- ਮਾਮਲੇ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ: ਮੁੱਖ ਮੰਤਰੀ
- ਘਟਨਾ ਦੀ ਜਾਂਚ ਕਰਵਾਉਣ ਦਾ ਐਲਾਨ
ਚੰਡੀਗੜ੍ਹ, (ਸਮਾਜ ਵੀਕਲੀ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪੰਜਾਬ ਸਰਕਾਰ ਵੱਲੋਂ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਵਿਚ ਕੋਈ ਕੁਤਾਹੀ ਨਹੀਂ ਹੋਈ ਹੈ| ਉਨ੍ਹਾਂ ਅੱਜ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਇਸ ਮਾਮਲੇ ਨੂੰ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ| ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਹੋਣ ਦੀ ਗੱਲ ਦੇ ਜਵਾਬ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਵਾਲੀ ਕੋਈ ਗੱਲ ਨਹੀਂ ਹੈ ਅਤੇ ਕਿਸਾਨ ਅੰਦੋਲਨ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖ਼ਤਰੇ ਨਾਲ ਜੋੜਨਾ ਵੀ ਠੀਕ ਨਹੀਂ ਹੈ| ਮੁੱਖ ਮੰਤਰੀ ਚੰਨੀ ਨੇ ਅਫ਼ਸੋਸ ਵੀ ਜ਼ਾਹਿਰ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਵਾਪਸ ਜਾਣਾ ਪਿਆ ਅਤੇ ਜੋ ਵੀ ਹੋਇਆ ਹੈ, ਉਸ ਦੀ ਜਾਂਚ ਕੀਤੀ ਜਾਵੇਗੀ| ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਵਿਚ ਕੋਈ ਖ਼ਤਰਾ ਨਹੀਂ ਸੀ ਅਤੇ ਨਾ ਹੀ ਕੋਈ ਹਮਲਾ ਹੋਇਆ ਹੈ|
ਮੁੱਖ ਮੰਤਰੀ ਨੇ ਦੱਸਿਆ ਕਿ ਡੀਜੀਪੀ ਵੱਲੋਂ ਭਾਜਪਾ ਨੂੰ ਅਗਾਊਂ ਸੁਚੇਤ ਕੀਤਾ ਗਿਆ ਸੀ ਕਿ ਬਾਰਿਸ਼ ਤੇ ਅੰਦੋਲਨਾਂ ਕਾਰਨ ਪ੍ਰੋਗਰਾਮ ਰੱਦ ਕਰ ਦਿੱਤੇ ਜਾਣ ਤਾਂ ਠੀਕ ਰਹੇਗਾ| ਚੰਨੀ ਨੇ ਕਿਹਾ ਕਿ ਫ਼ਿਰੋਜ਼ਪੁਰ ਰੈਲੀ ਦੇ ਪ੍ਰਬੰਧਾਂ ਵਿਚ ਕੇਂਦਰੀ ਏਜੰਸੀਆਂ ਵੱਲੋਂ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਸੀਮਿਤ ਕੀਤਾ ਹੋਇਆ ਸੀ| ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਸੜਕੀ ਰਸਤੇ ਜਾ ਰਹੇ ਸਨ ਤਾਂ ਪੰਜਾਬ ਪੁਲੀਸ ਦੇ ਅਫ਼ਸਰਾਂ ਨੇ ਸੜਕੀ ਜਾਮ ਵਾਲੀ ਜਗ੍ਹਾ ਤੋਂ ਪਹਿਲਾਂ ਹੀ ਕਾਫ਼ਲਾ ਰੋਕ ਕੇ ਜਾਣੂ ਕਰਾ ਦਿੱਤਾ ਸੀ ਅਤੇ ਬਦਲ ਵੀ ਸੁਝਾਏ ਸਨ| ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਹੀ ਵਾਪਸ ਮੁੜਨ ਦਾ ਫ਼ੈਸਲਾ ਲਿਆ| ਚੰਨੀ ਨੇ ਕਿਹਾ ਕਿ ਕਿਸਾਨ ਵੀ ਅਚਨਚੇਤ ਹੀ ਆ ਕੇ ਸੜਕ ’ਤੇ ਬੈਠੇ ਸਨ ਅਤੇ ਦੂਸਰੇ ਪਾਸੇ ਪ੍ਰਧਾਨ ਮੰਤਰੀ ਦਾ ਸੜਕੀ ਰਸਤੇ ਜਾਣ ਦਾ ਪ੍ਰੋਗਰਾਮ ਐਨ ਮੌਕੇ ’ਤੇ ਬਣਿਆ| ਉਨ੍ਹਾਂ ਕਿਹਾ ਕਿ ਹੁਣ ਭਾਜਪਾ ਵੱਲੋਂ ਇਸ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ| ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਟਿੱਪਣੀ ਦੇ ਜਵਾਬ ਵਿਚ ਵੀ ਕਿਹਾ ਕਿ ਇਸ ਮਸਲੇ ’ਤੇ ਬੇਲੋੜੀ ਸਿਆਸਤ ਨਹੀਂ ਹੋਣੀ ਚਾਹੀਦੀ ਹੈ|
ਮੁੜ ਪੰਜਾਬ ਆਓ, ਕੋਈ ਮੁਸ਼ਕਲ ਨਹੀਂ ਆਵੇਗੀ: ਚੰਨੀ
ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਮੁੜ ਪੰਜਾਬ ਦੌਰਾ ਕਰਨ, ਚੰਗੇ ਪ੍ਰਬੰਧ ਕੀਤੇ ਜਾਣਗੇ ਅਤੇ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਅੱਜ ਖ਼ੁਦ ਪ੍ਰਧਾਨ ਮੰਤਰੀ ਦੀ ਸਵਾਗਤ ਲਈ ਤਿਆਰੀ ਕੀਤੀ ਹੋਈ ਸੀ ਅਤੇ ਪ੍ਰਧਾਨ ਮੰਤਰੀ ਦੀ ਆਮਦ ਤੋਂ ਪੰਜਾਬ ਨੂੰ ਕੁੱਝ ਮਿਲਣ ਦੀ ਹੀ ਉਮੀਦ ਸੀ। ਚੰਨੀ ਨੇ ਕਿਹਾ ਕਿ ਕੋਈ ਖ਼ਤਰੇ ਵਾਲੀ ਗੱਲ ਹੁੰਦੀ ਤਾਂ ਉਹ ਖ਼ੁਦ ਉਨ੍ਹਾਂ ਤੋਂ ਪਹਿਲਾਂ ਆਪਣਾ ਖ਼ੂਨ ਡੋਲਣਗੇ, ਨਾਲੇ ਪੰਜਾਬੀਆਂ ਦੇ ਸੁਭਾਅ ਵਿਚ ਹੀ ਨਹੀਂ ਕਿ ਮਹਿਮਾਨ ’ਤੇ ਕੋਈ ਹਮਲਾ ਕੀਤਾ ਜਾਵੇ। ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਕੇਂਦਰੀ ਗ੍ਰਹਿ ਮੰਤਰੀ ਨੇ ਫ਼ੋਨ ਕਰਕੇ ਪ੍ਰਧਾਨ ਮੰਤਰੀ ਦੇ ਵਾਪਸ ਮੁੜਨ ਦੇ ਫ਼ੈਸਲੇ ਤੋਂ ਜਾਣੂ ਕਰਾਇਆ।
ਰੈਲੀ ਫਲਾਪ ਹੋਣ ਕਰਕੇ ਮੋਦੀ ਵਾਪਸ ਮੁੜੇ: ਵੇਰਕਾ
ਸੰਸਦ ਮੈਂਬਰ ਰਵਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਦਾ ਫ਼ਿਰੋਜ਼ਪੁਰ ਦੌਰਾ ਰੱਦ ਹੋਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘ਰੱਬ ਨੇ ਇਹ ਤਾਂ ਭਾਜਪਾ ਨੂੰ ਟਰੇਲਰ ਹੀ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਵਾ ਸਾਲ ਦਿੱਲੀ ਦੀਆਂ ਹੱਦਾਂ ’ਤੇ ਗਰਮੀ-ਸਰਦੀ ਝੱਲ ਕੇ ਆਏ ਹਨ। ਇਸੇ ਤਰ੍ਹਾਂ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਸਲ ਵਿਚ ਭਾਜਪਾ ਦੀ ਫ਼ਿਰੋਜ਼ਪੁਰ ਰੈਲੀ ਵਿਚ ਲੋਕ ਨਹੀਂ ਪਹੁੰਚੇ ਸਨ ਜਿਸ ਕਰਕੇ ਪ੍ਰਧਾਨ ਮੰਤਰੀ ਵਾਪਸ ਮੁੜੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤਾਂ ਖ਼ੁਦ ਹੀ ਰੈਲੀ ਵਿਚ ਜਾਣਾ ਨਹੀਂ ਚਾਹੁੰਦੇ ਸਨ ਕਿਉਂਕਿ ਰੈਲੀ ਫਲਾਪ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly