ਕੈਨੇਡਾ ਚੋਣਾਂ: ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਵਿਚਾਲੇ ਫਸਵਾਂ ਮੁਕਾਬਲਾ

ਬਰੈਂਪਟਨ (ਸਮਾਜ ਵੀਕਲੀ): ਕੈਨੇਡਾ ਵਿਚ 20 ਸਤੰਬਰ ਨੂੰ ਹੋ ਰਹੀਆਂ ਸੰਸਦ ਦੀਆਂ ਮੱਧਕਾਲੀ ਚੋਣਾਂ ਬਾਰੇ ਨਵੇਂ ਚੋਣ ਸਰਵੇਖਣਾਂ ਨੇ ਇਸ ਮੁਲਕ ਦੀ ਸਿਆਸੀ ਫਿਜ਼ਾ ਬਦਲ ਦਿੱਤੀ ਹੈ। ਕੈਨੇਡਾ ਦੀ ਰਾਜਨੀਤੀ ਵਿੱਚ ਕਾਫੀ ਅਹਿਮ ਮੰਨੇ ਜਾਂਦੇ ਕੌਮੀ ਚੋਣ ਸਰਵੇਖਣ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਹੇਠਲੀ ਲਿਬਰਲ ਪਾਰਟੀ ਨੂੰ ਮੁੜ ਤੋਂ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਨਾਲੋਂ ਅੱਗੇ ਦੱਸਿਆ ਜਾ ਰਿਹਾ ਹੈ ਜਦਕਿ ਪਿਛਲੇ ਹਫਤੇ ਕੁੱਝ ਸਰਵੇਖਣਾਂ ’ਚ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਐਰਨ ਓ ਟੂਲ ਨੂੰ ਸ੍ਰੀ ਟਰੂਡੋ ਨਾਲੋਂ ਅੱਗੇ ਦਿਖਾਇਆ ਗਿਆ ਸੀ।

ਕੌਮੀ ਚੋਣ ਸਰਵੇਖਣ ਦੇ ਤਾਜ਼ਾ ਅੰਕੜਿਆਂ ਮੁਤਾਬਕ ਲਿਬਰਲ ਪਾਰਟੀ ਨੂੰ 34.9 ਫੀਸਦੀ ਜਦਕਿ ਕੰਜ਼ਰਵੇਟਿਵ ਪਾਰਟੀ ਨੂੰ 32 ਫੀਸਦੀ ਵੋਟਰਾਂ ਦੀ ਹਮਾਇਤ ਮਿਲ ਰਹੀ ਹੈ ਤੇ ਜਗਮੀਤ ਸਿੰਘ ਦੀ ਅਗਵਾਈ ਹੇਠਲੀ ਐੱਨਡੀਪੀ ਤੀਜੇ ਸਥਾਨ ’ਤੇ ਹੈ। ਕੁੱਲ 338 ਸੀਟਾਂ ਲਈ ਹੋ ਰਹੀਆਂ ਇਨ੍ਹਾਂ ਚੋਣਾਂ ਵਾਸਤੇ ਕੈਨੇਡਾ ਦੇ 2 ਕਰੋੜ 75 ਲੱਖ 97 ਹਜ਼ਾਰ 148 ਵੋਟਰ ਵੋਟ ਸੂਚੀ ਵਿਚ ਦਰਜ ਹਨ।

ਬਰੈਂਪਟਨ ਤੇ ਮਿਸੀਸਾਗਾ ਵਿੱਚ ਜਿੱਥੇ ਪੰਜਾਬੀਆਂ ਦੀ ਸੰਘਣੀ ਆਬਾਦੀ ਹੈ, ਉੱਥੇ ਹੋਏ ਵੱਖਰੇ ਸਰਵੇਖਣਾਂ ਵਿੱਚ ਲਿਬਰਲ ਪਾਰਟੀ ਨੂੰ 48 ਫੀਸਦੀ ਜਦਕਿ ਕੰਜ਼ਰਵੇਟਿਵ ਪਾਰਟੀ ਨੂੰ ਸਿਰਫ 32 ਫੀਸਦੀ ਵੋਟਰਾਂ ਦੀ ਹਮਾਇਤ ਦੱਸੀ ਗਈ ਹੈ। ਇਸ ਇਲਾਕੇ ਵਿੱਚ ਐੱਨਡੀਪੀ ਨੂੰ 20 ਫੀਸਦੀ ਹਮਾਇਤ ਮਿਲਦੀ ਦੱਸੀ ਗਈ ਹੈ ਹਾਲਾਂਕਿ ਇਸ ਪਾਰਟੀ ਦੀ ਅਗਵਾਈ ਪਿਛਲੇ ਕੁਝ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣੇ ਸਿੱਖ ਆਗੂ ਜਗਮੀਤ ਸਿੰਘ ਕਰ ਰਹੇ ਹਨ। ਬਰੈਂਪਟਨ ਵਿਚ ਪੰਜ ਚੋਣ ਹਲਕੇ ਹਨ ਜਿਨ੍ਹਾਂ ਵਿਚੋਂ ਬਰੈਂਪਟਨ ਪੂਰਬੀ ਤੋਂ ਤਿੰਨ ਪੰਜਾਬੀ ਚੋਣ ਮੈਦਾਨ ਵਿਚ ਹਨ।

ਇਨ੍ਹਾਂ ਵਿਚੋਂ ਲਿਬਰਲ ਪਾਰਟੀ ਵੱਲੋਂ ਮਨਿੰਦਰ ਸਿੱਧੂ, ਕੰਜ਼ਰਵੇਟਿਵ ਪਾਰਟੀ ਵੱਲੋਂ ਨਵਲ ਬਜਾਜ ਅਤੇ ਪੀਪਲਜ਼ ਪਾਰਟੀ ਵੱਲੋਂ ਮਨਜੀਤ ਸਿੰਘ ਸ਼ਾਮਲ ਹਨ ਜਦਕਿ ਜਗਮੀਤ ਸਿੰਘ ਦੀ ਅਗਵਾਈ ਹੇਠਲੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਜਮਾਇਕਾ ਮੂਲ ਦੀ ਬੈਨਿਸਟਰ ਕਲਾਰਕ ਗੇਲ ਨੂੰ ਟਿਕਟ ਦਿੱਤੀ ਹੈ। ਬਰੈਂਪਟਨ ਉੱਤਰੀ ਹਲਕੇ ਤੋਂ ਲਿਬਰਲ ਪਾਰਟੀ ਨੇ 2015 ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੂੰ ਮੁੜ ਮੈਦਾਨ ਵਿੱਚ ਉਤਾਰਿਆ ਹੈ। ਕੈਲਗਰੀ ਸਕਾਈਵਿਊ ਅਜਿਹਾ ਹਲਕਾ ਹੈ ਜਿੱਥੇ ਚਾਰ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਪੰਜਾਬੀ ਆਗੂ ਹੀ ਮੈਦਾਨ ਵਿਚ ਹਨ। ਫਲੀਟਵੁੱਡ ਪੋਰਟਕੈਲਜ ਹਲਕੇ ਤੋਂ ਵੀ ਤਿੰਨ ਪੰਜਾਬੀ ਆਗੂ ਮੈਦਾਨ ਵਿਚ ਹਨ। ਇਸ ਤੋਂ ਇਲਾਵਾ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਸੂਬਿਆਂ ਵਿੱਚ ਕਈ ਸੀਟਾਂ ’ਤੇ ਪੰਜਾਬੀ ਆਗੂ ਚੋਣ ਲੜ ਰਹੇ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleHaryana hikes sugarcane price to Rs 362 quintal
Next articleGlobal Covid-19 caseload tops 223 mn