ਇਹ ਮੁਲਾਜ਼ਮ ਵਿਰੋਧੀ ਤਜਵੀਜ ਵਾਪਿਸ ਨਾ ਲਈ ਤਾਂ ਸੰਘਰਸ਼ ਕਰਾਂਗੇ – ਜਸਵਿੰਦਰ ਸ਼ਰਮਾ ਤੇ ਅਮਨ ਪੰਜਾਵਾ
ਬਠਿੰਡਾ (ਸਮਾਜ ਵੀਕਲੀ) (ਸਿਵੀਆਂ): ਸੂਬਾ ਸਰਕਾਰ ਵੱਲੋਂ ਪਹਿਲੀ ਜਨਵਰੀ ਤੋਂ ਸੂਬੇ ਦੇ ਅੰਗਹੀਣ ਮੁਲਾਜ਼ਮਾਂ ਨੂੰ ਸਫ਼ਰੀ ਭੱਤਾ ਮੁੜ ਚਾਲੂ ਕਰਨ ਦੇ ਐਲਾਨ ਨਾਲ ਜਿੱਥੇ ਸੂਬੇ ਦੇ ਅੰਗਹੀਣ ਮੁਲਾਜ਼ਮਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਹੀ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅੰਗਹੀਣ ਮੁਲਾਜ਼ਮਾਂ ਦੇ ਸਰਟੀਫਿਕੇਟਾਂ ਨੂੰ ਬਿਨਾਂ ਕਿਸੇ ਨਿੱਜੀ ਕਾਰਨ ਪੀ. ਜੀ.ਆਈ ਤੋਂ ਤਸਦੀਕ ਕਰਵਾਏ ਜਾਣ ਦੀ ਤਜਵੀਜ਼ ਕਾਰਨ ਪਹਿਲਾਂ ਤੋਂ ਹੀ ਕੁਦਰਤੀ ਮਾਰ ਦਾ ਸ਼ਿਕਾਰ ਅੰਗਹੀਣ ਮੁਲਾਜ਼ਮਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਇਹ ਫ਼ੈਸਲਾ ਸਮੂਹ ਮੁਲਾਜ਼ਮਾਂ ਨੂੰ ਬੇਲੋੜੀ ਪ੍ਰੇਸ਼ਾਨੀ ਅਤੇ ਸ਼ੱਕੀ ਰੱਵਈਆ ਕਾਰਨ ਜਲਾਲਤ ਦੇਣ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ,
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਮਲਟੀਪਰਪਜ਼ ਹੈਲਥ ਇੰਮਪਲਾਈਜ ਯੂਨੀਅਨ ਪੰਜਾਬ ਦੇ ਜਿਲਾ ਬਠਿੰਡਾ ਅਰਬਨ ਦੇ ਪ੍ਰਧਾਨ ਜਸਵਿੰਦਰ ਸ਼ਰਮਾ ਅਤੇ ਉੱਪ ਪ੍ਰਧਾਨ ਅਮਨ ਪੰਜਾਵਾ ਨੇ ਕਿਹਾ ਕਿ ਸਰਕਾਰ ਪਹਿਲਾਂ ਤੋਂ ਬਣੇ ਅੰਗਹੀਣ ਸਰਟੀਫਿਕੇਟਾਂ ਨੂੰ ਹੁਣ ਦੁਬਾਰਾ ਪੀ. ਜੀ. ਆਈ ਤੋਂ ਵੈਰੀਫਾਈ ਜੇਕਰ ਕਰਵਾਉਂਦੀ ਹੈ ਤਾਂ ਇਹ ਆਪਣੇ ਆਪ ਵਿੱਚ ਸਿਵਲ ਸਰਜਨਾਂ ਦੇ ਕੰਮ ਅਤੇ ਇਮਾਨਦਾਰੀ ਤੇ ਸਵਾਲੀਆ ਨਿਸ਼ਾਨ ਹੈ, ਜਦਕਿ ਪੂਰੇ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਇਹ ਫ਼ੈਸਲਾ ਬਿਨਾਂ ਕਾਰਨ ਥੋਪਣਾ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ਤੋਂ ਵੱਧ ਕੁੱਝ ਨਹੀਂ ਹੈ ਉਹਨਾਂ ਕਿਹਾ ਕਿ ਜੇਕਰ ਵਿਭਾਗ ਕੋਲ ਕਿਸੇ ਮੁਲਾਜਮ ਦੀ ਅੰਗਹੀਣਤਾ ਨੂੰ ਲੈ ਕਿ ਕੋਈ ਸ਼ਿਕਾਇਤ ਹੈ ਤਾਂ ਉਸਦਾ ਪ੍ਰਮਾਣ ਪੱਤਰ ਸੰਬੰਧਤ ਅਥਾਰਟੀ ਪਾਸੋ ਵੈਰੀਫਾਈ ਕਰਵਾ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦੋਂ ਕੋਈ ਕਰਮਚਾਰੀ ਨੌਕਰੀ ਵਿੱਚ ਆਉਂਦਾ ਹੈ ਤਾਂ ਉਸਦੇ ਪ੍ਰਮਾਣ ਪੱਤਰ ਵੈਰੀਫਾਈ ਹੁੰਦੇ ਹੀ ਹਨ।
ਉਹਨਾਂ ਕਿਹਾ ਕਿ ਇਹ ਮੰਦਭਾਗਾ ਫ਼ੈਸਲਾ ਤੁਰੰਤ ਵਾਪਿਸ ਲਿਆ ਜਾਵੇ ਅਤੇ ਅੰਗਹੀਣ ਮੁਲਾਜ਼ਮਾਂ ਦਾ ਸਫ਼ਰੀ ਭੱਤਾ ਇਸੇ ਮਹੀਨੇ ਤੋਂ ਲਾਗੂ ਕੀਤਾ ਜਾਵੇ ਉਹਨਾਂ ਕਿਹਾ ਕਿ ਜੇਕਰ ਬਿਨਾਂ ਲੋੜ ਸੂਬੇ ਦੇ ਸਾਰੇ ਮੁਲਾਜ਼ਮਾਂ ਦੇ ਅੰਗਹੀਣ ਸਰਟੀਫਿਕੇਟਾਂ ਨੂੰ ਪੀ. ਜੀ. ਆਈ ਤੋਂ ਤਸਦੀਕ ਕਰਾਉਣ ਦਾ ਫ਼ੈਸਲਾ ਵਾਪਿਸ ਨਾ ਲਿਆ ਗਿਆ ਤਾਂ ਸੂਬੇ ਦੇ ਮੁਲਾਜ਼ਮ ਇਸ ਮੁਲਾਜ਼ਮ ਵਿਰੋਧੀ ਫ਼ੈਸਲੇ ਨੂੰ ਰੱਦ ਕਰਾਉਣ ਦੇ ਲਈ ਸੰਘਰਸ਼ ਤੋਂ ਵੀ ਪਿੱਛੇ ਨਹੀਂ ਹਟਣਗੇ |ਇਸ ਮੌਕੇ ਉਹਨਾਂ ਨਾਲ ਜਥੇਬੰਦੀ ਦੇ ਮੁੱਖ ਸਲਾਹਕਾਰ ਭੁਪਿੰਦਰ ਸਿੰਘ, ਐਡਿਟਰ ਸ਼ਿਵਪਾਲ ਸਿੰਘ, ਸੀ ਪੀ ਐੱਫ ਯੂਨੀਅਨ ਦੇ ਸਲਾਹਕਾਰ ਗੁਰਮੀਤ ਸਿੰਘ, ਵਿੱਤ ਸਕੱਤਰ ਰੁਪਿੰਦਰ ਰਾਣੀ, ਨਰਵਿੰਦਰ ਸਿੰਘ ਸਿੰਘ, ਦਫ਼ਤਰ ਸਕੱਤਰ ਮੁਨੀਸ਼ ਕੁਮਾਰ, ਰਾਜਦੀਪ ਸਿੰਘ, ਸੁਨੀਲ ਕੁਮਾਰ, ਸੁਖਨਪਾਲ ਸਿੰਘ ਮਲੋਟ ਅਤੇ ਸੁਨੀਲ ਕੁਮਾਰ ਆਦਿ ਕਈ ਮੁਲਾਜਮ ਹਾਜ਼ਰ ਸਨ |
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly