ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਆਰ ਸੀ ਐਫ ਇੰਪਲਾਈਜ ਯੂਨੀਅਨ ਦੀ ਇਕ ਜਰੂਰੀ ਮੀਟਿੰਗ ਅਮਰੀਕ ਸਿੰਘ, ਪ੍ਰਧਾਨ, ਆਰ ਸੀ ਐਫ ਈ ਯੂ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਕਿਸਾਨੀ ਮੰਗਾਂ ਤੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਭੁੱਖ ਹੜਤਾਲ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਪ੍ਰਤੀ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ ਅਤੇ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਅਤੇ ਗੈਰ ਮਨੁੱਖੀ ਰਵਈਏ ਦੀ ਘੋਰ ਨਿੰਦਾ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਸਰਬਜੀਤ ਸਿੰਘ, ਜਨਰਲ ਸੈਕਟਰੀ, ਆਰਸੀਐਫਈਯੂ ਨੇ ਕਿਹਾ ਕਿ ਕੇਂਦਰ ਸਰਕਾਰ ਸ਼ਰੇਆਮ ਦੇਸੀ ਵਿਦੇਸ਼ੀ ਪੂੰਜੀਪਤੀਆਂ ਤੇ ਲੁਟੇਰੀਆਂ ਕਾਰਪੋਰੇਸ਼ਨਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ ਜਦਕਿ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਕਰਮਚਾਰੀਆਂ, ਨੌਜਵਾਨਾਂ, ਔਰਤਾਂ, ਦਲਿਤਾਂ ਅਤੇ ਹੱਕ ਮੰਗਦੇ ਲੋਕਾਂ ਨੂੰ ਅਤੇ ਉਹਨਾਂ ਦੇ ਸੰਘਰਸ਼ਾਂ ਨੂੰ ਬੇਰੁਖੀ ਨਾਲ ਨਜਰ ਅੰਦਾਜ਼ ਕਰ ਰਹੀ ਹੈ ਅਤੇ ਉਨ੍ਹਾਂ ਪ੍ਰਤੀ ਤਾਨਾਸ਼ਾਹੀ ਵਾਲਾ ਰਵੱਈਆ ਅਪਣਾ ਰਹੀ ਹੈ। ਉਨ੍ਹਾਂ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ਸ਼ੀਲ ਕਿਸਾਨਾਂ ਦੇ ਅੰਦੋਲਨ ਨੂੰ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਅਣਡਿੱਠ ਕਰਨਾ ਕੇਂਦਰ ਸਰਕਾਰ ਨੂੰ ਮਹਿੰਗਾ ਪੈ ਸਕਦਾ ਹੈ। ਉਹਨਾਂ ਆਖਿਆ ਕਿ ਬੇਹਦ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਇਸ ਮਸਲੇ ਤੇ ਤਮਾਸਬੀਨ ਬਣੀ ਹੋਈ ਹੈ। ਸਾਥੀ ਅਮਰੀਕ ਸਿੰਘ, ਪ੍ਰਧਾਨ ਨੇ ਆਖਿਆ ਕਿ ਅਸੀਂ ਨਾ ਸਿਰਫ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਅਤੇ ਸੰਘਰਸ਼ ਨਾਲ ਇੱਕਜੁੱਟਤਾ ਪ੍ਰਗਟ ਕਰਦੇ ਹਾਂ ਬਲਕਿ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਚੰਡੀਗੜ੍ਹ ਬਿਜਲੀ ਬੋਰਡ ਅਤੇ ਉੱਤਰ ਪ੍ਰਦੇਸ਼ ਬਿਜਲੀ ਬੋਰਡ ਦੇ ਨਿਜੀਕਰਨ ਦੀ ਨੀਤੀ ਦਾ ਪੁਰਜੋਰ ਵਿਰੋਧ ਵੀ ਕਰਦੇ ਹਾਂ ਅਤੇ ਤਮਾਮ ਸੰਘਰਸ਼ਸ਼ੀਲ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਉਨ੍ਹਾਂ ਆਖਿਆ ਕਿ ਇੱਕ ਪਾਸੇ ਕੇਂਦਰ ਸਰਕਾਰ ਇਤਹਾਸ ਤੋਂ ਕੋਈ ਸਬਕ ਨਾ ਸਿਖਦੀ ਹੋਈ, ਵਿਕਾਸ ਦੇ ਨਾਮ ਉੱਪਰ ਅੰਨੇਵਾਹ ਦੇਸ਼ ਦੇ ਜਨਤਕ ਖੇਤਰ ਅਤੇ ਵਸੀਲਿਆਂ ਦੇ ਨਿਜੀਕਰਨ ਕਰਨ ਲਈ ਉਤਾਰੂ ਹੈ ਦੂਸਰੇ ਪਾਸੇ ਦੇਸ਼ ਦੇ ਨੌਜਵਾਨ ਬੇਰੁਜ਼ਗਾਰੀ ਤੋਂ ਤੰਗ ਆ ਕੇ ਜਾਂ ਤਾਂ ਨਸ਼ਿਆਂ ਤੇ ਜਰਮ ਦੀ ਦੁਨੀਆ ਵਿੱਚ ਗਰਕ ਹੋ ਰਹੇ ਹਨ ਜਾਂ ਫਿਰ ਵਿਦੇਸ਼ਾਂ ਵਿੱਚ ਜਾ ਕੇ ਰੁਜ਼ਗਾਰ ਲੱਭਣ ਲਈ ਮਜਬੂਰ ਹਨ।
ਸਰਬਜੀਤ ਸਿੰਘ ਅਤੇ ਅਮਰੀਕ ਸਿੰਘ ਨੇ ਕਿਹਾ ਕਿ ਨਿਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਦੇ 30-35 ਸਾਲ ਦੇ ਇਤਿਹਾਸ ਨੇ ਸਾਫ ਕਰ ਦਿੱਤਾ ਹੈ ਕਿ ਉਪਰੋਕਤ ਨੀਤੀਆਂ ਦਾ ਮਤਲਬ ਪੈਸੇ ਤੇ ਸੰਸਾਧਨਾਂ ਦਾ ਚੰਦ ਲੋਟੂਆਂ ਦੇ ਹੱਥਾਂ ਵਿੱਚ ਇਕੱਠਾ ਹੋਣਾ ਹੈ ਅਤੇ ਬਹੁ ਗਿਣਤੀ ਲੋਕਾਂ ਲਈ ਮੰਦਹਾਲੀ ਤੇ ਬਰਬਾਦੀ ਹੀ ਹੈ। ਇਸ ਲਈ ਹੁਣ ਦੇਸ਼ ਦੀ ਵੱਡੀ ਲੁਕਾਈ ਕੋਲ ਸੰਘਰਸ਼ਾਂ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਉਹਨਾਂ ਕਿਸਾਨੀ ਸੰਘਰਸ਼ ਅਤੇ ਸਾਰੇ ਸੰਘਰਸ਼ੀਲ ਲੋਕਾਂ ਨਾਲ ਇੱਕ ਜੁੱਟਤਾ ਪ੍ਰਗਟ ਕਰਦਿਆਂ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਆਰਸੀਐਫ ਤੇ ਰੇਲਵੇ ਨੂੰ ਬਚਾਉਣ ਲਈ ਭਵਿੱਖ ਵਿਚ ਹੋਣ ਵਾਲੀ ਜਦੋ-ਜਹਿਦ ਲਈ ਤਿਆਰ ਰਹਿਣ ਅਤੇ ਜਿੱਥੇ ਵੀ ਸੰਭਵ ਹੋਵੇ ਸੰਘਰਸ਼ਸ਼ੀਲ ਸਾਥੀਆਂ ਵਿੱਚ ਸ਼ਾਮਿਲ ਹੋ ਕੇ ਉਹਨਾਂ ਦਾ ਹੌਸਲਾ ਵਧਾਉਣ। ਮੀਟਿੰਗ ਵਿੱਚ ਸ੍ਰੀ ਦਰਸ਼ਨ ਲਾਲ ਵਰਕਿੰਗ ਪ੍ਰੈਜੀਡੈਂਟ, ਹਰਵਿੰਦਰ ਪਾਲ ਕੈਸੀਅਰ, ਅਮਰੀਕ ਸਿੰਘ ਗਿੱਲ ਐਡੀਸ਼ਨਲ ਸੈਕਟਰੀ, ਮਨਜੀਤ ਸਿੰਘ ਬਾਜਵਾ ਜੋਇੰਟ ਸੈਕਟਰੀ, ਬਚਿੱਤਰ ਸਿੰਘ ਮੀਤ ਪ੍ਰਧਾਨ, ਜਗਤਾਰ ਸਿੰਘ, ਬਲਜਿੰਦਰ ਪਾਲ, ਸ਼ਰਨਜੀਤ ਸਿੰਘ, ਤ੍ਰਿਲੋਚਨ ਸਿੰਘ, ਭਾਰਤ ਰਾਜ, ਨਰਿੰਦਰ ਕੁਮਾਰ, ਦਲਬਾਰਾ ਸਿੰਘ, ਜਸਪਾਲ ਸਿੰਘ ਸੇਖੋਂ, ਤਲਵਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਬਾਬੂ ਸਿੰਘ, ਸੰਜੀਵ ਵਰਮਾ, ਸੰਦੀਪ ਸਿੰਘ, ਅਰਵਿੰਦ ਕੁਮਾਰ ਸ਼ਾਹ, ਅਵਤਾਰ ਸਿੰਘ ਆਦਿ ਸਾਰੇ ਵਰਕਿੰਗ ਕਮੇਟੀ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly