ਸਾਹਿਤ ਦੇ ‘ ਚਵਲ ‘

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

ਵਿਅੰਗ

ਸਾਹਿਤ ਤੇ ਸ਼ਹਿਦ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ । ਦੋਵੇਂ ਮਨੁੱਖ ਦੇ ਲਈ ਗੁਣਕਾਰੀ ਹੁੰਦੇ ਹਨ. ਉਮਰ ਦਾ ਅਕਲ ਦੇ ਨਾਲ ਕੋਈ ਸਬੰਧ ਨਹੀਂ ਹੁੰਦਾ ਜਿਵੇਂ । ਜਾਗਦੇ ਤੇ ਸੁੱਤੇ ਵਿੱਚ ਫਰਕ ਹੁੰਦਾ ਹੈ । ਜਾਗਦਾ ਮਨੁੱਖ ਜੇ ਚੁੱਪ ਹੈ ਤਾਂ ਬਹੁਤ ਦੁੱਖ ਹੁੰਦਾ ਹੈ ਪਰ ਜੇ ਕੋਈ ਸੁੱਤਾ ਹੈ..ਤਾਂ ਉਸ ‘ਤੇ ਕੋਈ ਰੋਸ ਨਹੀਂ ਹੁੰਦਾ ਪਰ ਜੇ ਕੋਈ ਜਾਗਦਾ ਹੋਇਆ ਵੀ ਚੁੱਪ ਹੈ ਤੇ ਬੋਲਦਾ ਨਹੀ ਫੇਰ ਦੁੱਖ ਹੁੰਦਾ ਹੈ । ਕਹਿੰਦੇ ਹਨ ਕਿ ਜਦੋਂ ਜਾਗੋ.ਉਦੋਂ ਸਵੇਰਾ ਹੋ ਹੁੰਦਾ ਹੈ। ਹੁਣ ਬਹੁ ਗਿਣਤੀ ਆਪਣੇ ਆਪ ਨੂੰ ਪੜ੍ਹੇ.ਲਿਖੇ ਸਮਝਦੀ ਹੈ…ਪਰ ਜਾਗਦੇ ਕਿੰਨੇ ਕੁ ਹਨ…? ਆਟੇ ਵਿੱਚ ਲੂਣ ਬਰਾਬਰ ਵੀ ਨਹੀਂ । ਅਸੀਂ ਸੱਤਾਧਾਰੀ ਲੋਕਾਂ ਦੇ ਗੁਲਾਮ ਹਾਂ ।

ਸਦੀਆਂ ਤੇ ਯੁੱਗਾਂ ਤੋਂ ਗੁਲਾਮ ਰਹੇ ਹਾਂ । ਇਸੇ ਕਰਕੇ ਸਾਡੇ ਲਹੂ ਵਿੱਚ ਗੁਲਾਮੀ ਤੇ ਗਦਾਰੀ ਰਚੀ ਹੋਈ ਹੈ। ਅਸੀਂ ਕੁੱਝ ਦਮੜਿਆਂ ਦੇ ਲਾਲਚ ਵਿੱਚ ਬਹੁਤ ਕੁੱਝ ਗਵਾ ਲੈਦੇ ਹਾਂ । ਪਾਣੀ ਸਦਾ ਨੀਵੇਂ ਪਾਣੀ ਨਨ਼ ਵਗਦਾ ਹੈ। ਇਤਿਹਾਸ ਉਹ ਬਣਦਾ ਜੇ ਉਚੇ ਪਾਣੀ ਚਾੜੇ । ਪਰ ਇਹ ਇਤਿਹਾਸ ਕੋਈ ਕੋਈ ਸੋਰਜਦਾ ਹੈ। ਸੱਤਾ ਦੇ ਗੁਲਾਮ ਹੁਕਮ ਕਰਦੇ ਹਨ। ਹੇਠਲੇ ਗੁਲਾਮ ਲਾਗੂ ਕਰਦੇ ਹਨ।

ਹੁਕਮ ਸਦਾ ਜ਼ੁਬਾਨੀ ਉਪਰੋਂ ਆਉਂਦਾ ਹੈ…ਤੇ ਹੇਠਾਂ ਵੱਲ ਤੇਜੀ ਨਾਲ ਚੱਲਦਾ ਹੈ। ਇਹ ਹੁਕਮ ਹੇਠਲਿਆਂ ਨੂੰ ਲਤੜਦਾ ਹੈ।

ਛੋਟਾ ਗੁਲਾਮ ਵੱਡੇ ਗੁਲਾਮ ਨੂੰ ਖੁਸ਼ ਕਰਦਾ ਹੈ। ਇਹ ਸਿਲਸਿਲਾ ਸਦੀਆਂ ਤੋਂ ਚੱਲਦਾ ਹੈ। ਜੰਗ ਸੱਚ ਤੇ ਝੂਠ ਵਿਚਕਾਰ ਸਦੀਆਂ ਤੋਂ ਚੱਲਦੀ ਹੈ । ਰਾਜ ਕਰਦੀ ਸ਼੍ਰੇਣੀ ਸਦਾ ਹੀ ਗੁਲਾਮ ਨੂੰ ਆਪਣੇ ਹੱਕ ਤੇ ਵਿਰੋਧ ਵਿੱਚ ਹੈ। ਹੁਣ ਇਹੋ ਕੁੱਝ ਹੋ ਰਿਹਾ ਹੈ ਜੋ ਪਹਿਲਾਂ ਹੁੰਦਾ ਆਇਆ ਹੈ।
ਹੁਣ ਸੱਤਾ ਦੇ ਜੁਲਮ ਦੇ ਖਿਲਾਫ਼ ਲੋਕ ਇੱਕ ਜੰਗ ਲੜ ਰਹੇ ਹਨ। ਹੱਕਾਂ ਲਈ ਲੜ੍ਹਾਈ ਲੜਨ ਵਾਲੇ ਵੀ ਤੇ ਉਨ੍ਹਾਂ ‘ਜ਼ੁਲਮ ਕਰਨ ਵਾਲੇ ਹੁਕਮਰਾਨਾਂ ਦੇ ਗੁਲਾਮ ਹਨ । ਆਪਣਿਆਂ ਨੂੰ ਆਪਣੇ ਹੀ ਮਾਰਦੇ ਕੁੱਟਦੇ ਹਨ।ਧਰਨਿਆਂ , ਮੁਹਜ਼ਾਰਿਆਂ ਉਤੇ ਲਾਠੀਚਾਰਜ ਕਰਨ ਵਾਲੇ ਕੌਣ ਹਨ ?… ਸਾਡੇ ਹੀ ਧੀਆਂ ਤੇ ਪੁੱਤ। ਪਰ ਗੁਲਾਮ ਹਨ। ਉਹ ਨੌਕਰ ਹਨ ਹੁਕਮਰਾਨ ਦੇ ।

ਪਰ ਉਹ ਗੁਲਾਮ ਹਨ ਹੁਕਮ ਦੇ..ਹੁਕਮਰਾਨ ਹੁਕਮ ਕਰਦਾ ਉਹ ਭੁੱਲ ਜਾਂਦੇ ਹਨ..ਕਿ ਇਹ ਸਾਡੇ ਹੀ ਭੈਣ ਭਰਾ ਹਨ। ਉਹ ਰਾਖਸ਼ ਕਿਉ ਬਣ ਜਾਂਦੇ ਹਨ.?..ਉਹਨਾਂ ਦੇ ਅੰਦਰਲਾ ਮਨੁੱਖ ਕਿਉ ਮਰ ਜਾਂਦਾ ? ਇਹ ਸਵਾਲ ਹਨ ਪਰ ਜਵਾਬ ਕੌਣ ਦੇਵੇ ?
ਕੀ ਨੌਕਰੀ ਹੀ ਵੱਡੀ ਹੁੰਦੀ ਹੈ…ਜਾਂ ਲੋਕਾਈ ?

ਇਸ ਦੀ ਸਮਝ ਦੀ ਚਿਣਗ ਲਗਾਉਣੀ ਸੀ ਸਾਹਿਤ ਨੇ..ਸਿਖਿਆ ਸਾਸ਼ਤਰੀਆਂ ਨੇ.ਪਰ ਹੋਇਆ ਹੈ? ਕੀ ਹੋਈ ਜਾ ਰਿਹਾ ਹੈ..?.ਤੇ ਲਿਖਿਆ ਕੀ ਜਾ ਰਿਹਾ ਹੈ ? ਸਾਹਿਤ ਤੇ ਸਿੱਖਿਆ ਸਾਸ਼ਤਰੀ ਹੁਕਮਰਾਨ ਦੇ ਗੁਲਾਮ ਬਣ ਕੇ ਬਹਿ ਗੇ । ਉਨ੍ਹਾਂ ਨੂੰ ਲੋਕ ਭੁੱਲ ਗੇ ਤੇ ਉਹ ਹੀਰਿਆਂ ਤੇ ਦਮੜਿਆਂ ਉਤੇ ਵਿਕ ਗਏ। ਵਿਕਾਊ ਬੰਦਾ ਹੋਵੇ ਤੇ ਭਾਵੇਂ ਵਸਤੂ ਉਸ ਦੀ ਜ਼ੁਬਾਨ ਟੁੱਕੀ ਜਾਂਦੀ ਹੈ।

ਸਿੱਖਿਆ ਦੇ ਉਸਤਾਦ ਨੇ ਚਾਨਣ ਵੰਡਣਾ ਹੁੰਦਾ ਹੈ ਲੋਕ ਮਨ ਦਾ ਹਨੇਰ ਦੂਰ ਕਰਨਾ ਹੁੰਦਾ ਹੈ। ਸਿੱਖਿਆ ਹੁਣ ਮਨੁੱਖ ਦਾ ਤੀਜਾ ਨੇਤਰ ਨਹੀਂ ਸਗੋਂ ਟੀਰ ਬਣ ਗਈ ਹੈ। ਟੀਰੇ ਦੀ ਕਹਿਣੀ ਤੇ ਦੇਖਣੀ ਵਿੱਚ ਫਰਕ ਹੁੰਦਾ ਹੈ।

ਸਾਹਿਤ ਦਾ ਮਕਸਦ ” ਸੱਤਿਅਮ ਸ਼ਿਵਮ ਤੇ ਸੁੰਦਰਮ ” ਹੁੰਦਾ ਹੈ। ਸਾਹਿਤ ਜੇ ਜਨ ਦਾ ਕਲਿਆਣ ਨਹੀਂ ਕਰਦਾ ਤਾਂ ..ਉਹ ਸਾਹਿਤ ਨਹੀਂ । ਸਾਹਿਤਕਾਰ ਦੀ ਸਮਾਜ ਪ੍ਰਤੀ ਜੇ ਪ੍ਰਤੀਵੱਧਤਾ ਨਹੀਂ ..ਉਹ ਸਮਾਜ ਪ੍ਰਤੀ ਸੁਹਿਰਦ ਨਹੀਂ ਤੇ ਉਸਦਾ ਕੋਈ ਸਰੋਕਾਰ ਨਹੀਂ ਤਾਂ ਉਹ ਸਾਹਿਤਕਾਰ ਨਹੀਂ । ਕਲਮਘਸੀਟ ਹੋ ਸਕਦਾ ਹੈ…। ਹੁਣ ਕਲਮ ਘਸੀਟ ਬਹੁਤ ਹਨ। ਸਾਹਿਤ ਦੇ ਬਹੁਤੇ ਮਾਂ ਬੋਲਿੁ ਦੇ ਸੇਵਾਦਾਰ ਜੋ ਹੁਣ ਤੱਕ ਜਿਹੜੇ ਸਰੀਫ ਬਣੇ ਹੋਏ ਸੀ ਸਭ ਹਮਾਮ ਵਿੱਚ ਨੰਗੇ ਹੋ ਗਏ ਹਨ।

ਸਾਹਿਤ ਦੇ ਵਿੱਚ ਖੁੰਭਾਂ ਵਾਂਗੂੰ ਉਗੇ ਲੇਖਕ / ਕਵੀ / ਨਾਵਲਕਾਰ / ਕਹਾਣੀਕਾਰ ਤੇ ਅਲੋਚਕ ਸਾਹਿਤ ਦੇ ਵਿੱਚ ਕੀ ਲਿਖ ਰਹੇ ਹਨ ? ਉਹ ਕਿਸ ਦੇ ਲਈ ਤੇ ਕਿਸ ਦੇ ਬਾਰੇ .ਕੀ ਤੇ ਕਿਉ ਲਿਖਦੇ ਹਨ ? ਕਿਸੇ ਨੂੰ ਪਤਾ ਨਹੀਂ । ਬਹੁਤੇ ਸ਼ੌਕ ਨਾਲ ਤੇ ਕੁੱਝ ਰੁਤਬੇ ਲਈ ਤੇ ਕੁੱਝ ਮਾਨਸਿਕ ਭੁੱਖ ਲਈ ਤੇ ਕੁੱਝ ਮਾਇਆ ਲਈ ਲਿਖਦੇ ਤੇ ਵਿਕਦੇ ਹਨ ਤੇ ਹੁਕਮਰਾਨ ਦਾ ਹੁਕਮ ਵਜਾਉਦੇ ਹਨ ਤੇ ਵਜਾ ਰਹੇ ਹਨ।

ਲਿਖਣ ਦੇ ਪੰਜ ਕੱਕੇ ਹੁੰਦੇ ਹਨ…ਕਿਉਂ .ਕੀ..ਕਿਵੇ.ਕਿਸ ਵਾਸਤੇ ਕਿਹੋ ਜਿਹਾ ਲਿਖਣਾ ਹੈ। ਕਿੰਨਿਆਂ ਨੂੰ ਇਸਦਾ ਇਲਮ ਹੈ ਤੇ ਕਲਮ ਦਾ ਕਾਰਜ ਪਤਾ ਹੈ ? ਜਾਗਦੇ ਮਨੁੱਖ ਦੀ ਕਲਮ ਜਦੋਂ ਚੱਲਦੀ ਤਾਂ ਉਹ ਲੋਕਾਂ ਨੂੰ ਜਗਾਉਦੀ ਤੇ ਹੁਕਮਰਾਨ ਦੀ ਕਲਮ ਜਦ ਚੱਲਦੀ ਹੈ ਤਾਂ ਉਹ ਕਤਲ ਕਰਦੀ ਹੈ।

ਸਾਡੇ ਕਲਮ ਦੇ ਯੋਧਿਆਂ ਨੂੰ ਕਿੰਨਾ ਕੁ ਗਿਆਨ ਹੈ ਕਿ ਉਹ ਕਿਸਦੇ ਲਈ ਲਿਖਦੇ ਹਨ ? ਕਿਸ ਦਾ ਢਿੱਡ ਭਰਦੇ ਹਨ ?

ਨਵਿਆਂ ਲੇਖਕਾਂ ਨੂੰ ਗਿਆਨ ਨਹੀਂ ..ਤੇ ਵੱਡਿਆਂ ਨੂੰ ਉਨ੍ਹਾਂ ਦਾ ਧਿਆਨ ਨਹੀਂ । ਮਾਮਲਾ ਗੜਬੜ ਹੋ ਰਿਹਾ ਹੈ। ਕੱਚਾ ਸਾਹਿਤ ਧੜਾਧੜ ਛਪ ਰਿਹਾ ਹੈ..। ਨਵਿਆਂ ਨੂੰ ਸਮਝਾਉਣ ਵਾਲੇ ਖੁਦ ਦਿਸ਼ਾਹੀਣ ਹੋ ਗਏ ਹਨ। ਵੱਡੇ ਵੱਡੇ ਲੇਖਕਾਂ ਦੀ ਦਸ਼ਾ ਤੇ ਦਿਸ਼ਾ ਦਾ ਨਿਸ਼ਾਨਾ ਹੋਰ ਹੈ! ਇਸੇ ਕਰਕੇ ਲੋਕ ਗੁਲਾਮ ਹਨ।

ਚੰਗੇ ਤੇ ਪ੍ਰਤੀਵੱਧ ਲੇਖਕ ਹਾਸ਼ੀਏ’ ਤੇ ਹਨ..ਜੁਗਾੜੀ ਤੇ ਮੱਠਾਂ ਦੇ ਮਹੰਤ ਹਰ ਪਾਸੇ ਚੌਧਰੀ ਹਨ…ਉਹ ਤਿੰਨਾਂ ਵਿੱਚ ਵੀ ਤੇਰਾਂ ਵਿੱਚ ਪ੍ਰਧਾਨ ਹਨ ।

ਇਨਾਮ ਤੇ ਪੁਰਸਕਾਰ ਦੀ ਭੇਲੀ ਵੰਡ ਦਾ ਅੰਦਰਲਾ ਸੱਚ ਜਦੋਂ ਦਾ ਬਾਹਰ ਆਇਆ ਵੱਡੇ ਲੇਖਕ ਸਭ ਚੁੱਪ ਹਨ । ਉਹ ਬੋਲਦੇ ਨਹੀ । ਲੇਖਕ ਮੀਸਣੇ ਨਹੀਂ ਹੁੰਦੇ .. ਮੌਕਪ੍ਰਸਤ ਨਹੀਂ ਹੁੰਦੇ…

ਪਰ ਜੋ ਹੁੰਦਾ ਰਿਹਾ ਹੈ…ਕੀ ਕਿਸੇ ਦੇ ਕੋਲ ਕੋਈ ਤਰਕ ਦੇ ਨਾਲ ਜਵਾਬ ਦੇਣ ਲਈ ਕੋਈ ਜ਼ਮੀਰ ਹੈ?

ਮਰ ਚੁੱਕੀਆਂ ਜ਼ਮੀਰਾਂ ਵਾਲੇ ਕੌਣ ਹਨ ? ਉਹਨਾਂ ਦਾ ਸਾਹਿਤ ਲਿਖਣ ਦਾ ਮਨੋਰਥ ਤੇ ਪ੍ਰਯੋਜਨ ਕੀ ਹੈ..?

ਪੌੜੀਵਾਦ ਦਾ ਵੱਧ ਰਿਹਾ ਰੁਝਾਨ ਸਮਾਜ ਲਈ ਖਤਰਨਾਕ ਹੈ।

ਹੁਣੇ ਹੀ ਬਖਸ਼ਿੰਦਰ ਦਾ ਨਾਵਲ ਆਇਆ ..”.ਵਿਗੜੀ ਹੋਈ ਕੁੜੀ ..” ਸੁਖਮਿੰਦਰ ਰਾਮਪੁਰੀ ਦਾ ਨਾਵਲ ” ਗੁਲਾਬੀ ਛਾਂ ਵਾਲੀ ਕੁੜੀ !” ਇਹਨਾਂ ਦਾ ਕੀ ਮਕਸਦ ਹੈ ? ( ਇਨ੍ਹਾਂ ਬਾਰੇ ਗੱਲ ਵਿਸਥਾਰ ਵਿੱਚ ਕਦੇ ਫੇਰ ਕਰਦੇ ਹਾਂ ) ਸਾਹਿਤ ਦੇ ਪੰਡਤ ਚੁਪ ਹਨ । ਬੂਟਾ ਸਿੰਘ ਸ਼ਾਦ ਦੇ ਉਪਰ ਦੋਸ਼ ਲੱਗਦਾ ਹੈ ਕਿ ਉਹ ਨੀਲੇ ਰੰਗ ਦਾ ਸਾਹਿਤ ਲਿਖਦਾ ਹੈ…ਪਰ ਉਸ ਨੇ ਮਾਲਵੇ ਪੇਂਡੂ ਸੱਭਿਆਚਾਰ ਨੂੰ ਜਿਵੇਂ ਆਪਣੇ ਨਾਵਲ ਵਿੱਚ ਉਧੇੜਿਆ ਹੈ…ਰਿੜਕਿਆ ਹੈ । ਖੈਰ ਇਹ ਤਾਂ ਸਾਹਿਤ ਦੇ ਪੁਜਾਰੀ ਦੱਸਣਗੇ ਕਿ ਸਾਹਿਤ ਦਾ ਮਨੋਰਥ ਕੀ ਹੁੰਦਾ ਹੈ ।

ਪਰ ਸਾਡੀ ਮਾਨਸਿਕਤਾ ਨੂੰ ਕੀ ਹੋ ਗਿਆ ? ਅਸੀਂ ਸਨਸਨੀਖੇਜ ਤੇ ਅੱਖਾਂ ਨੂੰ ਤੱਤਾ ਲੱਗਣ ਵਾਲਾ ਸਾਹਿਤ ਹੀ ਕਿਉਂ ਪੜ੍ਹਨਾ ਪਸੰਦ ਕਰਦੇ ਹਾਂ । ਸਾਡੇ ਇਹ ਸੁਆਦ ਕਿਸ ਨੇ ਇਹੋ ਜਿਹੇ ਬਣਾਏ ਹਨ?.. ਟੀਵੀ ਨੇ…ਜਾਂ ਲੇਖਕ ਨੇ ? ਹਰ ਸਤਰ ਦਾ ਜੋ ਕਿਤਾਬ ਜਾਂ ਟੀਵੀ ਤੇ ਬੋਲੀ ਜਾਂਦੀ ਹੈ…ਉਸਦਾ ਕੋਈ ਨਾ ਕੋਈ ਲੇਖਕ ਹੁੰਦਾ ਹੈ…ਹਰ ਲੇਖਕ ਨਹੀਂ …ਕੁੱਝ ਕੁ ਲੇਖਕਾਂ ਦੇ ਪਿੱਛੇ ਕਾਰਪੋਰੇਟ ਜੁੰਡਲੀ ਹੈ। ਜੋ ਤੁਹਾਨੂੰ ਆਪਣੀ ਮਰਜ਼ੀ ਦਾ ਖਾਣ ਪੀਣ..ਕੱਪੜਾ ..ਬੂਟ…ਤੇ ਬਿਉਟੀ ਪਾਰਲਰ ਦਾ ਸਮਾਨ ਵੇਚਦੀ ਹੈ। ਅਸੀਂ ਆਪਣੀ ਮਰਜ਼ੀ ਦਾ ਕੁੱਝ ਨਹੀਂ ਕਰਦੇ। ਸਾਨੂੰ ਮੀਡੀਆ ਦੱਸਦਾ ਹੈ..ਕੀ ਖਾਣਾ ਪੀਣਾ ਤੇ ਕਿਵੇਂ ਜੀਣਾ ਹੈ।

ਸਾਡੇ ਪੁਰਖਿਆਂ ਨੇ ਕਾਮ ਕਰੋਧ.ਲੋਭ.ਮੋਹ ਤੇ ਹੰਕਾਰ ਇਹ ਪੰਜ ਮਨੁੱਖ ਮਿੱਤਰ ਤੇ ਦੁਸ਼ਮਣ ਮੰਨੇ ਹਨ। ਇਹ ਪੰਜ ਹੀ ਸਾਡੇ ਉਪਰ ਭਾਰ ਹੋ ਗਏ ਹਨ… ! ਪਰ ਹਰ ਕੰਮ ਵਿੱਚ ਕਾਮ….ਦਾਮ ਦਾ ਬੋਲਬਾਲਾ ਏਨਾ ਵੱਧ ਗਿਆ ਹੈ ਕਿ..ਮਨੁੱਖ ਪਸ਼ੂ ਵੀ ਨਹੀਂ ਰਿਹਾ । ਪਸ਼ੂਆਂ, ਜਾਨਵਰਾਂ ਤੇ ਪੰਛੀਆਂ ਦਾ ਇਕ ਸੁਭਾਅ ਹੈ..ਨਿਯਮ ਹੈ..ਪਰ ਅਸੀਂ ਤੇ ਗੋਲੇ ਕਬੂਤਰ ਤੇ ਕਦੇ ਤੋਤੋ ਬਣ ਜਾਂਦੇ ਹਾਂ !

ਗੋਲਿਆਂ ਕਬੂਤਰਾਂ ਤੇ ਤੋਤਿਆਂ ਦਾ ਸਾਰੇ ਹੀ ਪਾਸੇ ਦਬਦਬਾ ਵੱਧ ਰਿਹਾ ਹੈ… ਕੀ ਕਾਰਨ ਹੋ ਸਕਦਾ ਹੈ..ਕਿ ਅਸੀਂ ਜੰਗਲ ਵੱਲ ਤੁਰ ਪਏ ਹਾਂ …ਕਿਉਂ ਸਾਡੇ ਚੇਤਨਾ ਦੇ ਵਿੱਚ ਜੰਗਲ ਆ ਗਿਆ ਹੈ…ਕੌਣ ਹੈ ਜੋ ਸਾਨੂੰ ਜੰਗਲ ਵੱਲ ਲਈ ਜਾ ਰਿਹਾ ਹੈ?

ਕੌਣ ਹਨ ਉਹ ਸਾਹਿਤ ਦੇ ਚਵਲ…?

ਕੌਣ ਹਨ ਉਹਨਾਂ ਦੇ ਸਰਪ੍ਰਸਤ ?

ਕਿਉਂ ਹੋ ਰਿਹਾ ਹੈ, ਸਮਾਜ ਵਿੱਚ ਚਵਲ ਸਾਹਿਤ ਦਾ ਵਾਧਾ…?

ਸੋਚਣ ਤੇ ਸਮਝਣ ਦੀ ਲੋੜ ਹੈ।

ਤੁਹਾਡੇ ਆਲੇ ਦੁਆਲੇ ਕਿਹੜੇ ਕਿਹੜੇ ਚਵਲ ਹਨ ? ਜੇ ਹਨ ਤਾਂ ਉਹਨਾਂ ਨੂੰ ਜਰੂਰ ਪੁੱਛੋ ਕਿ ਸਾਹਿਤ ਦਾ ਪ੍ਰਯੋਜਨ ਕੀ ਹੁੰਦਾ ਹੈ ਤੇ ਉਹ ਕੀ ਕਰਦੇ ਹਨ..ਤੇ ਕਿਉਂ ਕਰਦੇ ਹਨ ?

” ਕੌਣ ਕਹੇ ਰਾਣੀਏ ਅੱਗਾ ਢਕ !”

ਜੇ ਕਿਸੇ ਨੂੰ ਸਬੂਤ ਚਾਹੀਦੇ ਹਨ ਤਾਂ ਮਿੱਤਰ ਸੈਨ ਮੀਤ ਦੀ

ਹੁਣੇ ਛਪੀ ਕਿਤਾਬ ” ਸ਼੍ਰੋਮਣੀ ਪੁਰਸਕਾਰ ਅਤੇ ਸਾਹਿਤਕ ਸਿਆਸਤ ” ਪੜ ਲਵੋ ਜਾਂ ਫੇਸਬੁਕ ਉਤੇ ਦੇਖ ਲਵੋ…!

ਪੰਜਾਬੀ ਦੇ ਚਵਲ ਸਾਹਿਤਕਾਰਾਂ ਤੇ ਵਿਦਵਾਨਾਂ ਦਾ ਪਤਾ ਲੱਗ ਜਾਵੇਗਾ । ਇਨ੍ਹਾਂ ਸਵਾਲਾਂ ਦਾ ਕੌਣ ਦਵੇਗਾ ਜਵਾਬ ?

ਕੋਈ ਦਿਓ ਜਵਾਬ ?

ਬੁੱਧ ਸਿੰਘ ਨੀਲੋੰ
94643 70823

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਰਥਨ
Next articleਦਾਨ ਪੁੰਨ