HOME ਦਿਲਕਸ਼ ਤੇ ਬਹੁਪੱਖੀ ਅਦਾਕਾਰ : ਸੰਜੀਵ ਕੁਮਾਰ

ਦਿਲਕਸ਼ ਤੇ ਬਹੁਪੱਖੀ ਅਦਾਕਾਰ : ਸੰਜੀਵ ਕੁਮਾਰ

6
ਸੰਜੀਵ ਕੁਮਾਰ
ਸੰਜੀਵ ਕੁਮਾਰ ਤੇ 2013 ‘ਚ ਜਾਰੀ ਕੀਤੀ ਗਈ ਡਾਕ ਟਿਕਟ

   (ਸਮਾਜ ਵੀਕਲੀ)  ਜਿਸ ਦੌਰ ‘ਚ ਕਈ ਸੁਪਰਸਟਾਰ ਬਾਲੀਵੁੱਡ ‘ਤੇ ਰਾਜ ਕਰ ਰਹੇ ਸਨ, ਉਸੇ ਸਮੇਂ ਸੰਜੀਵ ਕੁਮਾਰ ਨੇ ਵੀ ਆਪਣੀ ਅਦਾਕਾਰੀ ਨਾਲ ਇੱਕ ਵੱਖਰੀ ਪਛਾਣ ਬਣਾਈ। ਸੰਜੀਵ ਕੁਮਾਰ ਉਹ ਕਲਾਕਾਰ ਸਨ ਜਿਨ੍ਹਾਂ ਨੇ ਹਰ ਕਿਰਦਾਰ ਵਿੱਚ ਆਪਣੀ ਰੂਹ ਵਸਾਈ, ਚਾਹੇ ਪਿਆਰ ਦਾ ਰੰਗ ਹੋਵੇ ਚਾਹੇ ਦੁੱਖ ਦੀ ਡੂੰਘਾਈ, ਉਹ ਹਰ ਰੋਲ ਨੂੰ ਸ਼ਾਨਦਾਰ ਢੰਗ ਨਾਲ ਨਿਭਾਉਂਦੇ ਸਨ। ਉਹਨਾਂ ਨੂੰ ਹਿੰਦੀ ਫਿਲਮ ਇੰਡਸਟਰੀ ਦਾ ਬਹੁਪੱਖੀ ਅਦਾਕਾਰ ਮੰਨਿਆ ਜਾਂਦਾ ਸੀ। ਉਹ ਆਪਣੀਆਂ ਅੱਖਾਂ ਤੇ ਚਿਹਰੇ ਦੀ ਮੁਸਕਰਾਹਟ ਨਾਲ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਲੈਂਦੇ ਸਨ। ਗੁਜਰਾਤ ਦੇ ਸੂਰਤ ਸ਼ਹਿਰ ਵਿਖੇ 9 ਜੁਲਾਈ 1938 ਨੂੰ ਗੁਜਰਾਤੀ ਪਰਿਵਾਰ ‘ਚ ਜਨਮੇ ਸੰਜੀਵ ਕੁਮਾਰ ਦਾ ਅਸਲ ਨਾਂ ਹਰੀਹਰ ਜੇਠਾ ਲਾਲ ਜ਼ਰੀਵਾਲਾ ਸੀ। ਉਹ ਸਕੂਲੀ ਪੜ੍ਹਾਈ ਦੌਰਾਨ ਹੀ ਅਦਾਕਾਰੀ ਦੇ ਸ਼ੌਕੀਨ ਸਨ। ਸਟੇਜ ਤੋਂ ਫਿਲਮਾਂ ਤੱਕ ਦਾ ਸਫਰ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਤੈਅ ਕੀਤਾ। ਉਨ੍ਹਾਂ ਨੇ 1960 ਵਿੱਚ ‘ਹਮ ਹਿੰਦੁਸਤਾਨੀ’ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਨਾਲ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ,ਪਰ ਇੱਕ ਮੁੱਖ ਕਿਰਦਾਰ ਵਜੋਂ ਉਨ੍ਹਾਂ ਦੀ ਪਹਿਲੀ ਫ਼ਿਲਮ ‘ਨਿਸ਼ਾਨ’ 1965 ‘ਚ ਆਈ। ਆਕਰਸ਼ਕ ਸ਼ਖ਼ਸੀਅਤ ਦੇ ਬਾਵਜੂਦ ਸੰਜੀਵ ਕੁਮਾਰ ਨੂੰ ਅਕਸਰ ਉਮਰਦਰਾਜ਼ ਭੂਮਿਕਾਵਾਂ ਹੀ ਮਿਲੀਆਂ। ਉੱਘੇ ਫ਼ਿਲਮਕਾਰ ਰਮੇਸ਼ ਸਿੱਪੀ ਦੀ ਫਿਲਮ ‘ਸ਼ੋਲੇ’ ਵਿੱਚ ਠਾਕੁਰ ਬਲਦੇਵ ਸਿੰਘ ਦੀ ਭੂਮਿਕਾ ਅਜਿਹੀ ਸੀ ਕਿ ਅੱਜ ਵੀ ਉਸ ਰੋਲ ਨੂੰ ਯਾਦ ਕੀਤਾ ਜਾਂਦਾ ਹੈ। ਉਸ ਰੋਲ ਵਿੱਚ ਡਾਇਲਾਗ ਭਾਵੇਂ ਘੱਟ ਹੀ ਸਨ, ਪਰ ਅਦਾਕਾਰੀ ਦੀ ਗਹਿਰਾਈ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਫਿਲਮ ‘ਆਂਧੀ’ ਵਿੱਚ ਉਹਨਾਂ ਦਾ ਹੋਟਲ ਮੈਨਜਰ ਜੇ.ਕੇ. ਦਾ ਰੋਲ ਦਰਸ਼ਕ ਅੱਜ ਵੀ ਨਹੀਂ ਭੁੱਲੇ।ਉਹਨਾਂ ਦੀ ਖ਼ਾਸੀਅਤ ਇਹ ਸੀ ਕਿ ਉਨ੍ਹਾਂ ਤੇ ਹਰ ਭੂਮਿਕਾ ਜੀਵੰਤ ਲੱਗਦੀ ਸੀ। ਜਿਵੇਂ ‘ਕੋਸ਼ਿਸ਼’ (1972) ਵਿੱਚ ਬੋਲਣ-ਸੁਣਨ ਤੋਂ ਅਸਮਰੱਥ ਜਯਾ ਭਾਦੁੜੀ ਦੇ ਪਤੀ ਦਾ ਕਿਰਦਾਰ ਨਿਭਾਇਆ ਜਿਸ ਵਿੱਚ ਕੋਈ ਡਾਇਲਾਗ ਨਹੀਂ ਸਨ, ਪਰ ਫਿਰ ਵੀ ਉਹ ਹਾਵ-ਭਾਵ ਨਾਲ ਹੀ ਕਹਾਣੀ ਬਿਆਨ ਕਰ ਗਏ। ਫਿਲਮ ‘ਦਸਤਕ’ ਵਿਚ ਹਾਮਿਦ ਦਾ ਗੰਭੀਰ ਰੋਲ ਅਦਾ ਕਰਨ ‘ਤੇ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਵੀ ਮਿਲਿਆ। ਫ਼ਿਲਮ ‘ਪਤੀ ਪਤਨੀ ਔਰ ਵੋਹ’ ਵਿਚ ਉਨ੍ਹਾਂ ਦਾ ਕਾਮੇਡੀ ਰੋਲ ਵੀ ਬਾਖੂਬੀ ਰਿਹਾ। ਸੰਜੀਵ ਕੁਮਾਰ ਨੇ ਕਿਸੇ ਇੱਕ ਕਿਸਮ ਦੇ ਰੋਲ ਤੱਕ ਆਪਣੇ ਆਪ ਨੂੰ ਸੀਮਿਤ ਨਹੀਂ ਰੱਖਿਆ, ਉਹਨਾਂ ਨੇ ‘ਗਰਮ ਹਵਾ’, ‘ਸੀਤਾ ਔਰ ਗੀਤਾ’, ‘ਤ੍ਰਿਸ਼ੂਲ’, ‘ਸਿਲਸਿਲਾ’ ਅਤੇ ‘ਅਨਾਮਿਕਾ’ ਵਰਗੀਆਂ ਅਨੇਕਾਂ ਫਿਲਮਾਂ ਵਿੱਚ ਅਜਿਹੇ ਕਿਰਦਾਰ ਨਿਭਾਏ ਜੋ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਲਈ ਅਮਿੱਟ ਛਾਪ ਛੱਡ ਗਏ। ਇਸ ਤੋਂ ਇਲਾਵਾ ਉਨ੍ਹਾਂ ਤੇ ਫਿਲਮਾਏ ਗਏ ਗੀਤ ਵੀ ਅੱਜ ਤਕ ਲੋਕਾਂ ਦੇ ਦਿਲਾਂ ‘ਚ ਧੜਕਦੇ ਹਨ। ਹਿੰਦੀ ਫ਼ਿਲਮਾਂ ਤੋਂ ਇਲਾਵਾ ਉਨ੍ਹਾਂ ਨੇ ਮਰਾਠੀ,ਤਾਮਿਲ,ਤੇਲਗੂ,ਸਿੰਧੀ ਅਤੇ ਆਪਣੀ ਮਾਤ ਭਾਸ਼ਾ ਗੁਜਰਾਤੀ ਸਮੇਤ ਵੱਖ-ਵੱਖ ਭਾਸ਼ਾਵਾਂ ਵਿੱਚ ਕਈ ਖੇਤਰੀ ਫਿਲਮਾਂ ਕੀਤੀਆਂ। 1980 ਵਿੱਚ ਉਨ੍ਹਾਂ ਨੇ ਪੰਜਾਬੀ ਫਿਲਮ ‘ਫੌਜੀ ਚਾਚਾ’ ਵਿੱਚ ਵੀ ਅਭਿਨੈ ਕੀਤਾ। ਬਹੁਪੱਖੀ ਤੇ ਦਿਲਕਸ਼ ਅਦਾਕਾਰੀ ਕਰਨ ‘ਚ ਮਾਹਿਰ ਸੰਜੀਵ ਕੁਮਾਰ ਨੇ ਆਪਣੇ ਫ਼ਿਲਮੀ ਕੈਰੀਅਰ ਦੌਰਾਨ ਕਈ ਐਵਾਰਡ ਹਾਸਲ ਕੀਤੇ। ਉਹਨਾਂ ਨੂੰ ਰਾਸ਼ਟਰੀ ਅਤੇ ਫਿਲਮਫੇਅਰ ਦੋਨੋਂ ਪੱਧਰਾਂ ‘ਤੇ ਸਨਮਾਨ ਮਿਲੇ। 2013 ‘ਚ ਉਨ੍ਹਾਂ ਦੇ ਨਾਂ ਤੇ ਡਾਕ ਵਿਭਾਗ ਵਲੋ ਡਾਕ ਟਿਕਟ ਵੀ ਜਾਰੀ ਕੀਤੀ ਗਈ। ਗੁਜਰਾਤ ਦੇ ਸੂਰਤ ਸ਼ਹਿਰ ਨੇ ਆਪਣੇ ਇਸ ਮਹਾਨ ਪੁੱਤਰ (ਸੰਜੀਵ ਕੁਮਾਰ) ਨੂੰ ਸੜਕ, ਸਕੂਲ ਅਤੇ ਆਡੀਟੋਰੀਅਮ ਦੇ ਰੂਪ ਵਿੱਚ ਸਦਾ ਲਈ ਅਮਰ ਕੀਤਾ ਹੈ। ਹਿੰਦੀ ਸਿਨੇਮਾ ਦੇ ਇਸ ਮਹਾਨ ਅਦਾਕਾਰ ਨੇ ਭਾਵੇਂ ਫ਼ਿਲਮਾਂ ‘ਚ ਕਈ ਰੋਲ ਨਿਭਾਏ, ਪਰ ਆਪਣੀ ਅਸਲ ਜ਼ਿੰਦਗੀ ਦਾ ਸਭ ਤੋਂ ਸੁੰਦਰ ਰੋਲ ਪਤੀ ਦਾ ਉਹ ਕਦੇ ਨਹੀਂ ਨਿਭਾ ਸਕੇ। ਸੰਜੀਵ ਕੁਮਾਰ ਨੇ ਜਦੋਂ ਹੇਮਾ ਮਾਲਿਨੀ ਅੱਗੇ ਵਿਆਹ ਦਾ ਪ੍ਰਸਤਾਵ ਰਖਿਆ ਤਾਂ ਉਹਨਾਂ ਦੇ ਸੁਪਨੇ ਅਧੂਰੇ ਰਹਿ ਗਏ ਕਿਉਂਕਿ ਹੇਮਾ ਧਰਮਿੰਦਰ ਦੇ ਨੇੜੇ ਆ ਚੁੱਕੀ ਸੀ। ਆਪਣੇ ਵੇਲਿਆਂ ਦੀ ਹੀਰੋਇਨ ਸੁਲੱਖਸ਼ਨਾ ਪੰਡਿਤ ਨੇ ਸੰਜੀਵ ਕੁਮਾਰ ਲਈ ਪਿਆਰ ਜਤਾਇਆ, ਪਰ ਉਨ੍ਹਾਂ ਦੀ ਚੁੱਪ ਨੇ ਸਭ ਕੁਝ ਕਹਿ ਦਿੱਤਾ। ਇਸ ਚੁੱਪ ਤੋਂ ਬਾਅਦ ਦੋਵਾਂ ਨੇ ਜ਼ਿੰਦਗੀ ਇਕੱਲੇ ਜੀਣ ਦਾ ਫ਼ੈਸਲਾ ਕਰ ਲਿਆ ਅਤੇ ਇਹ ਫ਼ੈਸਲਾ ਸੰਜੀਵ ਕੁਮਾਰ ਨੇ ਆਪਣੇ ਆਖ਼ਰੀ ਸਾਹ 6 ਨਵੰਬਰ 1985 ਤੱਕ ਨਿਭਾਇਆ। ਸਿਰਫ਼ 47 ਸਾਲ ਦੀ ਉਮਰ ਵਿੱਚ ਜ਼ਿੰਦਗੀ ਦਾ ਸਫ਼ਰ ਮੁਕਾਉਣ ਵਾਲੇ ਸੰਜੀਵ ਕੁਮਾਰ ਭਾਵੇਂ ਹੁਣ ਇਸ ਦੁਨੀਆ ਵਿੱਚ ਨਹੀਂ ਹਨ, ਪਰ ਉਨ੍ਹਾਂ ਦੀਆਂ ਫ਼ਿਲਮਾਂ, ਡਾਇਲਾਗ ਅਤੇ ਜਜ਼ਬਾਤਾਂ ਨਾਲ ਭਰੀ ਅਦਾਕਾਰੀ ਅੱਜ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਅਮਰ ਹੈ। ਉਨ੍ਹਾਂ ਦੇ ਕਿਰਦਾਰ ਹਮੇਸ਼ਾ ਸਿਨੇਮਾ ਦੇ ਇਤਿਹਾਸ ਦਾ ਹਿੱਸਾ ਬਣੇ ਰਹਿਣਗੇ।

 ਬਲਦੇਵ ਸਿੰਘ ਬੇਦੀ ਜਲੰਧਰ
 9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਅੱਜ ਮਾਹਿਲਪੁਰ ਵਿਖੇ ਗੁਰਦੁਆਰਾ ਧਰਮਸ਼ਾਲਾ ਗੁਰੂ ਸਾਹਿਬ ਅਤੇ ਸੰਗਤ ਦਾ ਆਸ਼ੀਰਵਾਦ ਪ੍ਰਾਪਤ ਕੀਤਾ-ਕਰੀਮਪੁਰੀ
Next articleਕੌਫੀ ਵਿਦ ਸਰਗਮ ਮੱਖਣ ਸਿੰਘ