ਚੰਨੀ ਵੱਲੋਂ ਕੈਪਟਨ ਦੇ ਗੜ੍ਹ ’ਚ ਰੈਲੀ

 

  • ਕਾਂਗਰਸੀ ਉਮੀਦਵਾਰ ਵਿਸ਼ਨੂੰ ਨੂੰ ਜਿਤਾਉਣ ਦਾ ਸੱਦਾ

ਪਟਿਆਲਾ (ਸਮਾਜ ਵੀਕਲੀ): ਮੁੱਖ ਮੰਤਰੀ ਚਰਨਜੀਤ ਚੰਨੀ ਨੇ ਰਾਤ ਲਗਪਗ ਕਰੀਬ 9 ਵਜੇ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਅੰਦਰ ਧੀਰੂ ਕੀ ਮਾਜਰੀ ਵਿੱਚ ਇਥੋਂ ਦੇ ਕਾਂਗਰਸੀ ਉਮੀਦਵਾਰ ਵਿਸ਼ਨੂੰ ਸ਼ਰਮਾ ਦੇ ਹੱਕ ’ਚ ਚੋਣ ਰੈਲੀ ਕੀਤੀ, ਜਿੱਥੇ ਮੁੱਖ ਮੰਤਰੀ ਸਕਿਉਰਿਟੀ ਨੂੰ ਲਾਂਭੇ ਛੱਡਦਿਆਂ ਬੈਰੀਕੇਡ ਟੱਪ ਕੇ ਇਕੱਠ ਵਿੱਚ ਜਾ ਵੜੇ। ਇਸ ਦੌਰਾਨ ਲੋਕਾਂ ਨੇ ਚਰਨਜੀਤ ਚੰਨੀ ਨੂੰ ਹੱਥਾਂ ’ਤੇ ਚੁੱਕ ਲਿਆ।

ਸ੍ਰੀ ਚੰਨੀ ਵੱਲੋਂ ਇੱਕ ਆਮ ਵਿਅਕਤੀ ਵਾਂਗ ਲੋਕਾਂ ’ਚ ਜਾਣ ਦੀ ਇਸ ਕਾਰਵਾਈ ਤੋਂ ਭਾਵੇਂ ਸਕਿਉਰਿਟੀ ਗਾਰਡ ਚਿੰਤਤ ਹੋ ਗਏ, ਪਰ ਪੁਲੀਸ ਫੋਰਸ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ, ‘‘ਕੋਈ ਗੱਲ ਨਹੀਂ ਮੈਨੂੰ ਕੁਝ ਨਹੀਂ ਹੋਣ ਲੱਗਾ। ਇਹ ਸਾਰਾ ਜਨ ਸਮੂਹ ਮੇਰਾ ਭਰਾ ਹੀ ਹੈ ਤੇ ਮੈਂ ਵੀ ਆਮ ਵਿਅਕਤੀ ਹੀ ਹਾਂ, ਜਿਸ ਕਰਕੇ ਘਬਰਾਉਣ ਦੀ ਲੋੜ ਨਹੀਂ ਹੈ।’’

ਮੋਤੀ ਮਹਿਲ ਨਜ਼ਦੀਕ ਹੀ ਸਥਿਤ ਧੀਰੂ ਕੀ ਮਾਜਰੀ ਵਜੋਂ ਪ੍ਰਸਿੱਧ ਇਸ ਖੇਤਰ ਵਿੱਚ ਵਧੇਰੇ ਕਰਕੇ ਦਲਿਤ ਅਤੇ ਹੋਰ ਪੱਛੜੀਆਂ ਸ਼੍ਰੋਣੀਆਂ ਨਾਲ ਸਬੰਧਿਤ ਹਜ਼ਾਰਾਂ ਵੋਟਰਾਂ ਦਾ ਵਾਸਾ ਹੈ। ਇਥੋਂ ਦੇ ਵਸਨੀਕਾਂ ਨੂੰ ਪਹਿਲਾਂ ਮੁੱਖ ਤੌਰ ’ਤੇ ਸ਼ਾਹੀ ਪਰਿਵਾਰ ਦੇ ਕੱਟੜ ਸਮਰਥਕਾਂ ਵਜੋਂ ਜਾਣਿਆ ਜਾਂਦਾ ਰਿਹਾ ਹੈ। ਇਹ ਸਥਿਤੀ ਤਾਂ ਭਾਵੇਂ ਕਿ ਨਤੀਜੇ ਤੋਂ ਹੀ ਸਪੱਸ਼ਟ ਹੋਵੇਗੀ, ਪਰ ਅੱਜ ਰਾਤ ਪਟਿਆਲਾ ਸ਼ਹਿਰੀ ਹਲਕੇ ਤੋਂ ਕਾਂਗਰਸ ਉਮੀਦਵਾਰ ਵਿਸ਼ਨੂੰ ਸ਼ਰਮਾ ਦੇ ਹੱਕ ’ਚ ਚੋਣ ਰੈਲੀ ਕਰਨ ਲਈ ਪੁੱਜੇ ਸ੍ਰੀ ਚੰਨੀ ਦਾ ਇਲਾਕਾ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਸ੍ਰੀ ਚੰਨੀ ਨੂੰ ਆਪਣੇ ਦਰਮਿਆਨ ਦੇਖ ਕੇ ਲੋਕ ਵੀ ਖੁਸ਼ੀ ’ਚ ਕਿਲਕਾਰੀਆਂ ਮਾਰਨ ਲੱਗੇ। ਫੇਰ ਜਦੋਂ ਬੈਰੀਕੇਡ ਟੱਪ ਕੇ ਹੀ ਚੰਨੀ ਜਦੋਂ ਸਟੇਜ ’ਤੇ ਪੁੱਜੇ, ਤਾਂ ਉਥੇ ਵੀ ਆਮ ਲੋਕਾਂ ਦੀ ਵਧੇਰੇ ਭੀੜ ਜੁੜੀ ਰਹੀ। ਚੰਨੀ ਨੂੰ ਇਲਾਕਾ ਵਾਸੀਆਂ ਵੱਲੋਂ ਸਨਮਾਨ ਵਜੋਂ ਲੋਈ ਦਿੱਤੀ ਗਈ, ਜਿਹੜੀ ਉਨ੍ਹਾਂ ਨੇ ਨੇੜੇ ਹੀ ਸਟੇਜ ’ਤੇ ਆ ਚੜ੍ਹੀ ਇੱਕ ਮਹਿਲਾ ਦੇ ਗਲ ’ਚ ਪਾ ਦਿੱਤੀ।

ਇਸੇ ਤਰ੍ਹਾਂ ਸਨਮਾਨ ’ਚ ਮਿਲੀ ਕਿਰਪਾਨ ਵੀ ਉਨ੍ਹਾਂ ਨੇ ਉੱਥੇ ਹੀ ਮੌਜੂਦ ਇੱਕ ਵਸਨੀਕ ਨੂੰ ਦੇ ਦਿੱਤੀ। ਸਟੇਜ ਤੋਂ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਤੁਸੀਂ ਨੇ ਕਦੇ ਕੈਪਟਨ ਨੂੰ ਹੱਥ ਲਾ ਕੇ ਵੀ ਨਹੀਂ ਵੇਖਿਆ ਹੋਣਾ, ਪਰ ਮੈਨੂੰ ਤੁਸੀ ਜੱਫੀਆਂ ਪਾਉਂਦਿਆਂ ਕਲਾਵੇ ’ਚ ਲੈ ਲਿਆ।’’ ਉਨ੍ਹਾਂ ਕਿਹਾ, ‘‘ਹੁਣ ਚਾਹੀਦਾ ਇਹ ਹੈ ਕਿ ਤੁਸੀ ਪੱਕੇ ਤੌਰ ’ਤੇ ਕਲਾਵੇ ’ਚ ਲੈਂਦਿਆਂ, ਇੱਕ ਵਾਰ ਫੇਰ ਮੁੱਖ ਮੰਤਰੀ ਦੀ ਕੁਰਸੀ ਬਖਸ਼ੋ, ਜਿਸ ਲਈ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਵਿਸ਼ਨੂੰ ਸ਼ਰਮਾ ਨੂੰ ਜਿਤਾਉਣਾ ਵੀ ਜ਼ਰੂਰੀ ਹੈ।’’ ਇਸੇ ਦੌਰਾਨ ਰੈਲੀ ਦੀ ਸਮਾਪਤੀ ’ਤੇ ਚੰਨੀ ਦਸ ਫੁੱਟ ਉੱਚੀ ਸਟੇਜ ਤੋਂ ਵੀ ਛਾਲ ਮਾਰ ਕੇ ਹੀ ਉਤਰੇ ਜਦਕਿ ਹੋਰਨਾਂ ਆਗੂਆਂ ਨੂੰ ਉੱਤਰਨ ’ਤੇ ਟਾਈਮ ਲੱਗਾ ਕਿ ਕਿਉਂਕਿ ਸਟੇਜ ਵਾਲੀਆਂ ਪੌੜੀਆਂ ’ਚ ਲੋਕਾਂ ਦੀ ਭਾਰੀ ਭੀੜ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਯੁਕਤ ਸਮਾਜ ਮੋਰਚੇ ਵੱਲੋਂ ਕਿਸਾਨਾਂ ਦੀ ਆਮਦਨ 25 ਹਜ਼ਾਰ ਮਾਸਿਕ ਕਰਨ ਦਾ ਵਾਅਦਾ
Next articleਇਰਾਦਾ ਕਤਲ ਮਾਮਲੇ ’ਚ ਵਿਧਾਇਕ ਬੈਂਸ ਗ੍ਰਿਫ਼ਤਾਰ