**ਰਸਮ-ਏ-ਸ਼ਹਾਦਤ**

ਰਿਤੂ ਵਾਸੂਦੇਵ
(ਸਮਾਜ ਵੀਕਲੀ)
ਓਹ ਸ਼ਾਇਰ ਤੇਗ਼ ਨਾਲ਼ ਲਿਖਦਾ
ਇਬਾਰਤ ਮੱਥਿਆਂ ਉੱਤੇ
ਤੇ ਚੰਡੀ ਸਿੱਧ ਕਰਕੇ ਹੀ
ਰਕਾਬੇ ਪੈਰ ਧਰਦਾ ਏ
ਜਦੋਂ ਸਰਬੰਸ ਸਾਰਾ
ਵਾਰ ਦਿੰਦਾ ਕੌਮ ਦੇ ਉੱਤੋਂ
ਤੇ ਖ਼ਾਲੀ ਹੱਥ ਮੁੜਿਆ
ਜਿੱਤ ਦਾ ਐਲਾਨ ਕਰਦਾ ਹੈ
ਉਹ ਭਰਦਾ ਹੌਂਸਲੇ ਟੁੱਟੇ ਪਰਾਂ ਵਿਚ
ਇਸ ਕਦਰ ਅਕਸਰ
ਓਹ ਬਾਜਾਂ, ਘੋੜਿਆਂ, ਤੀਰਾਂ,
ਕ਼ਲਮ ਨੂੰ ਜੋਸ਼ ਦਿੰਦਾ ਹੈ
ਉਹ ਤਿੜਕੇ ਜਜ਼ਬਿਆਂ ਨੂੰ
ਲਾ ਰੂਹਾਨੀ ਚਾਸ਼ਨੀ ਦੇਵੇ
ਲਪੇਟਾ ਮਾਰ ਕੇ ਦਸਤਾਰ
ਦੇ ਵਿੱਚ ਹੋਸ਼ ਦਿੰਦਾ ਹੈ
ਅਦਾ ਕੁਝ ਹੋਰ ਹੁੰਦੀ ਏ
ਵਕ਼ਤ ਦੇ ਰਹਿਬਰਾਂ ਅੰਦਰ
ਉਹ ਡਿੱਗਦੇ ਬੋਚ ਲੈਂਦੇ ਨੇ
ਤੇ ਚੜ੍ਹਦੇ ਠੱਲ੍ਹ ਲੈਂਦੇ ਨੇ
ਬੜੇ ਸ਼ਾਲੀਨ ਜੁੱਸੇ ਵਾਲੜੇ
ਸੂਰੇ, ਮਹਾਂ-ਸੂਰੇ
ਹਲੀਮੀ, ਸਹਿਜ, ਸਬਰਾਂ ਨਾਲ਼
ਫ਼ਤਵੇ ਝੱਲ ਲੈਂਦੇ ਨੇ
ਉਹ ਆਸ਼ਿਕ ਧਰਮ ਦਾ ਹੈ
ਤੇ ਸ਼ਹੀਦੀ ਵਣਜ ਕਰਦਾ ਏ
ਤਵੀ ‘ਤੇ ਬਹਿਣ ਦੀ ਪਿਛਲੀ
ਸਮਾਧੀ ਯਾਦ ਆਉਂਦੀ ਏ
ਕਿ ਉਸਦੀ ਕੌਮ ਨੇ
ਰਸਮ-ਏ-ਸ਼ਹਾਦਤ ਭੁਲ ਨਹੀਂ ਜਾਣੀ
ਉਮਰ ਨੌਂ ਸਾਲ ਦੀ ਵਿਚ ਆਣ
ਹੋਣੀ ਖਿੱਚ ਪਾਉਂਦੀ ਏ
ਉਹਨੇ ਪੰਜਾਂ ਕਕਾਰਾਂ ਨੂੰ
ਵਿਕਾਰਾਂ ਸਾਹਮਣੇ ਕੀਤਾ
ਤੇ ਘੜੀਆਂ, ਪਹਿਰ ਕੰਬੇ,
ਸ਼ਹਿਰ ਕੰਬੇ, ਕਹਿਰ ਵੀ ਕੰਬੇ
ਪਿਲਾ ਕੇ ਪਾਹੁਲ ਖੰਡੇ ਦੀ
ਸਜਾਇਆ ਖ਼ਾਲਸਾ ਏਦਾਂ
ਸਮੁੰਦਰ ਆਪ ਕੰਬੇ, ਲਹਿਰ ਕੰਬੇ,
ਗਹਿਰ ਵੀ ਕੰਬੇ
ਝੂਜਦਾ ਧਰਮ ਦੀ ਖਾਤਰ
ਨਫ਼ੇ-ਨੁਕਸਾਨ ਝੱਲਦਾ ਵੀ
ਬਗ਼ਾਵਤ ਸਿਰਜ ਕੇ
ਲਹੂਆਂ ‘ਚ ਦੀਵੇ ਬਾਲ਼ ਦਿੰਦਾ ਏ
ਉਹ ਅੱਖਾਂ ਮੇਲ਼ ਕੇ ਹੁੰਦਾ
ਮੁਖ਼ਾਤਬ ਦੁਸ਼ਮਣਾਂ ਅੱਗੇ
ਫਤਹਿ ਕਹਿ ਕੇ ਭੰਗਾਣੀ ਵਿਚ
ਨ੍ਹੇਰੀ ਠਾਲ਼ ਦਿੰਦਾ ਏ
ਹਲਾਤੀ ਪਾਰਖੂ ਆਗੂ ਵੀ ਚੰਗਾ
ਸੂਝ ਦਾ ਚੰਡਿਆ
ਕਿਲਾਬੰਦੀ ਅਨੰਦਪੁਰ ਦੀ
ਦਾ ਘੇਰਾ ਤੋੜ ਦਿੰਦਾ ਏ
ਉਹ ਦ੍ਰਿੜ੍ਹਤਾ ਨਾਲ਼ ਲੜਦੇ
ਸੂਰਿਆਂ ਦੀ ਓਟ ਬਣਦਾ ਏ
ਤੇ ਵੇਲ਼ਾ ਆਉਣ ਤੇ
ਮੁਗ਼ਲਾਂ ਨੂੰ ਭਾਜੀ ਮੋੜ ਦਿੰਦਾ ਏ
ਗੜ੍ਹੀ ਚਮਕੌਰ ਦੀ ਕਰਦੀ ਰਹੀ
ਜੋ ਸਾਜਿਸ਼ਾਂ ਗੁੱਝੀਆਂ
ਉਹਦੀ ਸ਼ਾਤਿਰਗਿਰੀ ਦੀ
ਅਹਿਮ ਬੇੜੀ ਲਾਹ ਕੇ ਮੁੜ ਆਇਆ
ਉਹ ਬਣਕੇ ਇਸ ਕਦਰ ਸੁਪਨਾ
ਗਿਆ ਸੀ ਵਿਚ ਮਹਿਲਾਂ ਦੇ
ਵਜ਼ੀਰ – ਏ-ਖ਼ਾਨ ਨੂੰ
ਸੋਚਾਂ ਦੀ ਚੇਟਕ ਲਾ ਕੇ ਮੁੜ ਆਇਆ
ਮੁਕਤਸਰ-ਸਰ ਨਹੀਂ ਹੁੰਦਾ
ਜੇ ਸਿਰ ‘ਤੇ ਸੀਸ ਰਹਿ ਜਾਂਦੇ
ਅਨੋਖੀ ਕੌਮ ਹੈ ਜਿਸ ਨੂੰ
ਪਿਆਏ ਅਣਖ ਦੇ ਬਾਟੇ
ਜਦੋਂ ਦਾਤਾ ਹੀ ਦਾਤਾਂ ਦੇਣ
ਵਾਲ਼ਾ ਮਿਲ਼ ਪਿਆ ਏਦਾਂ
ਕਦੇ ਵੀ ਫਿਰ ਪਏ ਨਾ
ਜ਼ਿੰਦਗੀ ਵਿੱਚ ਸਿਦਕ ਦੇ ਘਾਟੇ
ਉਹ ਸ਼ੈਲੀ ਮਸਨਵੀ ਦਾ
ਜ਼ਫ਼ਰਨਾਮਾ ਫਾਰਸੀ ਦੇ ਵਿੱਚ
ਕਿ ਪੜ੍ਹ ਕੇ ਮੁਗ਼ਲ ਜਿਸ ਨੂੰ
ਆਖਰੀ ਜੰਗ ਹਾਰ ਬੈਠਾ ਸੀ
ਕ਼ਲਮ ਨੇ ‘ਅੰਤ’ ਲਿਖਿਆ ਸੀ
ਲਹੂ ਸੀਨੇ ‘ਚੋਂ ਲੈ-ਲੈ ਕੇ
ਔਰੰਗਾ ਆਪਣਾ ਇਖ਼ਲਾਕ਼
ਆਪੇ ਮਾਰ ਬੈਠਾ ਸੀ
ਹੈ ਕਾਇਨਾਤ ਅੰਦਰ ਲਰਜ਼ਦਾ
ਚਸ਼ਮਾ ਮੁਹੱਬਤ ਦਾ
ਕਿ ਜਿਸ ਤੋਂ ਪੀਰ ਤੇ ਦਰਵੇਸ਼
ਸਾਰੇ ਇਸ਼ਕ ਸਿੱਖਦੇ ਨੇ
ਜੀ ਕੁਝ ਤਾਂ ਸਜਦਿਆਂ ਵਿਚ
ਮਾਣ ਲੈਂਦੇ ਲੁਤਫ਼ ਬਰਕਤ ਦਾ
ਤੇ ਕੁਝ ਮੇਰੇ ਜਹੇ ਸ਼ਾਇਰ
ਕਿਤਾਬਾਂ ਵਿੱਚ ਲਿਖਦੇ ਨੇ
ਮਹੀਨੇ, ਸਾਲ, ਸਦੀਆਂ, ਪੀੜ੍ਹੀਆਂ,
ਯੁੱਗਾਂ ਨੂੰ ਪਹੁੰਚੀ ਏ
ਸਿਰਾਂ ਦੀ ਦਾਸਤਾਂ ਜੋ
ਇਸ ਜਹਾਨੋਂ ਪਾਰ ਲਿਖਦਾ ਏ
ਜੋ ਮੇਰੇ ਰਹਿਬਰਾਂ ਨੂੰ
ਰਹਿਬਰੀ ਦਾ ਹੁਕਮ ਦੇਂਦਾ ਏ
ਕਿਤਾਬ-ਏ-ਇਸ਼ਕ ਦੇ ਵਿੱਚ
ਹੁਕਮ ਹੀ ਦਰਕਾਰ ਲਿਖਦਾ ਏ
~ਰਿਤੂ ਵਾਸੂਦੇਵ
Previous article“ਬਾਰਾ ਮਾਹ “
Next articleਮਾਘੀ ਮੁਕਤਸਰ ਦੀ