ਨਾਜਾਇਜ਼ ਖਣਨ ਮਾਮਲੇ ਵਿੱਚ ਚੰਨੀ ਦੇ ਭਾਣਜੇ ਦਾ ਚਾਰ ਦਿਨਾ ਰਿਮਾਂਡ

ਜਲੰਧਰ (ਸਮਾਜ ਵੀਕਲੀ):  ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਨਾਜਾਇਜ਼ ਖਣਨ ਮਾਮਲੇ ਵਿੱਚ ਮਾਰੇ ਛਾਪਿਆਂ ਦੌਰਾਨ 10 ਕਰੋੜ ਰੁਪਏ ਦੀ ਨਗ਼ਦੀ, ਗਹਿਣੇ ਤੇ ਹੋਰ ਸਾਮਾਨ ਜ਼ਬਤ ਕੀਤੇ ਜਾਣ ਨਾਲ ਸਬੰਧਤ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ 8 ਫਰਵਰੀ ਤੱਕ ਚਾਰ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।

ਜਾਂਚ ੲੇਜੰਸੀ ਨੇ ਲੰਘੀ ਅੱਧੀ ਰਾਤ ਨੂੰ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫਤਾਰ ਕਰ ਲਿਆ ਸੀ। ਉਂਜ ਗ੍ਰਿਫ਼ਤਾਰੀ ਤੋਂ ਪਹਿਲਾਂ ਹਨੀ ਕੋਲੋਂ 8 ਘੰਟੇ ਤੱਕ ਸਖ਼ਤ ਪੁੱਛਗਿੱਛ ਕੀਤੀ ਗਈ ਸੀ। ਇਸੇ ਦੌਰਾਨ ਉਸ ਦੀ ਸਿਹਤ ਵਿਗੜ ਗਈ ਤੇ ਈਡੀ ਅਧਿਕਾਰੀਆਂ ਨੇ ਸਿਵਲ ਹਸਪਤਾਲ ਜਾ ਕੇ ਉਸ ਦਾ ਚੈਕਅੱਪ ਕਰਵਾਇਆ। ਈਡੀ ਨੇ ਅੱਜ ਬਾਅਦ ਦੁਪਹਿਰ ਹਨੀ ਨੂੰ ਵਧੀਕ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਸੀ। ਜਾਂਚ ਏਜੰਸੀ ਨੇ 14 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਹਨੀ ਨੂੰ ਚਾਰ ਦਿਨਾਂ ਲਈ ਰਿਮਾਂਡ ’ਤੇ ਭੇਜ ਦਿੱਤਾ ਹੈ। ਈਡੀ ਦੇ ਵਕੀਲ ਨੇ ਹਨੀ ’ਤੇ ਜਾਂਚ ਵਿੱਚ ਸਹਿਯੋਗ ਨਾ ਦੇਣ ਦਾ ਦੋਸ਼ ਲਾਇਆ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਗ੍ਰਿਫਤਾਰੀ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ।

ਚੰਨੀ ਕਾਂਗਰਸ ਤੇ ਖਾਸ ਕਰਕੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਜਾਣਕਾਰੀ ਅਨੁਸਾਰ ਈਡੀ ਨੇ ਭੁਪਿੰਦਰ ਸਿੰਘ ਹਨੀ ਨੂੰ ਵੀਰਵਾਰ ਸਵੇਰੇ 11 ਵਜੇ ਆਪਣੇ ਦਫ਼ਤਰ ਵਿੱਚ ਤਲਬ ਕੀਤਾ ਸੀ, ਪਰ ਉਹ ਬਾਅਦ ਦੁਪਹਿਰ ਪੇਸ਼ ਹੋਇਆ। ਦੇਰੀ ਨਾਲ ਆਉਣ ਦਾ ਕਾਰਨ ਮੀਂਹ ਦੱਸਿਆ ਗਿਆ ਸੀ। ਇਸੇ ਦੌਰਾਨ ਹੀ ਈਡੀ ਨੇ ਹਨੀ ਕੋਲੋਂ ਪੁੱਛਗਿੱਛ ਕੀਤੀ ਤੇ ਦੇਰ ਰਾਤ ਉਸ ਦੀ ਗ੍ਰਿਫ਼ਤਾਰੀ ਪਾ ਦਿੱਤੀ। ਹਨੀ ਨੂੰ ਸਾਲ 2018 ਵਿਚ ਦਰਜ ਕੀਤੀ ਗਈ ਐੱਫਆਈਆਰ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਹੈ। ਈਡੀ ਨੇ ਪਿਛਲੇ ਮਹੀਨੇ 18 ਜਨਵਰੀ ਨੂੰ ਗੈਰਕਾਨੂੰਨੀ ਰੇਤ ਖਣਨ ਮਾਮਲੇ ਵਿਚ ਛਾਪੇਮਾਰੀ ਕੀਤੀ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਹਨੀ ਦੀ ਲੁਧਿਆਣਾ ਸਥਿਤ ਰਿਹਾਇਸ਼ ਤੋਂ 8 ਕਰੋੜ ਰੁਪਏ ਦੀ ਨਗ਼ਦੀ ਅਤੇ ਉਸ ਦੇ ਇਕ ਦੋਸਤ ਸੰਦੀਪ ਕੋਲੋਂ 2 ਕਰੋੜ ਰੁਪਏ ਬਰਾਮਦ ਕੀਤੇ ਗੲੇ ਸਨ। ਇਸ ਦੇ ਨਾਲ ਹੀ 21 ਲੱਖ ਰੁਪਏ ਦਾ ਸੋਨਾ ਤੇ 12 ਲੱਖ ਦੀ ਮਹਿੰਗੀ ਰੋਲੈਕਸ ਘੜੀ ਵੀ ਬਰਾਮਦ ਹੋਈ ਸੀ। ਭੁਪਿੰਦਰ ਸਿੰਘ ਹਨੀ ਨੂੰ ਅੱਜ ਅਦਾਲਤ ਵਿਚ ਪੇਸ਼ ਕਰਨ ਮੌਕੇ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ।

ਇਸ ਪੇਸ਼ੀ ਦੌਰਾਨ ਈਡੀ ਦੇ 10 ਦੇ ਕਰੀਬ ਅਧਿਕਾਰੀ ਵੀ ਪਹੁੰਚੇ ਹੋਏ ਸਨ। ਦੁਪਹਿਰੇ ਢਾਈ ਵਜੇ ਦੇ ਕਰੀਬ ਹਨੀ ਨੂੰ ਅਦਾਲਤ ਵਿਚ ਲਿਆਂਦਾ ਗਿਆ ਤੇ ਸਾਢੇ ਪੰਜ ਵਜੇ ਦੇ ਕਰੀਬ ਰਿਮਾਂਡ ਵਾਲੇ ਹੁਕਮ ਦੀ ਕਾਪੀ ਮਿਲਣ ਮਗਰੋਂ ਈਡੀ ਅਧਿਕਾਰੀ ਉਸ ਨੂੰ ਆਪਣੇ ਨਾਲ ਲੈ ਗਏ। ਭੁਪਿੰਦਰ ਸਿੰਘ ਹਨੀ ਦੇ ਵਕੀਲ ਹਰਨੀਤ ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਵੀ ਹਨੀ ਨੂੰ ਈਡੀ ਨੇ ਬੁਲਾਇਆ ਸੀ ਉਨ੍ਹਾਂ ਨੇ ਹਰ ਵਾਰ ਸਹਿਯੋਗ ਦਿੱਤਾ ਸੀ। ਪਿਛਲੀ ਪੇਸ਼ੀ ’ਤੇ ਉਹ ਇਸ ਕਰਕੇ ਨਹੀਂ ਆ ਸਕੇ ਸਨ ਕਿਉਂਕਿ ਹਨੀ ਨੂੰ ਕਰੋਨਾ ਹੋ ਗਿਆ ਸੀ। ਐਡਵੋਕੇਟ ਹਰਨੀਕ ਸਿੰਘ ਨੇ ਦੱਸਿਆ ਕਿ 2018 ਦੀ ਜਿਸ ਐੱਫਆਈਆਰ ਦੇ ਆਧਾਰ ’ਤੇ ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸ ਐੱਫਆਈਆਰ ਵਿਚ ਹਨੀ ਦਾ ਨਾਂ ਸ਼ਾਮਲ ਨਹੀਂ ਹੈ। ਉਧਰ ਈਡੀ ਦੇ ਵਕੀਲ ਲੋਕੇਸ਼ ਨਾਰੰਗ ਨੇ ਦਲੀਲਾਂ ਦਿੱਤੀਆਂ ਕਿ ਰੇਤ ਖਣਨ ਦਾ ਮਾਮਲਾ ਵਾਤਾਵਰਨ ਨਾਲ ਜੁੜਿਆ ਹੋਇਆ ਹੈ। ਭੁਪਿੰਦਰ ਸਿੰਘ ਹਨੀ ਤੇ ਉਸ ਦੇ ਦੋਸਤ ਕੋਲੋਂ ਮੋਟੀ ਰਕਮ ਬਰਾਮਦ ਹੋਈ ਹੈ। ਈਡੀ ਨੇ ਇਸ ਬਾਰੇ ਹੋਰ ਵੀ ਜਾਂਚ ਕਰਨੀ ਹੈ ਕਿ ਉਸ ਦੇ ਕਿਸ-ਕਿਸ ਨਾਲ ਸਬੰਧ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਨੂੰਨ ਆਪਣਾ ਕੰਮ ਕਰ ਰਿਹੈ: ਚੰਨੀ
Next articleਚੰਨੀ ਨੇ 111 ਦਿਨਾਂ ’ਚ ਕਮਾਲ ਕਰ ਦਿੱਤੈ: ਕੇਜਰੀਵਾਲ