ਬਦਲਾਅ

(ਸਮਾਜ ਵੀਕਲੀ)

“ਹੋਰ ਸੁਣਾਓ ਜੀ ‘ਉਦਮੀ’ ਸਾਹਿਬ ਜੀ ਕੀਹ ਹਾਲ ਚਾਲ ਜੇ” ਅਚਾਨਕ ਰਾਹ ਵਿੱਚ ਮਿਲੇ ਪੁਰਾਣੇ ਮਿੱਤਰ ਨੂੰ ਮੈਂ ਮਿਲਦਿਆਂ ਕਿਹਾ। ਬਹੁਤ ਵਧੀਆ “ਕੁਸ਼ਲ ਮੰਗਲ ਜੈ ਜੈ ਕਾਰ” ‘ਤੁਸੀਂ ਵੀ ਆਪਣਾ ਸੁਣਾਓ ਕੀਹ ਹਾਲ ਚਾਲ ਹੈ ਬਾਈ’ ।

ਨੀਲੀ ਛੱਤਰੀ ਵਾਲੇ ਦੀ ਕ੍ਰਿਪਾ ਸਦਕਾ ਮੈਂ ਵੀ ਠੀਕ ਠਾਕ ਹਾਂ ।

ਕਿੱਥੇ ਚਲੇ ਗਏ ਸੀ ਕਦੀ ਮਿਲੇ ਹੀ ਨਹੀਂ ?

ਗਿਆ ਤੇ ਮੈਂ ਕਿਤੇ ਵੀ ਨਹੀਂ ‘ਉਦਮੀ’ ਸਾਹਿਬ ਜੀ ਕਾਰੋਬਾਰ ਵਿੱਚੋਂ ਹੀ ਫੁਰਸਤ ਨਹੀਂ ਮਿਲਦੀ’ “ਹਾਂ ਸੱਚ ਇਹ ਤੇ ਦੱਸੋ” ਆਪਣਾ ਲਿਖਾਰੀ ਦਲ ਕਿਵੇਂ ਚੱਲ ਰਿਹਾ ਹੈ।

“ਪੂਰੇ ਜੋਬਨ ‘ਤੇ ਹੈ ਜੀ ਅੱਜ ਕੱਲ”।

“ਦਿਲ ਨੂੰ ਖੁਸ਼ੀ ਤੇ ਸਕੂਨ ਮਿਲਿਆ ” ਤੁਹਾਡੀ ਗੱਲ ਸੁਣਕੇ।

“ਆਇਆ ਕਰੋ” ਕਦੀ ਕਦਾਈਂ ਕਵੀ ਦਰਬਾਰ ਵਿੱਚ।

ਨਹੀਂ ਜੀ ਹਾਲੇ ਤੇ ਕੰਮ ਧੰਦੇ ਵਿੱਚੋਂ ਹੀ ਫੁਰਸਤ ਨਹੀਂ ਮਿਲ ਰਹੀ ।

“ਕੰਮ ਧੰਦੇ ਤੇ ਮੁੱਕਣੇ ਹੀ ਨਹੀਂ” ਕੱਢਿਆ ਕਰੋ ਵਕਤ ਕਦੀ ਕਦਾਈਂ।

“ਚਲੋ ਛੱਡੋ” ਇਹ ਦੱਸੋ, ਲਿਖਾਰੀ ਦਲ ਦੀਆਂ ਗਤੀ ਵਿਧੀਆਂ ਕਿਵੇਂ ਚੱਲ ਰਹੀਆਂ ਹਨ।

ਹਾਂ ਜੀ “ਬਿਲਕੁਲ ਵਧੀਆ ਚੱਲ ਰਹੀਆਂ ਹਨ” ਇੱਕ ਤੁਸੀਂ ਸੀ ਜੋ ਮਿੱਤਰ ਹੁੰਦੇ ਹੋਏ ਵੀ ਵਿਰੋਧ ਕਰਦੇ ਸੀ, ਤੁਹਾਡੀ ਗ਼ੈਰ ਹਾਜ਼ਰੀ ਸਦਕਾ”

ਹੁਣ ਹਰ ਕੰਮ ਮੇਰੀ ਮਰਜ਼ੀ ਮੁਤਾਬਕ ਹੋ ਰਿਹਾ ਹੈ।

ਚਲੋ “ਫਿਰ ਤੇ ਤੁਹਾਡਾ ਰਾਹ ਮੋਕਲਾ ਹੋ ਗਿਆ”।

ਹੂੰ ਹੂੰ ਹੂੰ…. ਹੱਸਦੇ ਹੋਏ), ਬਿਲਕੁਲ ਜੀ ਬਿਲਕੁਲ ।

“ਹਾਂ ਸੱਚ” ਇੱਕ ਗੱਲ ਤਾਂ ਦੱਸੋ, ਮੈਂ ਸੁਣਿਆ, “ਲਿਖਾਰੀ ਦਲ ਦਾ ਵੱਕਾਰੀ ਪੁਰਸਕਾਰ” ਇਸ ਵਾਰ ਤੁਸੀਂ ਕਿਸੇ ਗ਼ੈਰ ਭਾਸ਼ਾਈ ਲੇਖਕ ਨੂੰ ਦਿੱਤਾ ਹੈ, ਤੁਸੀਂ ਤੇ ਮਾਂ ਬੋਲੀ ਦੇ ਬਹੁਤ ਵੱਡੇ ਹਿਮਾਇਤੀ ਹੋ, ਮਾਂ ਬੋਲੀ ਦੇ ਲੇਖਕਾਂ ਨੂੰ ਦਿਲੋਂ ਸਤਿਕਾਰਦੇ ਹੋ, ਫ਼ੇਰ ਇਹ ਕਿਉਂ ਤੇ ਕਿਵੇਂ……?
ਵਿੱਚੋਂ ਹੀ ਟੋਕਦੇ ਹੋਏ। ਨਹੀਂ, ਨਹੀਂ, ਨਹੀਂ… ਅਜੇਹੀ ਕੋਈ ਗੱਲ ਨਹੀਂ।

“ਗੱਲ ਤੇ ਕੋਈ ਹੈ” ਪਰ ਸ਼ਾਇਦ ਤੁਸੀਂ ਦੱਸਣਾ ਨਹੀਂ ਚਾਹੁੰਦੇ।

ਹਾਂ ਬਾਈ, ਤੁਸੀਂ ਮੇਰੇ ਬਚਪਨ ਦੇ ਮਿੱਤਰ ਹੋ” ਸੱਚ ਜਾਣੇ ਬਗ਼ੈਰ ਤੁਸੀਂ ਦਮ ਨਹੀਂ ਲਵੋਗੇ।

“ਫਿਰ ਸੱਚ ਦੱਸ ਕਿਉਂ ਨਹੀਂ ਦਿੰਦੇ”

“ਸਬਰ ਤੇ ਕਰ” ਦੱਸਦਾਂ।

“ਦੱਸੋ ਜੀ ਦੱਸੋ” ਛੇਤੀ।

ਬਾਈ “ਉਪਰੋਂ ਫੋਨ ਆਇਆ ਸੀ” ਕਿ ਜੇਕਰ ਇਸ ਵਾਰ ਤੁਸੀਂ ਸਾਡੀ ਭਾਸ਼ਾ ਦੇ ਕਿਸੇ ਲੇਖਕ ਦਾ ਸਨਮਾਨ ਕਰ ਦੇਵੋ ਤਾਂ ਅਸੀਂ ਬਦਲੇ ਵਿੱਚ ਤੁਹਾਡਾ ਵੱਡਾ ਸਨਮਾਨ ਕਰਾ ਦੇਵਾਂਗੇ, ਜਿਸ ਵਿੱਚ ਸਨਮਾਨ ਤੋਂ ਇਲਾਵਾ ” ਪੰਜ ਲੱਖ ਨਕਦ ਰਾਸ਼ੀ ” ਵੀ ਹੋਵੇਗੀ।

“ਫ਼ੇਰ ਤੁਸੀਂ”…..

“ਫ਼ੇਰ ਓਹੀ ਕਰਿਆ” ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਮੈਨੂੰ ਲਾਭ ਹੋਣ ਵਾਲਾ ਹੈ, ਪਰ ਇਹ ਸਾਰਾ ਫੈਸਲਾ ਮੈਂ ਲਿਖਾਰੀ ਦਲ ਦੀ ਕਾਰਜਕਾਰੀ ਟੀਮ ਤੋਂ ਕਰਵਾਇਆ, “ਮੈਂ ਆਪ ਕੁਝ ਵੀ ਨਹੀਂ ਕਰਿਆ” ਹੂੰ ਹੂੰ ਹੂੰ….

ਪਰ…

“ਪਰ ਕੀਹ” ਬਹੁਤ ਗੱਲਾਂ ਕਰ ਲਈਆਂ, ” ਚੰਗਾ ਚੱਲਦਾ ਭਰਾਵਾ”।

ਓਹ ਤੇ ਚਲਾ ਗਿਆ, ਪਰ ਮੈਨੂੰ, “ਸੋਚੀਂ ਪਾ ਗਿਆ” ਕਿ ਸਾਡੀ ਭਾਸ਼ਾ ਦੇ ਰਹਿਬਰਾਂ ਦੀ ਸੋਚ ਵਿੱਚ ਐਨਾ ਕੁਲਹਿਣਾ ਬਦਲਾਅ ਕਿਉਂ ਤੇ ਕਿਵੇਂ ਆ ਗਿਆ । ਰਬ ਖ਼ੈਰ ਕਰੇ………

ਭੁਪਿੰਦਰ ਸਿੰਘ ਬੋਪਾਰਾਏ

ਸੰਗਰੂਰ।
ਸੰਪਰਕ : 97797-91442

 

Previous articleਮਰਿਆਦਾ
Next article“ਲਾਸਾਨੀ ਬਾਪੂ”