(ਸਮਾਜ ਵੀਕਲੀ) ਕੁਝ ਕੁ ਸਾਲ ਪਹਿਲਾਂ ਮੈਂ ਕਾਫੀ ਪਰੇਸ਼ਾਨ ਰਹਿੰਦੀ ਸੀ ,ਮੇਰੇ ਮਨ ਵਿੱਚ ਭੂਤ ਕਾਲ ਦੀਆਂ ਯਾਦਾਂ ਘੁੰਮਦੀਆਂ ਰਹਿੰਦੀਆਂ ਸੀ, ਮੈਂ ਅਕਸਰ ਸੋਚਦੀ ਰਹਿੰਦੀ ਸੀ ਕਿ ਮੈਂ ਇਹ ਕਿਉਂ ਕੀਤਾ, ਜਾਂ ਮੇਰੇ ਨਾਲ ਇਹ ਕਿਉਂ ਹੋਇਆ, ਸਾਰਾ ਦਿਨ ਮੇਰੇ ਮਨ ਵਿੱਚ ਖਿਆਲਾਂ ਦੀ ਲੜੀ ਚਲਦੀ ਰਹਿੰਦੀ ਸੀ, ਮੈਂ ਇਸ ਚੀਜ਼ ਤੋਂ ਕਾਫੀ ਪਰੇਸ਼ਾਨ ਸੀ, ਮੇਰਾ ਧਿਆਨ ਮੇਰੇ ਕੰਮਾਂ ਤੋਂ ਹਟ ਜਾਂਦਾ ਸੀ ਤੇ ਮੈਂ ਕੋਈ ਵੀ ਕੰਮ ਸਹੀ ਨਹੀਂ ਸੀ ਕਰ ਪਾਉਂਦੀ, ਹਰ ਕੰਮ ਤੇ ਬੜਾ ਸਮਾਂ ਲੱਗ ਜਾਂਦਾ ਸੀ ਕਿਉਂਕਿ ਮੇਰੇ ਮਨ ਦੇ ਵਿਚਾਰ ਮੇਰੇ ਸਮੇਂ ਨੂੰ ਖਾ ਰਹੇ ਸੀ, ਮੈਂ ਵਿਚਾਰਾਂ ਦੇ ਇਸ ਜੰਗਲ ਵਿੱਚੋਂ ਨਿਕਲਣ ਦੀ ਬੜੀ ਕੋਸ਼ਿਸ਼ ਕੀਤੀ, ਮੈਂ ਬੜਾ ਕੁਝ ਮੋਟੀਵੇਸ਼ਨਲ ਸੁਣਦੀ, ਪੜ੍ਹਦੀ, ਪਰ ਇਹ ਚੀਜ਼ਾਂ ਕੁਝ ਸਮੇਂ ਲਈ ਮੈਨੂੰ ਮੇਰੇ ਖਿਆਲਾਂ ਤੋਂ ਪਰੇ ਕਰਦੀ ਆਂ, ਮੇਰੀ ਰਾਤ ਦੀ ਨੀਂਦ ਵੀ ਡਿਸਟਰਬ ਰਹਿੰਦੀ, ਮੈਂ ਕੁਝ ਸਮੇਂ ਲਈ ਦਵਾਈਆਂ ਦਾ ਵੀ ਸਹਾਰਾ ਲਿਆ, ਪਰ ਦਵਾਈਆਂ ਸਿਰਫ ਨੀਂਦ ਲਿਆਉਂਦੀਆਂ ਹੋਰ ਕੁਝ ਨਾ ਕਰਦੀਆਂ, ਮੇਰੇ ਸੁਭਾਅ ਵਿੱਚ ਗੁੱਸਾ, ਚਿੜਚਿੜਾਪਣ, ਤੇ ਰੋਣਾ ਆ ਚੁੱਕਾ ਸੀ, ਮੇਰਾ ਛੋਟਾ ਜਿਹਾ ਪੁੱਤਰ ਮੇਰੇ ਸੁਭਾਅ ਤੋਂ ਬਹੁਤ ਡਰਦਾ ਸੀ, ਉਹ ਵੀ ਮੈਥੋਂ ਦੂਰ ਹੁੰਦਾ ਜਾ ਰਿਹਾ ਸੀ, ਕਿਉਂਕਿ ਕਈ ਵਾਰ ਮੈਂ ਉਸ ਤੇ ਵੀ ਹੱਥ ਚੁੱਕ ਲੈਂਦੀ ਸੀ, ਮੈਨੂੰ ਸਭ ਤੋਂ ਜਿਆਦਾ ਇਸ ਚੀਜ਼ ਨੇ ਪ੍ਰਭਾਵਿਤ ਕੀਤਾ ਕਿ ਮੇਰਾ ਬੇਟਾ ਮੇਰੇ ਤੋਂ ਟੁੱਟਦਾ ਜਾ ਰਿਹਾ ਸੀ, ਜਦੋਂ ਮੈਂ ਉਸ ਨਾਲ ਗੱਲ ਕਰਨਾ ਚਾਹੁੰਦੀ ਤਾਂ ਉਹ ਮੂੰਹ ਪਾਸੇ ਕਰ ਲੈਂਦਾ, ਤੇ ਮੈਂ ਪਿਆਰ ਨਾਲ ਉਸ ਦਾ ਹੱਥ ਫੜਦੀ ਤਾਂ ਉਹ ਹੱਥ ਛੁਡਾ ਲੈਂਦਾ, ਮੈਨੂੰ ਬੜਾ ਦੁੱਖ ਲੱਗਦਾ ਤੇ ਮਹਿਸੂਸ ਵੀ ਹੁੰਦਾ ਕਿ ਮੇਰਾ ਵਿਵਹਾਰ ਕਦੇ ਕਦੇ ਉਸ ਨਾਲ ਸਹੀ ਨਹੀਂ ਹੁੰਦਾ ਤਾਂ ਕਰਕੇ ਇਹ ਇਸ ਤਰ੍ਹਾਂ ਕਰ ਰਿਹਾ, ਮੈਂ ਹੌਲੀ ਹੌਲੀ ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕੀਤਾ, ਮੈਂ ਆਪਣੇ ਆਪ ਨੂੰ ਪੜਨਾ ਸ਼ੁਰੂ ਕੀਤਾ ਤੇ ਆਪਣੇ ਅੰਦਰਲੀਆਂ ਨਕਾਰਤਮਿਕ ਚੀਜ਼ਾਂ ਨੂੰ ਵੇਖਣਾ ਸ਼ੁਰੂ ਕੀਤਾ, ਮੈਂ ਆਪਣੇ ਸੁਭਾਅ ਨੂੰ ਬਦਲਣਾ ਸ਼ੁਰੂ ਕੀਤਾ, ਹੁਣ ਮੈਂ ਖੁਸ਼ ਰਹਿਣਾ ਸ਼ੁਰੂ ਕੀਤਾ, ਫਾਲਤੂ ਦੇ ਵਿਚਾਰਾਂ ਨੂੰ ਆਪਣੇ ਮਨ ਵਿੱਚੋਂ ਹਟਾਉਣਾ ਸ਼ੁਰੂ ਕੀਤਾ ਤੇ ਨਵੇਂ ਚੰਗੇ ਵਿਚਾਰਾਂ ਨੂੰ ਆਪਣੇ ਮਨ ਵਿੱਚ ਭਰਨਾ ਸ਼ੁਰੂ ਕੀਤਾ, ਹੌਲੀ ਹੌਲੀ ਮੈਨੂੰ ਇਸ ਕੰਮ ਵਿੱਚ ਕਾਮਯਾਬੀ ਹਾਸਲ ਹੋਈ, ਹੁਣ ਮੈਂ ਬਿਨਾਂ ਵਜਾ ਵੀ ਖੁਸ਼ ਹੋ ਜਾਂਦੀ ਸੀ, ਤੇ ਹਮੇਸ਼ਾ ਸ਼ਾਂਤ ਰਹਿੰਦੀ ਸੀ, ਇਉਂ ਲੱਗਦਾ ਸੀ ਜਿਵੇਂ ਮੈਨੂੰ ਕਦੇ ਗੁੱਸਾ ਹੀ ਨਾ ਆਇਆ ਹੋਵੇ, ਕਾਫੀ ਸਮਾ ਚੁੱਪ ਤੇ ਸ਼ਾਂਤ ਰਹਿੰਦੀ ਇਦਾਂ ਹੀ ਬੈਠੀ ਰਹਿੰਦੀ ਤੇ ਆਪਣੇ ਆਪ ਨੂੰ ਜਾਣਦੀ ਤੇ ਸਮਝਦੀ, ਬਹੁਤ ਕੁਝ ਮੈਂ ਆਪਣੇ ਮਨ ਅੰਦਰ ਅਜਿਹਾ ਸ਼ਾਮਿਲ ਕਰ ਲਿਆ ਸੀ, ਜਿਸ ਨੇ ਮੇਰੇ ਮਨ ਦੀ ਸ਼ਾਂਤੀ ਖੋ ਲਈ ਸੀ, ਹੁਣ ਮੈਂ ਹੌਲੀ ਹੌਲੀ ਉਨਾ ਸਭ ਵਿਚਾਰਾਂ ਨੂੰ ਆਪਣੇ ਮਨ ਵਿੱਚੋਂ ਕੱਢ ਰਹੀ ਸੀ, ਮਨ ਦਾ ਉਹ ਖਾਲੀਪਨ ਮੈਂ ਹਾਸੇ, ਚਾਵਾਂ ਤੇ ਖੁਸ਼ੀਆਂ ਨਾਲ ਭਰ ਰਹੀ ਸੀ, ਸਾਡੇ ਘਰ ਦਾ ਮਾਹੌਲ ਬਹੁਤ ਸੋਹਣਾ ਹੋ ਰਿਹਾ ਸੀ, ਜਿਸ ਚੀਜ਼ ਦਾ ਮੈਨੂੰ ਦੁੱਖ ਸੀ ਉਹ ਵੀ ਹੁਣ ਨਹੀਂ ਰਿਹਾ, ਮੇਰਾ ਬੇਟਾ ਹੁਣ ਮੇਰੇ ਨਾਲ ਬਹੁਤ ਸਮਾਂ ਬਤੀਤ ਕਰਦਾ ਸੀ ਤੇ ਹੱਸਦਾ ਖੇਡਦਾ ਸੀ, ਹੁਣ ਉਹ ਮੇਰੇ ਨਾਲ ਆਪਣੇ ਸਕੂਲ ਦੀ ਹਰ ਗੱਲ ਸਾਂਝੀ ਕਰਦਾ ਸੀ ਤੇ ਰੋਜ਼ ਸਕੂਲੋਂ ਆ ਕੇ ਮੈਨੂੰ ਘੁੱਟ ਕੇ ਜੱਫੀ ਪਾਉਂਦਾ ਸੀ ਤੇ ਜਾਣ ਸਮੇਂ ਵੀ ਮੈਨੂੰ ਜੱਫੀ ਪਾ ਕੇ ਮਿਲ ਕੇ ਜਾਂਦਾ ਸੀ, ਇਹ ਮੇਰੇ ਸੁਭਾਅ ਦਾ ਬਦਲ ਜਾਣਾ ਸੀ ਜੋ ਮੇਰੀ ਜ਼ਿੰਦਗੀ ਤੇ ਮੇਰੇ ਪਰਿਵਾਰ ਦਾ ਮਾਹੌਲ ਬਦਲ ਰਿਹਾ ਸੀ, ਹੁਣ ਮੇਰਾ ਬੇਟਾ ਛੁੱਟੀ ਵਾਲੇ ਦਿਨ ਜਦੋਂ ਘਰ ਹੁੰਦਾ ਤਾਂ ਇੱਕ ਦੋ ਵਾਰ ਜਰੂਰ ਆ ਕੇ ਮੇਰੇ ਕੰਨ ਵਿੱਚ ਬੋਲਦਾ ਮੇਰੀ ਪਿਆਰੀ ਮੰਮਾ, ਇਹ ਸ਼ਬਦ ਮੇਰੇ ਲਈ ਬਹੁਤ ਹੀ ਸਕੂਨ ਭਰੇ ਤੇ ਮਨ ਨੂੰ ਠਾਰਨ ਵਾਲੇ ਹੁੰਦੇ, ਮੈਂ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਕੀਮਤੀ ਸਮਾਂ ਫਾਲਤੂ ਦੇ ਵਿਚਾਰਾਂ, ਭੂਤ ਕਾਲ ਦੀਆਂ ਯਾਦਾਂ ਤੇ ਭਵਿੱਖ ਦੀ ਚਿੰਤਾ ਵਿੱਚ ਗੁਆਇਆ, ਪਰ ਹੁਣ ਮੈਨੂੰ ਸਮਝ ਲੱਗ ਚੁੱਕੀ ਸੀ ਕਿ ਜੋ ਵੀ ਹੈ ਉਹ ਵਰਤਮਾਨ ਹੈ ,ਉਹ ਹੁਣ ਹੈ ,ਉਹ ਹੁਣ ਜਿਉਣ ਵਾਲਾ ਇਹ ਪਲ ਹੈ, ਜਿਸ ਨੂੰ ਅਸੀਂ ਬਹੁਤ ਹੀ ਖੂਬਸੂਰਤ ਢੰਗ ਨਾਲ ਜਿਉਣਾ ਹੈ, ਸਾਡੇ ਮਨ ਦਾ ਸੁਭਾਅ ਹੈ ਸੋਚਣਾ, ਬਹੁਤ ਜਿਆਦਾ ਸੋਚਣਾ, ਪਰ ਅਸੀਂ ਇਸ ਨੂੰ ਜਾਣਦੇ ਹੋਏ, ਜ਼ਿੰਦਗੀ ਵਿੱਚ ਅੱਗੇ ਵਧਣਾ ਹੈ, ਮਿਹਨਤ ਕਰਨੀ ਹੈ ,ਵਰਤਮਾਨ ਵਿੱਚ ਜਿਉਣਾ ਹੈ, ਤੇ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੇ ਹਰ ਰਿਸ਼ਤੇ ਦੀ ਕਦਰ ਕਰਨੀ ਹੈ, ਕੁਝ ਚੰਗਾ ਮਿਲੇਗਾ ਇਸ ਦੀ ਉਮੀਦ ਕਿਤੇ ਵੀ ਨਾ ਹਰ ਕਿਸੇ ਦਾ ਚੰਗਾ ਕਰਨਾ ਹੈ, ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ, ਤੇ ਆਪਣੇ ਆਪ ਨੂੰ ਪਿਆਰ ਕਰਦੇ ਹੋਏ ਸਭ ਨੂੰ ਪਿਆਰ ਕਰਨਾ ਹੈ, ਆਪਣੇ ਆਪ ਦਾ ਸਤਿਕਾਰ ਕਰਦੇ ਹੋਏ ਸਭ ਦਾ ਸਤਿਕਾਰ ਕਰਨਾ ਹੈ, ਪਰ ਸ਼ੁਰੂਆਤ ਖੁਦ ਤੋਂ ਕਰਨੀ ਹੈ।
ਗੁਰਮੀਤ ਕੌਰ ਕਾਹਲੋ
ਗਗੜਪੁਰ (ਸੰਗਰੂਰ)
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


