ਅਮਰਜੀਤ ਸਿੰਘ ਫ਼ੌਜੀ
(ਸਮਾਜ ਵੀਕਲੀ) ਕੇਕ ਕੱਟਣ ਤੋਂ ਬਾਅਦ ਘਰ ਵਿੱਚ ਗੁਰਸ਼ਾਨ ਦੇ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ, ਰਿਸ਼ਤੇਦਾਰ,ਦੋਸਤ, ਮਿਤ੍ਰ, ਤੇ ਆਂਢੀ ਗੁਆਂਢੀ ਜਨਮ ਦਿਨ ਦਾ ਗਿਫ਼ਟ ਤੋਹਫ਼ਾ ਦੇਣ ਤੋਂ ਬਾਅਦ ਖਾ ਪੀ ਰਹੇ ਸਨ।ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵੱਖ ਵੱਖ ਸਟਾਲ ਲੱਗੇ ਹੋਏ ਸਨ ਅਤੇ ਮਹਿਮਾਨ ਆਪਣੀ ਆਪਣੀ ਪਸੰਦੀ ਦਾ ਖਾ ਪੀ ਰਹੇ ਸਨ। ਮੈਂ ਵੀ ਪਲੇਟ ਵਿੱਚ ਕੁੱਝ ਖਾਣ ਪੀਣ ਦਾ ਸਮਾਨ ਪਾ ਕੇ ਬਰਾਂਡੇ ਵਿੱਚ ਮੰਜੇ ਤੇ ਬੈਠੀ ਚਾਚੀ ਅਮਰੋ ਜਿਸ ਦੀ ਉਮਰ ਤਕਰੀਬਨ ਨੱਬੇ ਪਚਾਨਵੇਂ ਸਾਲ ਦੀ ਹੋਵੇਗੀ ਦੇ ਕੋਲ ਇਸ ਲਈ ਜਾ ਬੈਠਾ ਕਿ ਉਸ ਨਾਲ਼ ਦੁੱਖ ਸੁੱਖ ਸਾਂਝਾ ਕਰਨ ਲਈ ਗੱਲਬਾਤ ਕਰੂੰਗਾ!
ਤੇ ਮੈਂ ਜਾ ਕੇ ਚਾਚੀ ਤਕੜੀ ਐਂ? ਕਹਿ ਕੇ ਮੰਜੇ ਤੇ ਬੈਠ ਕੇ ਖਾਣ ਹੀ ਲੱਗਾ ਸੀ ਕਿ ਚਾਚੀ ਨੇ ਅਪਣੀ ਜੂਠੀ ਪਲੇਟ ਮੇਰੇ ਵੱਲ ਕਰਦੇ ਹੋਏ ਕਿਹਾ”ਲੈ ਇਹਨੂੰ ਥੱਲੇ ਰੱਖ ਦੇ ਤੇ ਮੈਨੂੰ ਪਾਣੀ ਦਾ ਗਲਾਸ ਫੜਾ ਦੇ, ਜੋ ਮੰਜੇ ਦੀ ਦੌਣ ਵਿੱਚ ਫਸਾਇਆ ਹੋਇਆ ਸੀ”ਮੈਂ ਪਲੇਟ ਫ਼ੜ ਕੇ ਮੰਜੇ ਦੇ ਥੱਲੇ ਰੱਖ ਦਿੱਤੀ ਤੇ ਚਾਚੀ ਨੂੰ ਪਾਣੀ ਦਾ ਗਿਲਾਸ ਫੜਾ ਦਿੱਤਾ ਉਸਨੇ ਦੋ ਤਿੰਨ ਘੁੱਟਾਂ ਪਾਣੀ ਦੀਆਂ ਭਰੀਆਂ ਤੇ ਬਾਕੀ ਪਾਣੀ ਨਾਲ਼ ਹੱਥਾਂ ਦੇ ਪੋਟੇ ਧੋਂਦੀ ਧੋਂਦੀ ਹੌਲ਼ੀ ਹੌਲ਼ੀ ਬੋਲੀ” ਵਾਹਿਗੁਰੂ ਤੇਰਾ ਸ਼ੁਕਰ ਹੈ ਰੁੱਖੀ ਮਿੱਸੀ ਸਭ ਨੂੰ ਦੇਈਂ, ਤੇ ਮੈਂ ਖ਼ਾਲੀ ਗਿਲਾਸ ਫੜ ਕੇ ਦੌਣ ਵਿੱਚ ਫ਼ਿਰ ਟੰਗ ਦਿੱਤਾ ਤੇ ਮੈਂ ਆਪਣੀ ਪਲੇਟ ਚੱਕ ਕੇ ਖਾਣ ਹੀ ਲੱਗਾ ਸੀ ਕਿ ਮੇਰੀ ਨਿਗਾਹ ਸਾਹਮਣੇ ਰੋਟੀ ਪਾਣੀ ਖਾ ਰਹੇ ਇੱਕ ਦੋ ਨਵੇਂ ਵਿਆਹੇ ਜੋੜਿਆਂ ਤੇ ਪਈ
ਜੋ ਇੱਕ ਦੂਜੇ ਦੂਜੇ ਦੇ ਮੂੰਹ ਵਿੱਚ ਬੁਰਕੀਆਂ ਪਾ ਰਹੇ ਸਨ ਤੇ ਖੁਸ਼ੀ ਖੁਸ਼ੀ ਪਾਰਟੀ ਦਾ ਅਨੰਦ ਮਾਣ ਰਹੇ ਸਨ “ਮੈਂ ਚਾਚੀ ਨੂੰ ਉਧਰ ਦੇਖਣ ਨੂੰ ਕਿਹਾ ਤਾਂ ਉਸ ਨੇ ਪਹਿਲਾਂ ਆਪਣੀ ਬੂਟੀਆਂ ਵਾਲ਼ੀ ਚੁੰਨੀ ਨਾਲ ਐਨਕ ਦੇ ਸ਼ੀਸ਼ੇ ਸਾਫ਼ ਕੀਤੇ ਤੇ ਫੇਰ ਐਨਕ ਲਾ ਕੇ ਉਧਰ ਦੇਖ ਕੇ ਬੋਲੀ”ਵਾਗਰੂ ਵਾਗਰੂ ਨੇਰ੍ਹ ਸਾਈਂ ਦਾ ਕੁੜੇ,” ਸ਼ਰਮ ਨਾ ਹਯਾ ਇਨ੍ਹਾਂ ਨੂੰ!
ਫਿਰ ਮੈਂ ਚਾਚੀ ਨੂੰ ਪੁੱਛਿਆ ਕਿ ਚਾਚੀ ਜਦੋਂ ਤੁਹਾਡਾ ਵਿਆਹ ਹੋਇਆ ਸੀ ਤਾਂ ਉਦੋਂ ਵੀ ਨਵੇਂ ਵਿਆਹੇ ਜੋੜੇ ਇੱਕ ਦੂਜੇ ਦੇ ਮੂੰਹ ਚ ਬੁਰਕੀਆਂ ਪਾਉਂਦੇ ਸੀ!
ਤਾਂ ਚਾਚੀ ਬੋਲੀ ਵਾਗਰੂ ਵਾਗਰੂ ਆਖ”
ਬੰਦਾਅ,ਬੁੜੀ ਦੀ ਝੂਠ ਖਾਵੇ ਏਦੂੰ ਮਾੜੀ ਗੱਲ ਹੋਰ ਕੀ ਹੋਊ!
ਜੂਠ ਖਾ ਕੇ ਫੇਰ ਕੀ ਮੱਲ ਬਣਜੂ!
ਮੈਂ ਕਿਹਾ ਚਾਚੀ ਇਹ ਪੁਰਾਣੀ ਪੀੜ੍ਹੀ ਅਤੇ ਨਵੀਂ ਪੀੜ੍ਹੀ ਵਿੱਚ ਬਦਲਾਅ ਦੀ ਨਿਸ਼ਾਨੀ ਹੈ
ਹੁਣ ਜ਼ਮਾਨਾ ਬਹੁਤ ਬਦਲ ਚੁੱਕਾ ਹੈ ਹੁਣ ਮੁੰਡੇ ਕੁੜੀ ਤੇ ਬੰਦੇ ਬੁੜੀ ਵਿੱਚ ਕੋਈ ਬਹੁਤਾ ਫ਼ਰਕ ਨੀਂ ਰਿਹਾ।
ਤਾਂ ਚਾਚੀ ਬੋਲੀ ਵੇ ਕਿਹੜਾ ਬਦਲਾਅ! ਏਨਾ ਨੂੰ ਏਹੀ ਚੱਜ ਕਰਨੇ ਆਉਂਦੇ ਐ! ਕਿਸੇ ਨੂੰ ਮੰਜਾ ਪੀੜ੍ਹੀ ਨੀਂ ਬੁਣਨਾ ਆਉਂਦਾ, ਕਿਸੇ ਨੂੰ ਚੁੱਲ੍ਹਾ ਹਾਰ੍ਹਾ ਨੀਂ ਬਣਾਉਣਾ ਆਉਂਦਾ ਕਿਸੇ ਨੂੰ ਗੋਹਾ ਮਿੱਟੀ ਨੀਂ ਫੇਰਨਾ ਆਉਂਦਾ! ਲਿੱਪਣਾ ਪੋਚਣਾ ਨੀਂ ਆਉਂਦਾ ਨਾ ਕਿਸੇ ਨੂੰ ਕੰਧੋਲੀ,ਟਾਂਡ ਬਣਾਉਂਣੀ ਆਉਂਦੀ ਐ, ਹੋਰ ਤਾਂ ਹੋਰ ਏਨ੍ਹਾਂ ਨੂੰ ਤਾਂ ਰਿਸ਼ਤਿਆਂ ਦਾ ਵੀ ਨੀਂ ਪਤਾ ਕਿ ਸਾਡਾ ਕੋਈ ਕ ਲਗਦੈ! ਕੋਈ ਚਾਚੀ,ਤਾਈ,ਮਾਸੀ,ਭੂਆ ਹੋਵੇ ਸਭ ਨੂੰ ਆਂਟੀ ਆਂਟੀ! ਪਤ੍ਹਿਊਰੇ, ਪਤੀਸ ਦਾ ਵੀ ਨੀਂ ਪਤਾ !ਕੁੱਢਰਾਂ ਕਿਸੇ ਥਾਂ ਦੀਆਂ ਤੇ ਚਾਚੀ ਕਿੰਨ੍ਹਾਂ ਚਿਰ ਮੂੰਹ ਵਿੱਚ ਹੀ ਬੁੜ ਬੁੜ ਕਰੀ ਗਈ !
ਮੈਂ ਸੋਚ ਰਿਹਾ ਸੀ ਕਿ ਗੱਲ ਤਾਂ ਚਾਚੀ ਦੀ ਵੀ ਸਹੀ ਹੈ ਪਰ ਸਮਾਜਿਕ ਵਿਕਾਸ ਰਾਹੀਂ ਪੀੜ੍ਹੀ ਦਰ ਪੀੜ੍ਹੀ ਵਿੱਚ ਹੋ ਰਹੇ ਬਦਲਾਅ ਨੂੰ ਵੀ ਤਾਂ ਨਿਕਾਰਿਆ ਵੀ ਨਹੀਂ ਜਾ ਸਕਦਾ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ
ਜ਼ਿਲ੍ਹਾ ਮੋਗਾ ਪੰਜਾਬ
94174-04804
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly