ਸੰਜੀਵ ਸਿੰਘ ਸੈਣੀ
(ਸਮਾਜ ਵੀਕਲੀ) ਵਗਦੇ ਦਰਿਆ ਹੀ ਚੰਗੇ ਲੱਗਦੇ ਹਨ। ਅਕਸਰ ਸਿਆਣੇ ਕਹਿੰਦੇ ਹਨ ਕਿ ਜੇ ਪਾਣੀ ਇੱਕ ਥਾਂ ਤੇ ਖੜਾ ਹੋ ਜਾਵੇ ਤਾਂ ਉਸ ਵਿੱਚੋਂ ਬਦਬੂ( ਮੁਸ਼ਕ )ਆਉਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ। ਨਿਰੰਤਰ ਚਲਦੇ ਰਹਿਣਾ ਹੀ ਜ਼ਿੰਦਗੀ ਹੈ। ਸੁੱਖ ਦੁੱਖ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਗੇੜਾ ਜਰੂਰ ਮਾਰਦੇ ਹਨ। ਸੁੱਖ ਵੀ ਕੁਝ ਸਮੇਂ ਦਾ ਹੁੰਦਾ ਹੈ। ਖੁਸ਼ੀ ਵੀ ਥੋੜੇ ਸਮੇਂ ਲਈ ਹੀ ਹੁੰਦੀ ਹੈ। ਦੁੱਖ ਵਿੱਚੋਂ ਨਿਕਲਣਾ ਬਹੁਤ ਔਖਾ ਹੁੰਦਾ ਹੈ ।ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਵਿੱਚੋਂ ਕਿਸ ਤਰ੍ਹਾਂ ਨਿਕਲਦੇ ਹਨ। ਥੋੜੇ ਸਮੇਂ ਲਈ ਸਬਰ, ਸੰਤੋਖ ,ਸਹਿਣਸ਼ੀਲ ਹੋ ਕੇ ਵੀ ਦੁੱਖ ਵਿੱਚੋਂ ਨਿਕਲਿਆ ਜਾ ਸਕਦਾ ਹੈ। ਦੁੱਖ ਵਿੱਚ ਕਦੇ ਵੀ ਡਾਵਾਂ ਡੋਲ ਨਾ ਹੋਵੋ।ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਰਹੋ। ਮਿਹਨਤ ਦੀ ਸਫਲਤਾ ਦੀ ਕੁੰਜੀ ਹੈ। ਜੋ ਸਮੁੰਦਰ ਵਿੱਚ ਕੁੱਦਦਾ ਹੈ ,ਉਹੀ ਹੀਰੇ ਮੋਤੀ ਚੁੱਗਦਾ ਹੈ। ਬਾਰ ਬਾਰ ਅਸਫ਼ਲ ਹੋਣ ਦੇ ਘਬਰਾਓ ਨਹੀਂ ,ਗਲਤੀਆਂ ਤੋਂ ਸਿੱਖ ਕੇ ਅੱਗੇ ਵਧਦੇ ਰਹੋ। ਹੌਸਲੇ ਨੂੰ ਵੀ ਢਹਿ ਢੇਰੀ ਨਾ ਹੋਣ ਦਿਓ। ਨਕਰਾਤਮਕ ਵਿਚਾਰਾਂ ਵਾਲੇ ਲੋਕਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ। ਸਕਾਰਾਤਮਕ ਸੋਚ, ਚੰਗੀ ਸੰਗਤ ਨਾਲ ਤੁਸੀਂ ਮੁਕਾਮ ਨੂੰ ਹਾਸਿਲ ਕਰ ਸਕਦੇ ਹੋ। ਦੋਸਤ ਬਣਾਓ! ਜੋ ਤੁਹਾਨੂੰ ਮੁਸੀਬਤ ਵੇਲੇ ਤੁਹਾਡੀ ਹੌਂਸਲਾ ਅਫਜ਼ਾਈ ਕਰੇ। ਦੋਸਤ ਅਜਿਹਾ ਹੋਣਾ ਚਾਹੀਦਾ ਕਿ ਜੋ ਤੁਹਾਡੀਆਂ ਕਮੀਆਂ ਦੱਸੇ। ਨਾ ਕਿ ਤੁਹਾਡੀ ਹਮੇਸ਼ਾ ਪ੍ਰਸ਼ੰਸ਼ਾ ਹੀ ਕਰਦਾ ਰਹੇ, ਤੁਹਾਡੀ ਗਲਤੀਆਂ ਤੇ ਵੀ ਤੁਹਾਨੂੰ ਟੋਕੇ ਨਾ ।
ਸਮਾਂ ਬਹੁਤ ਵਡਮੁੱਲੀ ਦਾਤ ਹੈ। ਅਕਸਰ ਕਹਿੰਦੇ ਵੀ ਹਨ ਕਿ ਜੋ ਸਮੇਂ ਦੀ ਕਦਰ ਬਣਦੇ ਹਨ, ਸਮਾਂ ਉਹਨਾਂ ਦੀ ਕਦਰ ਕਰਦਾ ਹੈ। ਸਮਾਂ ਕਦੇ ਕਿਸੇ ਲਈ ਰੁਕਦਾ ਨਹੀਂ ਹੈ। ਲਗਾਤਾਰ ਅੱਗੇ ਵੱਧਦਾ ਹੀ ਚਲਾ ਜਾਂਦਾ ਹੈ। ਜੋ ਲੋਕ ਸਾਰੇ ਕੰਮ ਆਪਣੇ ਸਮੇਂ ਦੇ ਮੁਤਾਬਿਕ ਕਰ ਲੈਂਦੇ ਹਨ ,ਫਿਰ ਉਹਨਾਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਮਿਲਦੀਆਂ ਹਨ। ਉਹਨਾਂ ਨੂੰ ਪਛਤਾਵਾਂ ਬਿਲਕੁਲ ਵੀ ਨਹੀਂ ਹੁੰਦਾ। ਇੱਕ ਥਾਂ ਤੇ ਰੁੱਕ ਕੇ ਸਮਾਂ ਸਾਡਾ ਇੰਤਜ਼ਾਰ ਨਹੀਂ ਕਰੇਗਾ। ਸਮੇਂ ਨੇ ਤਾਂ ਚਲਦੇ ਰਹਿਣਾ ਹੈ। ਅਕਸਰ ਦੇਖਦੇ ਹਾਂ ਕਿ ਕਈ ਲੋਕ ਆਪਣੇ ਕੰਮ ਨੂੰ ਸਮੇਂ ਤੇ ਨਹੀਂ ਕਰਦੇ ਹਨ। ਫਿਰ ਉਹ ਕੰਮ ਉਹੀ ਲੋਕ ਤੱਤ ਪੜੱਤ ਵਿੱਚ ਕਰਦੇ ਹਨ , ਕਾਹਲੀ ਵਿੱਚ ਕੀਤਾ ਗਿਆ ਅਜਿਹਾ ਕੰਮ ਸਹੀ ਨਹੀਂ ਹੁੰਦਾ, ਫਿਰ ਪਛਤਾਉਣਾ ਹੀ ਪੈਂਦਾ ਹੈ । ਜੇ ਆਪਣੇ ਦਫਤਰ ਲਈ ਨਿਕਲ ਰਹੇ ਹੋ ਤਾਂ ਸਮੇਂ ਤੇ ਜਾਓ। ਕਈ ਵਾਰ ਤੁਸੀਂ ਸੜਕੀ ਆਵਾਜਾਈ ਵਿੱਚ ਫਸ ਜਾਂਦੇ ਹੋ ਤਾਂ ਤੁਸੀਂ ਆਪਣੇ ਕੰਮਾਂ ਤੋਂ ਲੇਟ ਹੋ ਜਾਂਦੇ ਹੋ। ਜੋ ਇਨਸਾਨ ਸਮੇਂ ਦੇ ਮੁਤਾਬਕ ਚੱਲਦਾ ਹੈ ਉਹ ਕਦੇ ਵੀ ਅਸਫਲ ਨਹੀਂ ਹੁੰਦਾ। ਹਰ ਕੰਮ ਨੂੰ ਸਮੇਂ ਸਾਰਣੀ ਮੁਤਾਬਕ ਕਰੋ। ਅਕਸਰ ਦੇਖਦੇ ਹਾਂ ਕਿ ਕਈ ਵਾਰ ਵਿਦਿਆਰਥੀ ਬਿਲਕੁਲ ਆਖ਼ਰੀ ਤਰੀਕਾਂ ਤੇ ਆਪਣੇ ਫਾਰਮ ਭਰਦੇ ਹਨ ।ਆਖਰੀ ਤਰੀਕਾਂ ਤੇ ਕਈ ਵਾਰ ਫਾਰਮ ਵੀ ਸਹੀ ਨਹੀਂ ਭਰਿਆ ਜਾਂਦਾ। ਉਹ ਸੰਬੰਧਿਤ ਵਿਭਾਗ ਵੱਲੋਂ ਫਿਰ ਰਿਜੈਕਟ ਕਰ ਦਿੱਤਾ ਜਾਂਦਾ ਹੈ। ਜਿੱਥੇ ਵੀ ਤੁਸੀਂ ਜਾਣਾ ਹੈ ਸਮੇਂ ਤੋਂ 10 ਮਿੰਟ ਪਹਿਲਾਂ ਹੀ ਘਰ ਤੋਂ ਨਿਕਲ ਜਾਓ ਤਾਂ ਜੋ ਉਥੇ ਤੁਹਾਨੂੰ ਫਿਰ ਲੇਟ ਨਾ ਹੋਣਾ ਪਵੇ।
ਅੱਜ ਸਿੱਖਿਆ ਦੇ ਥਾਂ ਥਾਂ ਤੇ ਸੈਂਟਰ ਖੁੱਲ ਚੁੱਕੇ ਹਨ। ਵਿਦਿਆਰਥੀਆਂ ਨੂੰ ਡਿਗਰੀਆਂ ਤਾਂ ਬਹੁਤ ਮਿਲ ਰਹੀਆਂ ਹਨ ,ਪਰ ਉਹਨਾਂ ਨੈਤਿਕ ਕਦਰਾਂ ਕੀਮਤਾਂ ਦੀ ਘਾਟ ਹੈ। ਜੇ ਬੱਚਿਆਂ ਦੀ ਗੱਲ ਕਰੀਏ ਉਹਨਾਂ ਨੂੰ ਇਹ ਨਹੀਂ ਪਤਾ ਕਿ ਵੱਡਿਆਂ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ ।ਮਾਂ ਬਾਪ ਦਾ ਬਿਲਕੁਲ ਵੀ ਸਤਿਕਾਰ ਨਹੀਂ ਕਰਦੀ ਹੈ। ਜੇ ਮਾਂ ਬਾਪ ਉਹਨਾਂ ਨੂੰ ਟੋਕਦੇ ਹਨ ਤਾਂ ਅੱਗੋਂ ਮਾਂ ਬਾਪ ਨੂੰ ਹੀ ਅੱਖਾਂ ਕੱਢਦੇ ਹਨ।ਕਿਹੋ ਜਿਹਾ ਸਮਾਂ ਚੁੱਕਿਆ ਹੈ । ਕਈ ਵਾਰ ਅੱਜ ਕੱਲ ਨੌਜਵਾਨ ਪੀੜੀ ਗਲਤ ਕਦਮ ਚੁੱਕ ਲੈਂਦੀ ਹੈ। ਇਸੇ ਡਰ ਤੋਂ ਮਾਂ ਬਾਪ ਵੀ ਬੱਚਿਆਂ ਨੂੰ ਅੱਜ ਕੱਲ ਝਿੜਕਦੇ ਨਹੀਂ।ਜੇ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਮਾਂ ਬਾਪ ਆਪ ਸਕੂਲ ਜਾ ਕੇ ਮਾਸਟਰਾਂ ਨੂੰ ਕਹਿ ਕੇ ਆਉਂਦੇ ਸਨ ਕਿ ਉਹਨਾਂ ਦੇ ਬੱਚੇ ਦੀ ਚੰਗੀ ਤਰ੍ਹਾਂ ਕਟਾਈ ਕੀਤੀ ਜਾਵੇ ।ਇਹ ਕਹਿਣਾ ਨਹੀਂ ਮੰਨਦਾ ਹੈ। ਅੱਜ ਕੱਲ ਤਾਂ ਜੇ ਮਾਸਟਰ ਬੱਚੇ ਨੂੰ ਝਿੜਕ ਦਿੰਦੇ ਹਨ ਤਾਂ ਮਾਂ ਬਾਪ ਸਕੂਲ ਹੀ ਪਹੁੰਚ ਜਾਂਦੇ ਹਨ ,ਉਸ ਮਾਸਟਰ ਨੂੰ ਕਈ ਵਾਰ ਆਪਣੇ ਨੌਕਰੀ ਤੋਂ ਹੀ ਹੱਥ ਧੋਣੇ ਪੈ ਜਾਂਦੇ ਹਨ। ਬੱਚਿਆਂ ਨੂੰ ਝਿੜਕਣ ਦਾ ਸਮਾਂ ਚਲਿਆ ਜਾ ਚੁੱਕਿਆ ਹੈ। ਤਾਂ ਹੀ ਅੱਜ ਕੱਲ ਬੱਚੇ ਭੈੜੀ ਸੰਗਤ ਵਿੱਚ ਜਲਦੀ ਪੈ ਰਹੇ ਹਨ। ਇਥ ਤੱਕ ਕਿ ਆਪਣੀ ਜ਼ਿੰਦਗੀ ਦੇ ਸਾਰੇ ਫੈਸਲੇ ਆਪਣੀ ਮਰਜ਼ੀ ਨਾਲ ਕਰ ਰਹੇ ਹਨ ,ਫਿਰ ਚਾਹੇ ਬਾਅਦ ਵਿੱਚ ਉਹਨਾਂ ਨੂੰ ਪਛਤਾਉਣਾ ਹੀ ਕਿਉਂ ਨਾ ਪਵੇ। ਠੀਕ ਹੈ ਅੱਜ ਕੱਲ ਜੇ ਤੁਸੀਂ ਜ਼ਿਆਦਾ ਹੀ ਸਮਾਰਟ ਹੋ ਚੁੱਕੇ ਹੋ ਤਾਂ ਇਸਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੇ ਮਾਂ ਬਾਪ ਤੋਂ ਸਲਾਹ ਹੀ ਨਾ ਲਵੋ। ਵਿਆਹ ਵਰਗੇ ਫ਼ੈਸਲੇ ਬੱਚੇ ਆਪ ਹੀ ਕਰ ਲੈਂਦੇ ਹਨ। ਪੁਰਾਣੇ ਬਜ਼ੁਰਗ ਚਾਹੇ ਘੱਟ ਪੜੇ ਲਿਖੇ ਹੁੰਦੇ ਸਨ ,ਪਰ ਉਹਨਾਂ ਕੋਲ ਜ਼ਿੰਦਗੀ ਦਾ ਤਜ਼ੁਰਬਾ ਹੁੰਦਾ ਸੀ। ਅੱਜ ਕੱਲ ਤਕਰੀਬਨ ਸਾਰੇ ਬੱਚੇ ਯੂਨੀਵਰਸਿਟੀ ਪੜ੍ਹਦੇ ਹਨ। ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਵਧੀਆ ਸਿੱਖਿਆ ਗ੍ਰਹਿਣ ਕਰ ਰਹੇ ਹਨ। ਪਰ ਇਸਦਾ ਇਹ ਮਤਲਬ ਨਹੀਂ ਕਿ ਤੁਸੀਂ ਮਾਪਿਆਂ ਦੀ ਕਦਰ ਕਰਨੀ ਹੀ ਛੱਡ ਦਿਓ।
ਅੱਜ ਕੱਲ ਕਈ ਸਮਝਦਾਰ ਬੱਚੇ ਆਪਣੇ ਮਾਂ ਬਾਪ ਨੂੰ ਵਧੀਆ ਜਾਣਕਾਰੀ ਦੇ ਦਿੰਦੇ ਹਨ। ਕਿਉਂਕਿ ਅੱਜ ਕੱਲ ਦੇ ਬੱਚਿਆਂ ਕੋਲ ਬਹੁਤ ਸੰਚਾਰ ਦੇ ਸਾਧਨ ਹਨ।ਉਹਨਾਂ ਨੂੰ ਜਾਣਕਾਰੀ ਮਾਂ ਬਾਪ ਨਾਲੋਂ ਜਿਆਦਾ ਹੁੰਦੀ ਹੈ। ਮਾਂ ਬਾਪ ਬੱਚਿਆਂ ਤੋਂ ਬਹੁਤ ਕੁਝ ਸਿੱਖ ਲੈਂਦੇ ਹਨ। ਇੰਟਰਨੈਟ ਦਾ ਜ਼ਮਾਨਾ ਹੈ ।ਘਰ ਬੈਠੇ ਬੱਚੇ ਮਾਪਿਆਂ ਨੂੰ ਕਈ ਸਹੂਲਤਾਂ ਦੇ ਰਹੇ ਹਨ। ਅਕਸਰ ਅੱਜ ਕੱਲ ਬਜ਼ੁਰਗਾਂ ਤੇ ਨੌਜਵਾਨਾਂ ਦੇ ਬਿਲਕੁਲ ਵੀ ਨਹੀਂ ਬਣਦੀ। ਬਜ਼ੁਰਗਾਂ ਦਾ ਸਤਿਕਾਰ ਵੀ ਘੱਟ ਗਿਆ ਹੈ। ਬਜ਼ੁਰਗਾਂ ਨੂੰ ਸਮੇਂ ਦੇ ਮੁਤਾਬਕ ਆਪਣੇ ਆਪ ਨੂੰ ਢਾਲ ਲੈਣਾ ਚਾਹੀਦਾ ਹੈ। ਹਮੇਸ਼ਾ ਹੀ ਬਜ਼ੁਰਗਾਂ ਨੂੰ ਆਪਣੀ ਨਹੀਂ ਚਲਾਉਣੀ ਚਾਹੀਦੀ। ਜਿਸ ਤਰ੍ਹਾਂ ਬੱਚੇ ਕਹਿੰਦੇ ਹਨ ਬਜ਼ੁਰਗਾਂ ਨੂੰ ਸਮੇਂ ਦੇ ਮੁਤਾਬਿਕ ਬਦਲ ਜਾਣਾ ਚਾਹੀਦਾ ਹੈ। ਅੱਜ ਚੰਨ ਤੱਕ ਦੁਨੀਆ ਪੁੱਜ ਚੁੱਕੀ ਹੈ । ਨਵੀਂ ਨਵੀਂ ਤਕਨੀਕਾਂ ਆ ਰਹੀਆਂ ਹਨ। ਸਮੇਂ ਦੇ ਮੁਤਾਬਿਕ ਹਰ ਇੱਕ ਨੂੰ ਢਲ ਜਾਣਾ ਚਾਹੀਦਾ ਹੈ। ਆਪਣੇ ਆਪ ਲਈ ਜਰੂਰ ਸਮਾਂ ਕੱਢਣਾ ਚਾਹੀਦਾ ਹੈ। ਆਪਣੇ ਆਪ ਨਾਲ ਗੱਲਾਂ ਕਰ ਲੈਣੀਆਂ ਚਾਹੀਦੀਆਂ ਹਨ । ਅਸੀਂ ਅਕਸਰ ਦੂਜਿਆ ਦਾ ਧਿਆਨ ਰੱਖਦੇ ਹਨ, ਆਪਣਾ ਧਿਆਨ ਬਿਲਕੁਲ ਵੀ ਨਹੀਂ ਰੱਖਦੇ ਹਨ। ਆਪਣੇ ਕੰਮ ਪ੍ਰਤੀ ਵਫ਼ਾਦਾਰ ਜਰੂਰ ਹੋਣਾ ਚਾਹੀਦਾ ਹੈ। ਆਪਣੇ ਆਪ ਨਾਲ ਕਦੇ ਵੀ ਝੂਠ ਨਾ ਬੋਲੋ। ਲੋੜਵੰਦਾਂ ਦੀ ਮਦਦ ਕਰੋ। ਨਵਾਂ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਹੈ। ਕਦੇ ਵੀ ਕਿਸੇ ਚੀਜ਼ ਦਾ ਹੰਕਾਰ ਨਾ ਕਰੋ ।ਅਕਸਰ ਕਿਹਾ ਜਾਂਦਾ ਹੈ ਕਿ ਹੰਕਾਰੀ ਦਾ ਸਿਰ ਨੀਵਾਂ। ਪੈਸੇ ਦਾ ਕਦੀ ਵੀ ਘੁਮੰਡ ਨਾ ਕਰੋ। ਕਿਸੇ ਪ੍ਰਤੀ ਮਨ ਵਿੱਚ ਮਾੜੇ ਖਿਆਲ ਨਾ ਰੱਖੋ। ਚੰਗੀ ਸੋਚ ਨਾਲ ਹਮੇਸ਼ਾ ਅੱਗੇ ਵੱਧਦੇ ਰਹੋ।
ਸੰਜੀਵ ਸਿੰਘ ਸੈਣੀ, ਮੋਹਾਲੀ ,7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly