ਏ-ਪੰਜਾਬ ਦੀ ਸਮਾਧ ਦੇ ਪਿਛਲੇ ਪਾਸੇ ਤਿਆਰ ਕੀਤੀ ਗਈ। ਇਸ ਤਰ੍ਹਾਂ ਮਹਾਰਾਜਾ ਖੜਕ ਸਿੰਘ ਤੇ ਉਸਦਾ ਪੁੱਤਰ ਨੌਨਿਹਾਲ ਸਿੰਘ 5 ਨਵੰਬਰ, 1840 ਈਸਵੀ ਵਾਲੇ ਦਿਨ ਡੋਗਰਿਆਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਕੇ ਇਸ ਦੁਨੀਆਂ ਤੋਂ ਕੂਚ ਕਰ ਗਏ। ਦੋਵਾਂ ਦੀਆਂ ਸਮਾਧਾਂ ਲਾਹੌਰ ਵਿੱਚ ਸ਼ੇਰ-ਏ-ਪੰਜਾਬ ਦੀ ਸਮਾਧ ਦੇ ਬਿਲਕੁਲ ਨਾਲ ਬਣੀਆਂ ਹੋਈਆਂ ਹਨ। ‘ਖੂਨੀ ਦਰਵਾਜ਼ਾ’ ਹਜ਼ੂਰੀ ਬਾਗ ਦੀ ਬਾਰਾਂਦਰੀ ਦੇ ਸਾਹਮਣੇ ਸਮਾਧਾਂ ਦੇ ਨਾਲ ਹੈ, ਇਸਦਾ ਪਹਿਲਾ ਨਾਮ ‘ਬਦਾਮੀ ਬਾਗ ਦਰਵਾਜ਼ਾ’ ਸੀ ਪਰ ਕੰਵਰ ਨੌਨਿਹਾਲ ਦੇ ਕਤਲ ਪਿੱਛੋਂ ‘ਖੂਨੀ ਦਰਵਾਜ਼ਾ’ ਪੈ ਗਿਆ। ਗਿਆਨੀ ਸੋਹਣ ਸਿੰਘ ਜੀ ਸੀਤਲ ਲਿਖਦੇ ਨੇ ਕਿ, ਛੱਜਾ ਕੰਵਰ ‘ਤੇ ਨਹੀਂ ਡਿੱਗਾ ਸੀ, ਸਗੋਂ ਸਿੱਖਾਂ ਦੀ ਕਿਸਮਤ ‘ਤੇ ਡਿੱਗਾ ਸੀ, ਜਿਸ ਥੱਲੇ ਪੰਜਾਬ ਦੇ ਨਸੀਬ ਸਦਾ ਵਾਸਤੇ ਦੱਬੇ ਗਏ।
ਛੱਜਾ ਡਿੱਗਿਆ ਕਿਸਮਤ ਪੰਜਾਬ ਦੀ ‘ਤੇ…
ਫੱਟੜ ਮਹਾਰਾਜਾ ਨੌਨਿਹਾਲ ਹੋਇਆ।
ਬੇੜੀ ਡੁੱਬੀ ਵਜ਼ੀਰ ਧਿਆਨ ਸਿੰਘ ਦੀ…
ਲਾਗੂ ਜਾਨ ਦਾ ਜਿਹੜਾ ਚੰਡਾਲ ਹੋਇਆ।
✍️ਲਖਵਿੰਦਰ ਜੌਹਲ ‘ਧੱਲੇਕੇ’
     ਗੰਗਾਂ ਨਗਰ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੇ – ਹਾਲ ਭਾਸ਼ਾ ਵਿਭਾਗ
Next articleਚਿਹਰਾ