ਯੇਰੇਵਾਨ (ਅਰਮੀਨੀਆ) (ਸਮਾਜ ਵੀਕਲੀ): ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੰਪਰਕ ਵਧਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਇਰਾਨ ’ਚ ਚਾਬਹਾਰ ਬੰਦਰਗਾਹ ਨੂੰ ਉੱਤਰ-ਦੱਖਣ ਟਰਾਂਸਪੋਰਟ ਗਲਿਆਰੇ ’ਚ ਸ਼ਾਮਲ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਉਨ੍ਹਾਂ ਭਵਿੱਖ ’ਚ ਸਹਿਯੋਗ ਲਈ ਇਕ ਕਾਰਜ ਯੋਜਨਾ ’ਤੇ ਸਹਿਮਤੀ ਜਤਾਈ ਹੈ।
ਇਸ ਦੌਰਾਨ ਉਨ੍ਹਾਂ ਅਰਮੀਨੀਆ ਦੇ ਵਿਦੇਸ਼ ਮੰਤਰੀ ਏ ਮਿਰਜ਼ੋਆਨ ਨਾਲ ਦੁਵੱਲੀ ਵਾਰਤਾ ਦੌਰਾਨ ਕਈ ਮੁੱਦਿਆਂ ’ਤੇ ਵਿਚਾਰ ਪ੍ਰਗਟਾਏ। ਆਪਣੇ ਅਰਮੀਨਿਆਈ ਹਮਰੁਤਬਾ ਨਾਲ ਬੈਠਕ ਤੋਂ ਬਾਅਦ ਸਾਂਝੀ ਪ੍ਰੈੱਸ ਮਿਲਣੀ ਦੌਰਾਨ ਉਨ੍ਹਾਂ ਉਕਤ ਗੱਲਾਂ ਆਖੀਆਂ। ਜੈਸ਼ੰਕਰ ਮੱਧ ਏਸ਼ੀਆ ਦੇ ਤਿੰਨ ਮੁਲਕਾਂ ਦੀ ਯਾਤਰਾ ਦੇ ਆਖਰੀ ਪੜਾਅ ’ਚ ਮੰਗਲਵਾਰ ਨੂੰ ਅਰਮੀਨੀਆ ਪਹੁੰਚੇ ਹਨ। ਉਨ੍ਹਾਂ ਦੀ ਇਸ ਯਾਤਰਾ ਦਾ ਉਦੇਸ਼ ਦੁਵੱਲੇ ਸਬੰਧਾਂ ਨੂੰ ਹੋਰ ਵਿਸਥਾਰਿਤ ਕਰਨ ਅਤੇ ਅਫ਼ਗਾਨਿਸਤਾਨ ਦੇ ਘਟਨਾਕ੍ਰਮ ਸਮੇਤ ਅਹਿਮ ਖੇਤਰੀ ਮੁੱਦਿਆਂ ’ਤੇ ਚਰਚਾ ਕਰਨਾ ਹੈ। ਭਾਰਤ ਦੇ ਕਿਸੇ ਵਿਦੇਸ਼ ਮੰਤਰੀ ਦੀ ਇਹ ਪਹਿਲੀ ਅਰਮੀਨੀਆ ਯਾਤਰਾ ਹੈ।
ਜ਼ਿਕਰਯੋਗ ਹੈ ਕਿ ਇਰਾਨ ਦੇ ਸਿਸਤਾਨ-ਬਲੋਚਿਸਤਾਨ ਪ੍ਰਾਂਤ ਦੇ ਦੱਖਣੀ ਕੰਢੇ ’ਤੇ ਸਥਿਤ ਚਾਬਹਾਰ ਬੰਦਰਗਾਹ ਤੱਕ ਭਾਰਤ ਦੇ ਪੱਛਮੀ ਕੰਢੇ ਤੋਂ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਅਤੇ ਇਸ ਨੂੰ ਪਾਕਿਸਤਾਨ ਦੇ ਗਵਾਦਰ ਬੰਦਰਗਾਹ ਦੀ ਕਾਟ ਮੰਨਿਆ ਜਾ ਰਿਹਾ ਹੈ ਜੋ ਚਾਬਹਾਰ ਤੋਂ ਕਰੀਬ 80 ਕਿਲੋਮੀਟਰ ਦੂਰ ਸਥਿਤ ਹੈ। ਸਿਆਸੀ ਅਤੇ ਸੱਭਿਆਚਾਰਕ ਖੇਤਰਾਂ ’ਚ ਦੁਵੱਲੇ ਸਬੰਧਾਂ ਦਾ ਜ਼ਿਕਰ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਆਰਥਿਕ ਅਤੇ ਵਣਜ ਸਹਿਯੋਗ, ਸੈਰ ਸਪਾਟਾ, ਬੁਨਿਆਦੀ ਢਾਂਚੇ ਤੇ ਨਿਵੇਸ਼ ਨੂੰ ਹੋਰ ਮਜ਼ਬੂਤ ਕਰਨ ਦੀ ਸਪੱਸ਼ਟ ਤੌਰ ’ਤੇ ਗੁੰਜਾਇਸ਼ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly