ਅੰਮ੍ਰਿਤਸਰ (ਸਮਾਜ ਵੀਕਲੀ):ਦਰਬਾਰ ਸਾਹਿਬ ’ਤੇ 4 ਜੁਲਾਈ 1955 ਨੂੰ ਤਤਕਾਲੀ ਸਰਕਾਰ ਵੱਲੋਂ ਕੀਤੇ ਗਏ ਹਮਲੇ ਦੀ ਯਾਦ ਵਿੱਚ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਾਕੇ ਨਾਲ ਸਬੰਧਤ ਖੋਜ ਕਰਨ ਦਾ ਐਲਾਨ ਕੀਤਾ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 1955 ਵਿੱਚ ਨਹਿਰੂ ਸਰਕਾਰ ਦੇ ਹੁਕਮ ’ਤੇ ਦਰਬਾਰ ਸਾਹਿਬ ਵਿੱਚ ਪੁਲੀਸ ਭੇਜੀ ਗਈ ਸੀ ਅਤੇ ਇਹ ਹਮਲਾ ਸਿੱਖਾਂ ਦੀਆਂ ਹੱਕੀ ਮੰਗਾਂ ਦੀ ਆਵਾਜ਼ ਦਬਾਉਣ ਲਈ ਕੀਤਾ ਗਿਆ ਸੀ।
ਲਗਪਗ 66 ਵਰ੍ਹਿਆਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਪਹਿਲੀ ਵਾਰ ਇਸ ਸਾਕੇ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ ਹੈ। ਪੁਲੀਸ ਵੱਲੋਂ ਦਰਬਾਰ ਸਾਹਿਬ ਸਮੂਹ ਵਿਚ ਚਲਾਏ ਗਏ ਅੱਥਰੂ ਗੈਸ ਦੇ ਗੋਲਿਆਂ ਦੇ ਖੋਲ ਵੀ ਸਮਾਗਮ ਦੌਰਾਨ ਸੰਗਤ ਦਰਸ਼ਨ ਲਈ ਰੱਖੇ ਗਏ। ਜਥੇਦਾਰ ਨੇ ਕਿਹਾ ਕਿ ਵਕਤ ਦੀਆਂ ਹਕੂਮਤਾਂ ਨੇ ਸਿੱਖਾਂ ਨੂੰ ਹਮੇਸ਼ਾ ਹੀ ਦਬਾਉਣ ਦਾ ਯਤਨ ਕੀਤਾ ਹੈ ਅਤੇ ਇਸੇ ਸਿਲਸਿਲੇ ਵਿਚ ਹੀ 4 ਜੁਲਾਈ 1955 ਨੂੰ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਗਿਆ ਸੀ। ਦੇਸ਼ ਦੀ ਆਜ਼ਾਦੀ ਮਗਰੋਂ ਜਦੋਂ ਦੇਸ਼ ਵਿਚ ਭਾਸ਼ਾ ਦੇ ਆਧਾਰ ’ਤੇ ਸੂਬੇ ਬਣੇ ਤਾਂ ਪੰਜਾਬ ਨਾਲ ਅਨਿਆਂ ਕੀਤਾ ਗਿਆ। ਇਸ ਦੇ ਵਿਰੁੱਧ ਸਿੱਖਾਂ ਵੱਲੋਂ ਹੱਕੀ ਮੰਗਾਂ ਦੀ ਚੁੱਕੀ ਅਵਾਜ਼ ਨੂੰ ਦਬਾਉਣ ਲਈ ਨਹਿਰੂ ਸਰਕਾਰ ਦੇ ਹੁਕਮ ’ਤੇ ਦਰਬਾਰ ਸਾਹਿਬ ਵਿੱਚ ਪੁਲੀਸ ਭੇਜੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰਾਂ ਨੇ ਸਿੱਖਾਂ ਨਾਲ ਹਮੇਸ਼ਾ ਬੇਗਾਨਿਆਂ ਵਾਲਾ ਸਲੂਕ ਕੀਤਾ ਹੈ। ਅੰਤ ਵਿੱਚ ਉਨ੍ਹਾਂ ਸਿੱਖ ਕੌਮ ਨੂੰ ਇੱਕਜੁਟ ਹੋਣ ਦਾ ਸੱਦਾ ਦਿੱਤਾ।
ਬੀਬੀ ਜਗੀਰ ਕੌਰ ਨੇ ਆਖਿਆ ਕਿ ਇਸ ਸਾਕੇ ਸਬੰਧੀ ਮੁਕੰਮਲ ਖੋਜ ਕਰਵਾ ਕੇ ਇਸ ਦਾ ਸੰਗ੍ਰਹਿ ਤਿਆਰ ਕੀਤਾ ਜਾਵੇਗਾ। ਸਾਕੇ ਨਾਲ ਸਬੰਧਤ ਤਸਵੀਰਾਂ ਵੀ ਇਸ ਦਾ ਹਿੱਸਾ ਹੋਣਗੀਆਂ। ਉਸ ਸਮੇਂ ਦੇ ਚਸ਼ਮਦੀਦਾਂ ਦੀ ਭਾਲ ਕਰ ਕੇ ਉਨ੍ਹਾਂ ਦੀਆਂ ਯਾਦਾਂ ਸੰਭਾਲਣ ਦਾ ਯਤਨ ਕੀਤਾ ਜਾਵੇਗਾ। ਇਸ ਦੌਰਾਨ ਵਧੀਕ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗਿਆਨੀ ਜਸਵੰਤ ਸਿੰਘ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ ਤੇ ਹੋਰ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly