ਸਮਾਗਮ ਦੌਰਾਨ ਹੋਣਹਾਰ ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ
ਕਪੂਰਥਲਾ (ਕੌੜਾ)-ਇਲਾਕੇ ਦੀ ਸਮਾਜ ਸੇਵੀ ਸੰਸਥਾ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਰਾਜਿ ਰੇਲ ਕੋਚ ਫੈਕਟਰੀ, ਕਪੂਰਥਲਾ ਵੱਲੋਂ ਭਾਰਤੀ ਸੰਵਿਧਾਨ ਦੀ 72ਵੀਂ ਵਰ੍ਹੇਗੰਢ ਨੂੰ ਸਮਰਪਿਤ ਵਰਕਰ ਕਲੱਬ ਵਿਖੇ ਐਸਸੀ/ਐਸਟੀ ਭਾਈਚਾਰੇ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਿਪਟੀ ਸੀ.ਐਮ.ਈ ਕਿਸ਼ਨ ਸਿੰਘ, ਸੀਨੀਅਰ ਈਡੀਪੀਐਮ ਭਰਤ ਸਿੰਘ, ਸਮਾਜ ਸੇਵੀ ਐਡਵੋਕੇਟ ਦਲਜੀਤ ਸਿੰਘ ਸਹੋਤਾ ਅਤੇ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਸਾਂਝੇ ਤੌਰ ਤੇ ਕੀਤੀ। ਪ੍ਰਧਾਨਗੀ ਮੰਡਲ ਵੱਲੋਂ ਬਾਬਾ ਸਾਹਿਬ ਡਾ. ਅੰਬੇਡਕਰ ਦੀ ਤਸਵੀਰ ‘ਤੇ ਫੁੱਲ ਮਾਲਾਵਾਂ ਚੜ੍ਹਾਉਣ ਤੋਂ ਬਾਅਦ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੀ ਪ੍ਰਤਿਗਿਆ ਪੂਰਨ ਸਿੰਘ ਸਾਬਕਾ ਜ਼ੋਨਲ ਪ੍ਰਧਾਨ ਐਸ.ਸੀ./ਐਸ.ਟੀ. ਦੁਆਰਾ ਦੁਆਈ ਗਈ।
ਸੰਸਥਾ ਦੇ ਜਨਰਲ ਸਕੱਤਰ ਧਰਮਪਾਲ ਪੈਂਥਰ ਨੇ ਦੱਸਿਆ ਕਿ ਸੰਸਥਾ ਵੱਲੋਂ ਸਮੇਂ-ਸਮੇਂ ‘ਤੇ ਸਮਾਜ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ | ਸੁਸਾਇਟੀ ਆਈਆਈਟੀ, ਮੈਡੀਕਲ ਅਤੇ ਲਾਅ ਦੀਆਂ ਡਿਗਰੀਆਂ ਅਤੇ ਐਨਈਈਟੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰ ਰਹੀ ਹੈ। ਬਾਬਾ ਸਾਹਿਬ ਨੇ ਪੜ੍ਹੇ-ਲਿਖੇ ਲੋਕਾਂ ਨੂੰ ਪੇ ਬੈਕ ਟੂ ਸੁਸਾਇਟੀ ਦਾ ਸੰਦੇਸ਼ ਦਿੱਤਾ ਸੀ ਤਾਂ ਜੋ ਲੋੜਵੰਦ ਬੱਚੇ ਨੌਕਰੀਆਂ ਪ੍ਰਾਪਤ ਕਰਕੇ ਗਰੀਬ ਸਮਾਜ ਦੀ ਉੱਨਤੀ ਲਈ ਲੋੜੀਂਦੇ ਉਪਰਾਲੇ ਕਰ ਸਕਣ।
ਇਸ ਸ਼ੁਭ ਮੌਕੇ ‘ਤੇ ਕਿਸ਼ਨ ਸਿੰਘ ਨੇ ਬੱਚਿਆਂ ਨੂੰ ਪੜ੍ਹਾਈ ਅਤੇ ਰੁਜ਼ਗਾਰ ‘ਚ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਵੱਖੋ-ਵੱਖਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜਿਨ੍ਹਾਂ ਕੋਲ ਜ਼ਿੱਦ ਅਤੇ ਜਨੂੰਨ ਹੋਵੇ, ਉਹ ਕਦੇ ਵੀ ਮੁਸ਼ਕਿਲਾਂ ਦੀ ਪ੍ਰਵਾਹ ਨਹੀਂ ਕਰਦੇ। ਸ਼੍ਰੀ ਭਰਤ ਸਿੰਘ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਗੈਰ-ਵਿਗਿਆਨਕ ਗਤੀਵਿਧੀਆਂ ਅਤੇ ਅੰਧ-ਵਿਸ਼ਵਾਸਾਂ ਦੇ ਪ੍ਰਚਾਰ-ਪ੍ਰਸਾਰ ਦੀ ਮਨਾਹੀ ਕਰਦਾ ਹੈ, ਪਰ ਫਿਰ ਵੀ ਇਹ ਸਭ ਕੁਝ ਦੇਸ਼ ਵਿੱਚ ਬੇਰੋਕ-ਟੋਕ ਚੱਲ ਰਿਹਾ ਹੈ। ਐਡਵੋਕੇਟ ਦਲਜੀਤ ਸਿੰਘ ਸਹੋਤਾ ਅਤੇ ਸੁਸਾਇਟੀ ਦੇ ਪ੍ਰਚਾਰ ਸਕੱਤਰ ਨਿਰਵੈਰ ਸਿੰਘ ਨੇ ਸਾਂਝੇ ਤੌਰ ਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੜ੍ਹੇ ਲਿਖੇ ਵਿਅਕਤੀ ਹੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਭਾਰਤੀ ਸੰਵਿਧਾਨ ਕਾਰਨ ਅੱਜ ਦੇਸ਼ ਦੇ ਹਰੇਕ ਨਾਗਰਿਕ ਨੂੰ ਵੋਟ ਦਾ ਬਰਾਬਰ ਅਧਿਕਾਰ ਪ੍ਰਾਪਤ ਹੋਇਆ ਹੈ। ਇਹ ਸਾਡੇ ਦੇਸ਼ ਦੀ ਬਦਕਿਸਮਤੀ ਦੀ ਗੱਲ ਹੈ ਕਿ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਮਨੁੱਖ ਦੀ ਪਛਾਣ ਯੋਗਤਾ ਦੇ ਆਧਾਰ ‘ਤੇ ਨਹੀਂ ਬਲਕਿ ਜਾਤੀ ਦੇ ਆਧਾਰ ‘ਤੇ ਹੈ। ਆਜ਼ਾਦੀ ਤੋਂ ਪਹਿਲਾਂ ਵੀ ਤੇ ਅੱਜ ਵੀ ਐਸਸੀ/ਐਸਟੀ ਸਮਾਜ ਸਮਾਜਿਕ, ਆਰਥਿਕ ਅਤੇ ਮਾਨਸਿਕ ਪੀੜ ਨਾਲ ਜੂਝ ਰਿਹਾ ਹੈ। ਗਰੀਬਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਨੀਤੀਆਂ ਤਾਂ ਬਣਾਈਆਂ ਜਾਂਦੀਆਂ ਹਨ ਪਰ ਨੀਅਤ ਸਾਫ਼ ਨਹੀਂ ਜਿਸ ਕਰਕੇ ਗਰੀਬ ਲੋਕ ਘਟੀਆ ਹਾਲਾਤਾਂ ਵਿੱਚ ਜੀਵਨ ਬਸਰ ਕਰ ਰਹੇ ਹਨ।ਇਸ ਤੋਂ ਇਲਾਵਾ ਡਾ: ਸਿਮਰਨਜੀਤ ਕੌਰ ਮੈਡੀਕਲ ਅਫ਼ਸਰ ਟਿੱਬਾ ਨੇ ਡਾ ਅੰਬੇਡਕਰ ਸੁਸਾਇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਾਬਾ ਸਾਹਿਬ ਨੇ ਸਿੱਖਿਅਤ ਹੋਵੋ, ਸੰਘਰਸ਼ ਕਰੋ ਅਤੇ ਸੰਗਠਿਤ ਰਹੋ ਦਾ ਸੰਦੇਸ਼ ਦਿੱਤਾ ਸੀ। ਜੇਕਰ ਅੱਜ ਮੈਂ ਇਸ ਮੁਕਾਮ ‘ਤੇ ਪਹੁੰਚੀ ਹਾਂ ਤਾਂ ਬਾਬਾ ਸਾਹਿਬ ਡਾ ਅੰਬੇਡਕਰ ਦੀ ਦੇਣ ਹੈ | ਉਸ ਦੁਆਰਾ ਕੀਤੀ ਗਈ ਕੁਰਬਾਨੀ ਅਤੇ ਭਾਰਤੀ ਸੰਵਿਧਾਨ ਦੀ ਬਦੌਲਤ ਦੇਸ਼ ਵਿੱਚ ਔਰਤਾਂ ਮਰਦਾ ਦੇ ਬਰਾਬਰ ਹੱਕ ਅਤੇ ਸਨਮਾਨਯੋਗ ਜਿੰਦਗੀ ਬਸਰ ਕਰ ਰਹੀਆ ਹਨ। ਜੇਕਰ ਅੱਜ ਭਾਰਤ ਦੀ ਹਰ ਔਰਤ ਨੂੰ ਇੱਜ਼ਤ ਮਿਲੀ ਹੈ। ਸੁਸਾਇਟੀ ਵੱਲੋਂ 7 ਡਾਕਟਰਾਂ, 4 ਵਕੀਲਾਂ, 1 ਆਈ.ਆਈ.ਟੀ ਅਤੇ 5 ਮੈਡੀਕਲ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਮਿਸ਼ਨਰੀ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ, ਅਧਿਕਾਰੀਆਂ ਤੋਂ ਇਲਾਵਾ ਆਰਥਿਕ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੀਨੀਅਰ ਮੀਤ ਪ੍ਰਧਾਨ ਸੰਤੋਖ ਰਾਮ ਜੰਗਾਲ, ਮੀਤ ਪ੍ਰਧਾਨ ਨਿਰਮਲ ਸਿੰਘ, ਪੂਰਨ ਚੰਦ ਬੋਧ, ਕਰਨੈਲ ਸਿੰਘ ਬੇਲਾ, ਆਰ.ਕੇ.ਪਾਲ, ਸੋਹਣ ਬੈਠਾ, ਬ੍ਰਹਮਪਾਲ ਸਿੰਘ, ਟੇਕ ਚੰਦ, ਰਘਬੀਰ ਚੰਦ, ਅਮਰਜੀਤ ਸਿੰਘ ਮੱਲ, ਕ੍ਰਿਸ਼ਨ ਸਿੰਘ, ਵਿਜੇ ਕੁਮਾਰ, ਸ਼ਿੰਦ ਪਾਲ, ਰਵਿੰਦਰ ਕੁਮਾਰ, ਧਰਮਵੀਰ, ਜਗਤਾਰ ਸਿੰਘ, ਬਦਰੀ ਪ੍ਰਸਾਦ, ਤੇਜ ਪਾਲ ਸਿੰਘ ਬੋਧ, ਤਰੁਣ ਕੁਮਾਰ, ਰੋਹਿਤ ਜਨਾਗਲ ਅਤੇ ਨੰਦ ਲਾਲ ਆਦਿ ਨੇ ਯੋਗਦਾਨ ਪਾਇਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly