ਅਫ਼ਗਾਨਿਸਤਾਨ ਦੇ ਹਾਲਾਤ ’ਚ ਤਬਦੀਲੀ ਭਾਰਤ ਲਈ ਵੱਡੀ ਚੁਣੌਤੀ: ਰਾਜਨਾਥ

Defence Minister Rajnath Singh

ਊਧਗਮੰਡਲਮ (ਤਾਮਿਲ ਨਾਡੂ) (ਸਮਾਜ ਵੀਕਲੀ): ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ’ਚ ਸੱਤਾ ਤਬਦੀਲੀ ਕਾਰਨ ਬਦਲੇ ਹਾਲਾਤ ਭਾਰਤ ਲਈ ਵੱਡੀ ਚੁਣੌਤੀ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ ਮੁਲਕ ਨੂੰ ਰਣਨੀਤੀ ’ਤੇ ਮੁੜ ਵਿਚਾਰ ਕਰਨਾ ਪੈ ਰਿਹਾ ਹੈ। ਵਲਿੰਗਟਨ ਨੇੜੇ ਰੱਖਿਆ ਸੇਵਾਵਾਂ ਅਤੇ ਸਟਾਫ ਕਾਲਜ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੁਆਡ ਦੇ ਗਠਨ ਨਾਲ ਇਸ ਰਣਨੀਤੀ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਕੁਆਡ ’ਚ ਭਾਰਤ, ਅਮਰੀਕਾ, ਜਪਾਨ ਅਤੇ ਆਸਟਰੇਲੀਆ ਸ਼ਾਮਲ ਹਨ।

ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਮੰਤਰਾਲੇ ਵੱਲੋਂ ਸੰਗਠਤ ਜੰਗੀ ਗੁੱਟ (ਆਈਬੀਜੀ) ਬਣਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਜੰਗ ਦੇ ਸਮੇਂ ਦੌਰਾਨ ਫ਼ੌਰੀ ਫ਼ੈਸਲੇ ਲਏ ਜਾ ਸਕਣ। ਸਰਕਾਰ ਵੱਲੋਂ ‘ਟੂਰ ਆਫ਼ ਡਿਊਟੀ ਵਰਗੇ ਸੁਧਾਰ ਵੀ ਵਿਚਾਰੇ ਜਾ ਰਹੇ ਹਨ ਜਿਸ ਨਾਲ ਫ਼ੌਜ ’ਚ ਔਸਤ ਉਮਰ ਘਟਾਉਣ ’ਚ ਸਹਾਇਤਾ ਮਿਲੇਗੀ। ਪਾਕਿਸਤਾਨ ਦਾ ਨਾਮ ਲਏ ਬਿਨਾਂ ਰੱਖਿਆ ਮੰਤਰੀ ਨੇ ਕਿਹਾ,‘‘ਦੋ ਜੰਗਾਂ ਹਾਰਨ ਮਗਰੋਂ ਸਾਡੇ ਇਕ ਗੁਆਂਢੀ ਮੁਲਕ ਨੇ ਅਸਿੱਧੀ ਜੰਗ ਛੇੜੀ ਹੋਈ ਹੈ ਅਤੇ ਦਹਿਸ਼ਤਗਰਦੀ ਫੈਲਾਉਣਾ ਉਸ ਦੀ ਰਾਜਕੀ ਨੀਤੀ ਦਾ ਅਨਿੱਖੜਵਾਂ ਅੰਗ ਬਣਿਆ ਹੋਇਆ ਹੈ। ਜੇਕਰ ਗੋਲੀਬੰਦੀ ਅੱਜ ਸਫ਼ਲ ਹੈ ਤਾਂ ਇਹ ਸਾਡੀ ਤਾਕਤ ਕਾਰਨ ਹੈ। 2016 ’ਚ ਸਰਹੱਦ ਪਾਰੋਂ ਹੋਏ ਹਮਲਿਆਂ ਮਗਰੋਂ ਸਾਡੀ ਮਾਨਸਕਿਤਾ ਹਮਲਾ ਕਰਨ ਵਾਲੀ ਹੋ ਗਈ ਹੈ। ਬਾਲਾਕੋਟ ਹਵਾਈ ਹਮਲੇ ਨਾਲ ਸਾਨੂੰ ਹੋਰ ਮਜ਼ਬੂਤੀ ਮਿਲੀ।’’

ਭਾਰਤ-ਚੀਨ ਸਰਹੱਦੀ ਵਿਵਾਦ ਬਾਰੇ ਰੱਖਿਆ ਮੰਤਰੀ ਨੇ ਫ਼ੌਜ ਵੱਲੋਂ ਅਕਲਮੰਦੀ ਨਾਲ ਕਦਮ ਉਠਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਫ਼ੌਜ ਨੇ ਇਕ ਵਾਰ ਮੁੜ ਸਾਬਿਤ ਕੀਤਾ ਕਿ ਮੁਲਕ ਕਿਸੇ ਵੀ ਸਥਾਨ ’ਤੇ, ਕਿਸੇ ਵੀ ਸਮੇਂ ਅਤੇ ਕਿਸੇ ਵੀ ਹਾਲਾਤ ’ਚ ਕਿਸੇ ਵੀ ਦੁਸ਼ਮਣ ਦਾ ਟਾਕਰਾ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸਰਹੱਦ ਦੀ ਸਥਿਤੀ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਫ਼ੌਜ ਨੇ ਆਪਣੇ ਜ਼ੋਰ ਨਾਲ ਪਛਾੜ ਦਿੱਤਾ। ਉਨ੍ਹਾਂ ਕਿਹਾ ਕਿ ਮੁਲਕ ਦੀ ਆਜ਼ਾਦੀ ਤੋਂ ਬਾਅਦ ਹੀ ਭਾਰਤ ਵਿਰੋਧੀ ਤਾਕਤਾਂ ਘਰੇਲੂ ਪੱਧਰ ’ਤੇ ਅਸਥਿਰਤਾ ਦਾ ਮਾਹੌਲ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ’ਚ ਹੋ ਰਹੇ ਬਦਲਾਵਾਂ ਤੋਂ ਕੋਈ ਵੀ ਮੁਲਕ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 75 ਸਾਲਾਂ ਦਾ ਇਤਿਹਾਸ ਘੋਖੀਏ ਤਾਂ ਭਾਰਤ ਨੂੰ ਚੁਣੌਤੀਆਂ ਵਿਰਸੇ ’ਚ ਮਿਲੀਆਂ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleWater deficit increased migration by 10%, says World Bank report
Next articleਕਾਬੁਲ: ਅਮਰੀਕਾ ਵੱਲੋਂ ਫਿਦਾਈਨ ਦੇ ਵਾਹਨ ਉੱਤੇ ਹਵਾਈ ਹਮਲਾ