(ਸਮਾਜ ਵੀਕਲੀ)
ਮੈਂ ਇਹਨਾਂ ਜੁਲਮ ਦੇ ਦਰਿੰਦਿਆਂ ਤੋਂ
ਡਰਨਾ ਨਹੀਂ ਚਾਹੁੰਦੀ ।
ਦਾਜ ਦੀ ਅੱਗ ਵਿੱਚ ਵੀ
ਸੜਨਾ ਨਹੀਂ ਚਾਹੁੰਦੀ ।
ਮੇਰੇ ਵਿੱਚ ਮੇਰੀ ਮਾਂ ਵਾਂਗ
ਜ਼ੁਲਮ ਸਹਿਣ ਦੀ ਹਿੰਮਤ ਨਹੀਂ।
ਆਪਣੇ ਪਤੀ ਦੇ ਜ਼ੁਲਮਾਂ ਤੇ ਭੋਗ ਵਿਲਾਸੀ ਦਾ
ਸ਼ਿਕਾਰ ਬਣਨਾ ਨਹੀਂ ਚਾਹੁੰਦੀ।
ਮੈਂ ਆਪਣੇ ਸੋਹਰੇ ਪਰਿਵਾਰ ਦੀ
ਜੁੱਤੀ ਥੱਲੇ ਰਹਿਣਾ ਨਹੀਂ ਚਾਹੁੰਦੀ।
ਉਹਨਾਂ ਦੇ ਕਠੋਰ ਸ਼ਬਦਾਂ ਨੂੰ ਵੀ
ਸਹਿਣਾ ਨਹੀਂ ਚਾਹੁੰਦੀ ।
ਮੈਂ ਚਾਹੁੰਦੀ ਹਾਂ !
ਮੈਨੂੰ ਬਰਾਬਰ ਦੇ ਹੱਕ ਮਿਲਣ ।
ਪ੍ਰੇਮ-ਪਿਆਰ, ਇੱਜਤ-ਸਮਮਾਨ
ਸਭ ਮਿਲਣ।
ਮੈਂ ਚਾਹੁੰਦੀ ਹਾਂ!
ਮੈਂ ਵੀ ਅਜ਼ਾਦੀ ਦੀ ਉਡਾਣ ਭਰਾਂ।
ਮੈਂ ਆਪਣੀ ਗੁਲਾਮੀ ਦੀਆਂ
ਜੰਜ਼ੀਰਾਂ ਨੂੰ ਤੋੜਨਾ ਚਾਹੁੰਦੀ ਹਾਂ ।
ਮੇਰੇ ਉੱਤੇ ਫੋਕੀਆਂ ਬੰਦਿਸ਼ਾਂ ਲਾਉਣ ਵਾਲੇ
ਮੇਰੀ ਤਰੱਕੀ ਨੂੰ ਰੋਕਣ ਵਾਲੇ
ਆਪਣੇ ਪਤੀ ਤੇ ਲੋਕਾਂ ਨੂੰ
ਹਿੰਮਤ ਤੇ ਜਜ਼ਬੇ ਨਾਲ
ਜਵਾਬ ਮੋੜਨਾ ਚਾਹੁੰਦੀ ਆ।
ਮੈਂ ਵੀ ਚਾਹੁੰਦੀ ਹਾਂ!
ਮੈਨੂੰ ਜਿੰਦਗੀ ਜਿਉਣ ਦਾ ਹੱਕ ਮਿਲੇ
ਆਪਣੇ ਆਪ ਨੂੰ ਨਿਖਾਰਨ ਦਾ ਵਖ਼ਤ ਮਿਲੇ।
ਮੈਂ ਬਾਕੀ ਔਰਤਾਂ ਵਾਂਗ
ਸਮਝੋਤੇ ਕਰਨਾ ਨਹੀਂ ਚਾਹੁੰਦੀ ।
ਆਪਣੇ ਬੱਚਿਆਂ ਲਈ
ਅੰਦਰੋਂ ਅੰਦਰੀ ਘੁੱਟ ਕੇ ਮਰਨਾ ਨਹੀਂ ਚਾਹੁੰਦੀ ।
ਮੈਂ ਕਾਬਿਲ ਬਣਨਾ ਚਾਹੁੰਦੀ ਹਾਂ
ਜੇ ਮੇਰੇ ਤੇ ਮੇਰਾ ਪਤੀ ਜ਼ੁਲਮ ਕਰੇ
ਤਾਂ ਆਪਣੇ ਬੱਚਿਆਂ ਨੂੰ ਉਹਨਾਂ ਤੋਂ ਵੱਖ ਹੋ ਕੇ ਪਾਲ ਸਕਾਂ।
ਮੇਰੀ ਇਸ ਆਜ਼ਾਦੀ ਤੇ ਇਛਾਵਾਂ ਦਾ ਮਤਲਬ
ਮੇਰੀ ਚਰਿੱਤਰਹੀਣਤਾ ਨਹੀਂ
ਬਲਕਿ ਮੇਰੀ ਆਧੁਨਿਕ ਖੁੱਲੀ ਸੋਚ ਹੈ
ਜੋ ਕਿ ਜ਼ੁਲਮ ਤੇ ਤਸ਼ੱਦਦ ਦਾ ਸ਼ਿਕਾਰ
ਔਰਤਾਂ ਦੀ ਮਾਨਸਿਕ ਹਾਲਤ ਤੋਂ
ਕਿਧਰੇ ਉੱਚੀ ਤੇ ਉੱਤੇ ਉੱਠ ਚੁੱਕੀ ਹੈ।
ਮੇਰੀ ਬਰਾਬਰ ਦੀ ਲੜਾਈ
ਮੂੰਹ ਤੋੜ ਜਵਾਬ ਦੇਣ ਦਾ ਬਲ
ਹੱਕਾਂ ਲਈ ਚੁੱਕੀ ਆਵਾਜ਼
ਕੁਝ ਕਰਨ ਦੇ ਜਨੂੰਨ ਨੂੰ
ਮੇਰੇ ਆਪਣੇ ਮੇਰੀ ਚਰਿੱਤਰਹੀਣਤਾ ਦੱਸਦੇ ਹਨ ।
ਕਿਉਂਕਿ ਮੈਂ ਉਹਨਾਂ ਦੀ ਗੁਲਾਮ ਨਹੀਂ
ਮੈਨੂੰ ਜੁੱਤੀ ਥੱਲੇ ਲੱਗਣਾ ਨਹੀਂ ਆਉਂਦਾ
ਮੇਰੀ ਇਹ ਆਜ਼ਾਦੀ ਤੇ ਖੁੱਲੀ ਸੋਚ
ਮੇਰਾ ਸਾਹਸ ਤੇ ਹੌਂਸਲਾ ਹਨ
ਮੇਰੀ ਕੋਈ ਕਮਜ਼ੋਰੀ ਤੇ ਚਰਿੱਤਰਹੀਣਤਾ ਨਹੀਂ।।
ਹਰਪ੍ਰੀਤ ਕੌਰ ‘ਪਾਪੜਾ ‘
ਜ਼ਿਲ੍ਹਾ- ਸੰਗਰੂਰ
ਮੋ:8728810853