ਕੇਂਦਰ ਸਰਕਾਰ ਵੱਲੋਂ ਬਾਸਮਤੀ ਉੱਤੇ 950 ਡਾਲਰ ਪ੍ਰਤੀ ਟਨ ਘੱਟੋ ਘੱਟ ਨਿਰਯਾਤ ਕੀਮਤ ਦੀ ਸ਼ਰਤ ਹਟਾਉਣਾ ਕਿਸਾਨ ਸੰਘਰਸ਼ ਦੀ ਅੰਸ਼ਕ ਜਿੱਤ

ਮੰਗਾਂ ਨੂੰ ਲੈ ਕੇ 25 ਸਤੰਬਰ ਨੂੰ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਦੇ ਧਰਨਾ ਪ੍ਰਦਰਸ਼ਨ

ਨਵਾਂਸ਼ਹਿਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕਿਰਤੀ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਵੱਲੋਂ ਬਾਸਮਤੀ ਨਿਰਯਾਤ ਉੱਤੇ 950 ਡਾਲਰ ਪ੍ਰਤੀ ਟਨ ਦੀ ਲਾਈ ਸ਼ਰਤ ਹਟਾਉਣ ਨੂੰ ਕਿਸਾਨੀ ਸੰਘਰਸ਼ ਦੀ ਅੰਸ਼ਕ ਜਿੱਤ ਕਰਾਰ ਦਿੱਤਾ ਹੈ। ਇਸ ਸ਼ਰਤ ਦੇ ਹਟਣ ਮਗਰੋਂ ਬਾਸਮਤੀ 1509 ਦਾ ਰੇਟ 3000 ਰੁਪਏ ਪ੍ਰਤੀ ਕੁਇੰਟਲ ਤੋਂ ਟੱਪ ਜਾਣ ਤੇ ਟਿੱਪਣੀ ਕਰਦਿਆਂ ਜੱਥੇਬੰਦੀ ਨੇ ਕਿਹਾ ਕਿ ਰੇਟ ਦਾ ਉਛਾਲ ਸਾਬਤ ਕਰਦਾ ਹੈ ਕਿ ਕੇਂਦਰ ਸਰਕਾਰ ਵਲੋਂ ਥੋਪੀ ਗਈ ਨਜਾਇਜ਼ ਸ਼ਰਤ ਕਾਰਨ ਕਿਸਾਨਾਂ ਨੂੰ ਆਪਣੀ ਉਪਜ ਘੱਟ ਭਾਅ ਤੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਸੀ । ਇਸ ਲਈ ਕਿਸਾਨਾਂ ਵਲੋਂ ਬਾਸਮਤੀ ਦਾ ਐਮ ਐਸ ਪੀ ਨਿਰਧਾਰਤ ਕਰਕੇ ਖ੍ਰੀਦ ਦੀ ਗਾਰੰਟੀ ਦੀ ਮੰਗ ਬਿਲਕੁਲ ਜਾਇਜ਼ ਅਤੇ ਹੱਕੀ ਮੰਗ ਹੈ । ਜਿਸ ਕਾਰਨ 25 ਸਤੰਬਰ ਦਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਅੱਜ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਦਾਣਾ ਮੰਡੀ ਨਵਾਂਸ਼ਹਿਰ ਵਿਖੇ ਕੀਤੀ ਗਈ ।ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਆਗੂਆਂ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸਕੱਤਰ ਤਰਸੇਮ ਸਿੰਘ ਬੈਂਸ ਅਤੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਨੇ ਦੱਸਿਆ ਕਿ 25 ਸਤੰਬਰ ਦੇ ਧਰਨਾ ਪ੍ਰਦਰਸ਼ਨ ਦੌਰਾਨ ਹੁਣ ਬਾਸਮਤੀ ਦਾ ਐਮ ਐਸ ਪੀ ਲੈਣ ਅਤੇ ਇਸ ਦੇ ਨਿਰਯਾਤ ਲਈ ਸੜਕੀ ਰਸਤੇ ਅਟਾਰੀ ਤੇ ਹੁਸੈਨੀਵਾਲਾ ਰਾਹੀਂ ਵਪਾਰ ਸ਼ੁਰੂ ਕਰਵਾਉਣ, ਡੀ ਏ ਪੀ ਖਾਦ ਦੀ ਸਪਲਾਈ ਯਕੀਨੀ ਬਣਾਉਣ, ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਕਰਵਾਉਣ ਅਤੇ ਖੰਡ ਮਿੱਲਾਂ ਨਵੰਬਰ ਦੇ ਪਹਿਲੇ ਹਫਤੇ ਚਲਾਏ ਜਾਣ ਆਦਿ ਮੰਗਾਂ ਉਠਾਈਆਂ ਜਾਣਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਫਸਲਾਂ ਦੀ ਬਿਜਾਈ ਲਈ ਡੀ ਏ ਪੀ ਖਾਦ ਦੇ ਸਟਾਕ ਦਾ ਅਗਾਊਂ ਪ੍ਰਬੰਧ ਕਰਨ ਵਿੱਚ ਫੇਲ ਸਾਬਤ ਹੋਈ ਹੈ ਜਿਸ ਕਾਰਨ ਪ੍ਰਾਈਵੇਟ ਡਿਸਟ੍ਰੀਬਿਊਟਰ ਨੈਨੋ ਪੈਕਿੰਗ ਕਿਸਾਨਾਂ ਨੂੰ ਧੱਕੇ ਨਾਲ ਮੜ ਕੇ ਉਨ੍ਹਾਂ ਦੀ ਲੁੱਟ ਕਰ ਰਹੇ ਹਨ। ਕਿਸਾਨ ਆਗੂਆਂ ਕਿਹਾ ਕਿ ਗੰਨੇ ਦਾ ਰੇਟ ਨੂੰ 450 ਰੁਪਏ ਕਰਨ ਅਤੇ ਖੰਡ ਮਿੱਲਾਂ ਨੂੰ ਨਵੰਬਰ ਦੇ ਪਹਿਲੇ ਹਫਤੇ ਚਲਾਉਣ ਦੀ ਮੰਗ ਵੀ 25 ਸਤੰਬਰ ਦੇ ਧਰਨੇ ਵਿੱਚ ਕੀਤੀ ਜਾਵੇਗੀ। ਸ਼ੈਲਰਾਂ ਅਤੇ ਗੋਦਾਮਾਂ ਵਿਚੋਂ ਝੋਨੇ ਦੀ ਲਿਫਟਿੰਗ ਦੇ ਮਾਮਲੇ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਨੂੰ ਢੁੱਕਵੇਂ ਪ੍ਰਬੰਧ ਕਰਨ ਦੀ ਮੰਗ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਲਿਫਟਿੰਗ ਦਾ ਮਾਮਲਾ ਹੱਲ ਨਾ ਹੋਇਆ ਤਾਂ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਰੁਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਹੋਣ ਦੀ ਸੂਰਤ ਵਿੱਚ ਪੰਜਾਬ ਸਰਕਾਰ ਨੂੰ ਕਿਸਾਨੀ ਰੋਹ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੀ ਪ੍ਰਧਾਨ ਸੁਰਜੀਤ ਕੌਰ ਉਟਾਲ, ਮਨਜੀਤ ਕੌਰ, ਸੋਹਣ ਸਿੰਘ ਅਟਵਾਲ, ਪਰਮਜੀਤ ਸਿੰਘ ਸ਼ਹਾਬਪੁਰ, ਸੁਰਿੰਦਰ ਸਿੰਘ ਮਹਿਰਮ ਪੁਰ, ਅਵਤਾਰ ਕੱਟ, ਮੱਖਣ ਸਿੰਘ, ਜੀਵਨ ਬੇਗੋਵਾਲ, ਕਰਨੈਲ ਸਿੰਘ ਉੜਾਪੜ, ਬਿਕਰ ਸਿੰਘ ਸੇਖੂਪੁਰ ਅਤੇ ਹੋਰ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬੀ ਗਾਇਕੀ ਦਾ ਸੰਖੇਪ ਜਾਇਜਾ
Next articleਡਾ. ਕੁਲਦੀਪ ਵਾਲੀਆ ਨੇ ਸਾਂਝੀ ਰਸੋਈ ਨੂੰ 5100 ਰੁਪਏ ਦਾਨ ਵਜੋਂ ਦਿੱਤੇ