ਬਟਾਲਾ (ਸਮਾਜ ਵੀਕਲੀ): ਟੋਕੀਓ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੂੰ ਹਰਾ ਕੇ ਕਾਂਸੀ ਤਗ਼ਮਾ ਦਿਵਾਉਣ ਬਦਲੇ ਖੇਡ ਇਤਿਹਾਸ ਵਿੱਚ ਬਟਾਲਾ ਦੇ ਨੇੜਲੇ ਪਿੰਡ ਚਾਹਲ ਕਲਾਂ ਦੇ ਵਾਸੀ ਸਿਮਰਨਜੀਤ ਸਿੰਘ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ, ਜਿਸ ਨੇ ਮੈਚ ਵਿੱਚ ਦੋ ਗੋਲ ਕੀਤੇ। ਭਾਰਤ ਦੀ ਜਿੱਤ ਉਪਰੰਤ ਸਿਮਰਨਜੀਤ ਸਿੰਘ ਦੇ ਜੱਦੀ ਪਿੰਡ ਚਾਹਲ ਕਲਾਂ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਖੂਬ ਜਸ਼ਨ ਮਨਾਇਆ ਅਤੇ ਖੁਸ਼ੀ ਵਿੱਚ ਲੱਡੂ ਵੀ ਵੰਡੇ ਅਤੇ ਢੋਲ ’ਤੇ ਭੰਗੜਾ ਵੀ ਪਾਇਆ।
ਸਿਮਰਨਜੀਤ ਸਿੰਘ ਦੇ ਚਚੇਰੇ ਭਰਾ ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਨੇ ਪਿੰਡ ਦਾ ਨਾਮ ਦੇਸ਼ ਵਿਦੇਸ਼ ਵਿੱਚ ਚਮਕਾਇਆ ਹੈ। ਉਨ੍ਹਾਂ ਦੱਸਿਆ ਕਿ ਸਿਮਰਨਜੀਤ ਸਿੰਘ ਬਟਾਲਾ ਨੇੜੇ ਚੀਮਾ ਹਾਕੀ ਅਕਾਡਮੀ ਸ਼ਾਹਬਾਦ ਤੋਂ ਮੁੱਢਲੇ ਗੁਣ ਸਿੱਖਣ ਮਗਰੋਂ ਸੁਰਜੀਤ ਹਾਕੀ ਅਕੈਡਮੀ ਜਲੰਧਰ ਚਲਾ ਗਿਆ। ਉਸ ਨੇ ਦੱਸਿਆ ਕਿ ਟੋਕੀਓ ਉਲੰਪਿਕ ’ਚ ਭਾਰਤੀ ਹਾਕੀ ਟੀਮ ਦੇ ਮੈਂਬਰ ਗੁਰਜੰਟ ਸਿੰਘ ਅਤੇ ਸਿਮਰਨਜੀਤ ਸਿੰਘ ਆਪਸ ’ਚ ਮਾਮਾ-ਭੂਆ ਦੇ ਪੁੱਤ ਭਰਾ ਹਨ। ਇਸ ਮੌਕੇ ਸਿਮਰਨਜੀਤ ਦੇ ਪਿਤਾ ਇਕਬਾਲ ਸਿੰਘ, ਤਾਇਆ ਰਛਪਾਲ ਸਿੰਘ ਨੇ ਆਪਣੇ ਪੁੱਤ ’ਤੇ ਮਾਣ ਕਰਦਿਆਂ ਭਵਿੱਖ ਲਈ ਹੋਰ ਉਮੀਦਾਂ ਦੀ ਆਸ ਲਗਾਈ।
ਸਿਮਰਨਜੀਤ ਸਿੰਘ ਦੀ ਭੈਣ ਨਵਨੀਤ ਕੌਰ ਨੇ ਕਿਹਾ ਕਿ ਭਾਰਤੀ ਟੀਮ ਨੇ 41 ਸਾਲਾਂ ਬਾਅਦ ਇਤਿਹਾਸ ਨੂੰ ਦੁਹਰਾ ਦਿੱਤਾ ਹੈ। ਭਾਰਤ ਦੀ ਇਸ ਜਿੱਤ ’ਤੇ ਖੁਸ਼ੀ ਜ਼ਾਹਿਰ ਕਰਨ ਲਈ ਉਸ ਕੋਲ ਸ਼ਬਦ ਨਹੀਂ ਹਨ। ਉਸ ਨੇ ਕਿਹਾ ਕਿ ਜਰਮਨੀ ਖ਼ਿਲਾਫ਼ ਦੋ ਗੋਲ ਕਰਕੇ ਉਸ ਦੇ ਭਰਾ ਨੇ ਜੋ ਭੂਮਿਕਾ ਨਿਭਾਈ ਹੈ ਉਸ ਨਾਲ ਦੇਸ਼, ਪੰਜਾਬ, ਜ਼ਿਲ੍ਹਾ ਗੁਰਦਾਸਪੁਰ ਅਤੇ ਪਿੰਡ ਚਾਹਲ ਕਲਾਂ ਦਾ ਨਾਮ ਵੀ ਰੌਸ਼ਨ ਹੋਇਆ ਹੈ। ਉਸ ਨੇ ਕਿਹਾ ਕਿ ਉਸ ਦਾ ਭਰਾ ਭਾਰਤੀ ਟੀਮ ਲਈ ਬਹੁਤ ‘ਕਿਸਮਤ ਵਾਲਾ’ ਸਾਬਤ ਹੋਇਆ ਹੈ ਕਿਉਂਕਿ ਜਿਹੜੇ ਦੋ ਮੈਚਾਂ ਵਿੱਚ ਉਹ ਨਹੀਂ ਖੇਡਿਆ, ਉਨ੍ਹਾਂ ਵਿੱਚ ਭਾਰਤ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਉਸ ਨੇ ਕਿਹਾ ਕਿ ਸਾਰੇ ਪਰਿਵਾਰ ਅਤੇ ਪਿੰਡ ਚਾਹਲ ਕਲਾਂ ਨੂੰ ਸਿਮਰਨਜੀਤ ਸਿੰਘ ’ਤੇ ਬਹੁਤ ਮਾਣ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly