ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਭਾਵੇਂ ਮੁੱਖ ਮੰਤਰੀ ਚਿਹਰੇ ਤੋਂ ਬਿਨਾਂ ਹੀ ਜਾਣ ਦਾ ਫ਼ੈਸਲਾ ਲਿਆ ਗਿਆ ਹੈ ਪਰ ਰਾਹੁਲ ਗਾਂਧੀ ਦੇ ਸਾਥੀ ਵੱਲੋਂ ਟਵਿੱਟਰ ’ਤੇ ਕਰਵਾਈ ਗਈ ਵੋਟਿੰਗ ਕਾਰਨ ਸੂਬੇ ’ਚ ਨਵਾਂ ਵਿਵਾਦ ਪੈਦਾ ਹੋ ਸਕਦਾ ਹੈ। ਇਹ ਟਵਿੱਟਰ ਪੋਲ ਰਾਹੁਲ ਗਾਂਧੀ ਦੇ ਨਜ਼ਦੀਕੀ ਨਿਖਿਲ ਅਲਵਾ ਵੱਲੋਂ ਕਰਵਾਇਆ ਗਿਆ ਹੈ ਜਿਸ ਨੇ ਲੋਕਾਂ ਤੋਂ ਪੁੱਛਿਆ ਸੀ ਕਿ ਪੰਜਾਬ ’ਚ ਕਿਹੜਾ ਆਗੂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਹੋਣਾ ਚਾਹੀਦਾ ਹੈ। ਕਰੀਬ 69 ਫ਼ੀਸਦ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਦੇ ਪੱਖ ’ਚ ਵੋਟ ਦਿੱਤੀ ਜਦਕਿ ਨਵਜੋਤ ਸਿੰਘ ਸਿੱਧੂ ਨੂੰ 12 ਅਤੇ ਸੁਨੀਲ ਜਾਖੜ ਨੂੰ 9 ਫ਼ੀਸਦ ਵੋਟਾਂ ਮਿਲੀਆਂ ਹਨ। ਦੋਵੇਂ ਆਗੂ ਵੋਟਿੰਗ ’ਚ ਮੌਜੂਦਾ ਮੁੱਖ ਮੰਤਰੀ ਚੰਨੀ ਤੋਂ ਕੋਹਾਂ ਪਿੱਛੇ ਹਨ। ਕੁੱਲ ਵੋਟਾਂ 1,283 ਪਈਆਂ ਸਨ। ਨਿਖਿਲ, ਰਾਹੁਲ ਦੇ ਸੋਸ਼ਲ ਮੀਡੀਆ ਨੂੰ ਦੇਖਦਾ ਹੈ ਅਤੇ ਉਹ ਮਾਰਗ੍ਰੇਟ ਅਲਵਾ ਦਾ ਪੁੱਤਰ ਹੈ। ਨਿਖਿਲ ਨੇ ਕਿਹਾ,‘‘ਲੋਕਾਂ ਤੋਂ ਸਿਆਸੀ ਫੀਡਬੈਕ ਲੈਣ ਲਈ ਇਹ ਚੰਗਾ ਪਲੈਟਫਾਰਮ ਹੈ ਅਤੇ ਇਸ ’ਚ ਕੋਈ ਹਰਜ਼ ਵੀ ਨਹੀਂ ਹੈ।’’ ਉਸ ਨੇ ਕਿਹਾ ਕਿ ਇਸ ’ਚ ਕੋਈ ਵੀ ਗੰਭੀਰਤਾ ਵਾਲੀ ਗੱਲ ਨਹੀਂ ਹੈ ਅਤੇ ਕੋਈ ਵਿਵਾਦ ਪੈਦਾ ਨਹੀਂ ਹੋਣਾ ਚਾਹੀਦਾ ਹੈ।
ਉਂਜ ਕਾਂਗਰਸ ਪਾਰਟੀ ਵੱਲੋਂ ਪੰਜਾਬ ’ਚ ਕਿਸੇ ਵੀ ਆਗੂ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਤੋਂ ਗੁਰੇਜ਼ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਚੋਣਾਂ ਜਿੱਤਣ ਤੋਂ ਬਾਅਦ ਹੀ ਆਗੂ ਦਾ ਨਾਮ ਐਲਾਨਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਵਿਚਰ ਰਹੇ ਹਨ ਅਤੇ ਉਹ ਸਾਥੀਆਂ ਤੋਂ ਹਮਾਇਤ ਲੈਣ ਦੀ ਵੀ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਚੰਨੀ ਵੀ ਪਾਰਟੀ ਹਾਈਕਮਾਨ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ’ਚ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly