(ਸਮਾਜ ਵੀਕਲੀ)
ਜਦੋਂ ਅਸੀਂ ਛੋਟੇ ਸੀ ਉਦੋਂ ਸੋਸ਼ਲ ਮੀਡੀਆ ਦਾ ਯੁੱਗ ਨਹੀਂ ਸੀ। ਦੇਸ਼ਾਂ ਵਿਦੇਸ਼ਾਂ ਦੇ ਦਿਨ ਦਿਹਾਰਾਂ ਦਾ ਸਾਨੂੰ ਕੁਝ ਪਤਾ ਨਹੀਂ ਸੀ ਹੁੰਦਾ। ਗਿਣੇ ਚੁਣੇ ਕੁਝ ਤਿਉਹਾਰ ਹੁੰਦੇ ਸਨ। ਬੇਸਬਰੀ ਨਾਲ ਉਨਾਂ ਤਿਉਹਾਰਾਂ ਦੀ ਉਡੀਕ ਹੋਣੀ ਅਤੇ ਬੜੇ ਹੀ ਚਾਵਾਂ ਨਾਲ ਉਨਾਂ ਨੂੰ ਮਨਾਉਣਾ।
ਹੌਲੀ ਹੌਲੀ ਸਮਾਂ ਬਦਲਿਆ, ਯੁੱਗ ਬਦਲਿਆ, ਸਾਇੰਸ ਨੇ ਤਰੱਕੀ ਕੀਤੀ, ਸਾਡੀ ਵੀ ਉਮਰ ਵਿੱਚ ਵਾਧਾ ਹੋਇਆ, ਬਚਪਨ ਨੂੰ ਮਾਣਦੇ ਹੋਏ ਆਪਣੀ ਉਮਰ ਦੇ ਇਸ ਪੜਾਅ ਵਿੱਚ ਆ ਗਏ ਹਾਂ ਕਿ ਹੁਣ ਆਪਣੇ ਬੱਚਿਆਂ ਦੇ ਬਚਪਨ ਦਾ ਅਨੰਦ ਮਾਣ ਰਹੇ ਹਾਂ।
ਸੋਸ਼ਲ ਮੀਡੀਆ ਰਾਹੀਂ ਸਾਰਾ ਵਿਸ਼ਵ ਇੰਝ ਲੱਗਦਾ ਜਿਵੇਂ ਸਾਡੇ ਫੋਨਾਂ ਵਿੱਚ ਹੀ ਸਮਾ ਕੇ ਰਹਿ ਗਿਆ ਹੋਵੇ। ਉਂਗਲਾਂ ਤੇ ਤਿਉਹਾਰ ਗਿਨਣ ਵਾਲੇ ਅਸੀਂ ਅੱਜ ਦੇਖਦੇ ਹਾਂ ਕਿ ਸਾਡੇ ਬੱਚੇ ਨਿੱਤ ਨਵਾਂ ਦਿਹਾਰ ਮਣਾ ਰਹੇ ਹਨ। ਹੁਣ ਨਾ ਧਰਮ ਦੀ ਬੰਦਿਸ਼ ਰਹੀ ਤੇ ਨਾ ਹੀ ਦੇਸ਼ਾਂ ਦੀ। ਨਾ ਬੰਦਿਸ਼ ਰਹੀ ਆਪਣੇ ਵਿਰਸੇ ਦੀ ਤੇ ਨਾ ਹੀ ਬੰਦਿਸ਼ ਰਹੀ ਹੁਣ ਵਿਚਾਰਾਂ ਦੀ। ਬਸ ਇੱਕ ਪੋਸਟ ਦੇਖਣ ਦੀ ਲੋੜ ਹੈ ਅਸੀਂ ਸਭ ਉਸ ਦਿਨ ਨੂੰ ਮਨਾਉਣ ਦੇ ਚਾਹਵਾਨ ਹੋ ਜਾਂਦੇ ਹਾਂ। ਸਹੀ ਕਹਾਂ ਜਾਂ ਗਲਤ ਕਦੇ ਮੈਨੂੰ ਸਮਝ ਨਹੀਂ ਆਉਂਦਾ ਪਰ ਸੋਚਾਂ ਵਿਚਾਰਾਂ ਵਿੱਚ ਉਲਝ ਕੇ ਰਹਿ ਜਾਂਦੀ ਹਾਂ। ਚਿੱਤ ਕਰਦਾ ਹੈ ਕਿ ਕਿੱਧਰੇ ਗੁਮ ਹੋ ਜਾਵਾਂ ਆਪਣੇ ਇੰਨਾਂ ਜਜਬਾਤਾਂ ਨਾਲ।
ਖੁਸ਼ੀਆਂ ਭਰੇ ਇੰਨਾਂ ਦਿਹਾਰਾਂ ਵਿੱਚ ਪਤਾ ਨਹੀਂ ਕਿਉਂ ਮੇਰਾ ਧਿਆਨ ਉਨਾਂ ਪਰਿਵਾਰਾਂ ਵੱਲ ਚਲਾ ਜਾਂਦਾ ਹੈ ਜੋ ਇੰਨਾਂ ਖੁਸ਼ੀਆਂ ਤੋਂ ਵਾਂਝੇ ਹੋ ਜਾਂਦੇ ਹਨ। ਇਸਨੂੰ ਅਸੀਂ ਰੱਬ ਦੀ ਮਾਰ ਜਾਂ ਕੁਦਰਤੀ ਕਰੋਪੀ ਦਾ ਨਾਮ ਨਹੀਂ ਦੇ ਸਕਦੇ। ਇਹ ਸਾਡੇ ਖੁਦ ਵੱਲੋਂ ਆਪਣੇ ਪੈਰਾਂ ਤੇ ਮਾਰੀ ਕੁਲਾਹੜੀ ਵਜੋਂ ਮੈਨੂੰ ਲੱਗਦਾ ਹੈ।
ਮੈਂ ਇੱਥੇ ਗੱਲ ਕਰਾਂਗੀ ਪਿਤਾ ਦਿਵਸ ਉੱਪਰ। ਵਿਦੇਸ਼ਾਂ ਦੇ ਦੇਖੋ ਦੇਖੀ ਅਸੀਂ ਪਿਤਾ ਦਿਵਸ ਮਨਾਉਣ ਤਾਂ ਜਰੂਰ ਲੱਗ ਗਏ ਹਾਂ ਪਰ ਕਦੇ ਇਹ ਮਹਿਸੂਸ ਕੀਤਾ ਕਿ ਅੱਜ ਕੱਲ ਦੇ ਪਿਤਾ ਸੱਚ ਮੁੱਚ ਪਿਤਾ ਹੋਣ ਦੇ ਸਾਰੇ ਫਰਜ ਨਿਭਾ ਰਹੇ ਹਨ?? ਜੇਕਰ ਝਾਤ ਮਾਰਾਂ ਇੱਕ ਤਲਾਕਸ਼ੁਦਾ ਔਰਤ ਦੇ ਘਰ ਜੋ ਆਪਣੇ ਬੱਚਿਆਂ ਨਾਲ ਇੱਕਲੀ ਰਹਿੰਦੀ ਹੈ ਕਿ ਉਸਦੇ ਬੱਚੇ ਸਾਰੀ ਉਮਰ ਪਿਤਾ ਦਿਵਸ ਮਨਾਉਣਗੇ?? ਕੀ ਇੱਕ ਤਲਾਕਸ਼ੁਦਾ ਔਰਤ ਖੁਦ ਪਿਤਾ ਦਿਵਸ ਮਨਾ ਪਾਏਗੀ ਜਦਕਿ ਉਸ ਦੀ ਖੁਦ ਦੀ ਔਲਾਦ ਕੋਲ ਪਿਤਾ ਨਹੀਂ ਹੈ?? ਤਲਾਕਸ਼ੁਦਾ ਔਰਤ ਦੇ ਬੱਚੇ ਪਿਤਾ ਦਿਵਸ ਉੱਪਰ ਕੀ ਯਾਦ ਕਰਦੇ ਹੋਣਗੇ ਆਪਣੇ ਪਿਤਾ ਬਾਰੇ ਕੀ ਉਨਾਂ ਦੇ ਪਿਤਾ ਨੇ ਕਿਸ ਤਰਾਂ ਉਨਾਂ ਦੀ ਮਾਂ ਨੂੰ ਤੇ ਉਨਾਂ ਨੂੰ ਹਮੇਸ਼ਾਂ ਲਈ ਛੱਡ ਦਿੱਤਾ। ਕੀ ਇੱਕ ਤਲਾਕਸ਼ੁਦਾ ਮਰਦ ਪਿਤਾ ਦਿਵਸ ਮਣਾਉਂਦਾ ਹੋਇਆ ਸਮਾਜ ਨੂੰ ਸੋਭਦਾ ਹੋਵੇਗਾ?? ਜਦਕਿ ਉਸਨੂੰ ਜਾਨਣ ਵਾਲੇ ਹਰ ਸ਼ਖਸ ਨੂੰ ਪਤਾ ਹੋਵੇਗਾ ਕਿ ਇਸਨੇ ਖੁਦ ਆਪਣੀ ਔਲਾਦ ਨੂੰ ਆਪਣੇ ਜੀਵਨ ਵਿੱਚੋਂ ਕੱਢ ਦਿੱਤਾ ਹੈ। ਮੈਂ ਉਹ ਬੱਚੇ ਦੇਖੇ ਹਨ ਜੋ ਤਰਸਦੇ ਹਨ ਹੋਰਾਂ ਬੱਚਿਆਂ ਨੂੰ ਆਪਣੇ ਪਿਤਾ ਨਾਲ ਖੇਡਦੇ ਦੇਖ ਕੇ। ਕਹਿੰਦੇ ਹਨ ਕਾਸ਼ ਸਾਡਾ ਪਿਤਾ ਵੀ ਸਾਡੇ ਨਾਲ ਇਸ ਤਰਾਂ ਦੁਲਾਰ ਕਰਦਾ।
ਜੇਕਰ ਮੈਂ ਝਾਤ ਮਾਰਾਂ ਨਸ਼ਿਆਂ ਦੀ ਭੇਂਟ ਚੜੇ ਪਰਿਵਾਰਾਂ ਵੱਲ ਕਿ ਉਹ ਬੱਚੇ ਪਿਤਾ ਦਿਵਸ ਮਣਾਉਂਦੇ ਹੋਣਗੇ?? ਜਿੰਨਾਂ ਦੇ ਪਿਤਾ ਚਿੱਟਾ ਲਾ ਕੇ ਜਾਂ ਕਿਸੇ ਹੋਰ ਨਸ਼ੇ ਨਾਲ ਇਸ ਦੁਨੀਆਂ ਤੋਂ ਕੂਚ ਕਰ ਗਏ ਹੋਣ। ਉਹ ਬੱਚੇ ਪਿਤਾ ਦਿਵਸ ਤੇ ਕੀ ਯਾਦ ਕਰਦੇ ਹੋਣਗੇ ਕਿ ਕਿਸ ਤਰਾਂ ਉਨਾਂ ਦੇ ਪਿਤਾ ਨੇ ਆਪਣੀ ਜਿੰਦਗੀ ਨਸ਼ਿਆਂ ਵਿੱਚ ਗਾਲ ਦਿੱਤੀ। ਜਮੀਨ ਪੈਸੇ ਜੋ ਕਿ ਉਨਾਂ ਬੱਚਿਆਂ ਦੀ ਪਰਵਰਿਸ਼ ਵਿੱਚ ਸਹਾਈ ਹੋਣੇ ਸੀ ਉਹ ਉਨਾਂ ਦੇ ਪਿਤਾ ਨੇ ਨਸ਼ਿਆਂ ਵਿੱਚ ਉਜਾੜ ਦਿੱਤੇ।
ਜੇਕਰ ਝਾਤ ਮਾਰਾਂ ਉਨਾਂ ਪਰਿਵਾਰਾਂ ਵੱਲ ਜੋ ਨਸ਼ਾ ਤੱਸਕਰ ਹਨ ਕਿ ਉਨਾਂ ਦੇ ਬੱਚੇ ਪਿਤਾ ਦਿਵਸ ਮਣਾਉਂਦੇ ਹੋਣਗੇ?? ਕਿ ਉਨਾਂ ਦੇ ਪਿਤਾ ਦੇ ਨਸ਼ਾ ਵੇਚਣ ਕਰਕੇ ਕਿੰਨੇਂ ਹੀ ਬੱਚਿਆਂ ਨੇ ਆਪਣੇ ਛੋਟੇ ਛੋਟੇ ਹੱਥਾਂ ਨਾਲ ਆਪਣੇ ਪਿਉਆਂ ਦੇ ਸੰਸਕਾਰ ਕੀਤੇ ਹੋਣਗੇ ਅਤੇ ਕਿੰਨੇਂ ਪਿਉਆਂ ਦੇ ਬੱਚੇ ਉਨਾਂ ਦੇ ਹੱਥਾਂ ਵਿੱਚ ਹੀ ਲੋਥਾਂ ਬਣ ਗਏ ਹੋਣਗੇ??
ਜੇਕਰ ਝਾਤ ਮਾਰਾਂ ਉਨਾਂ ਹਾਕਮਾਂ ਅਤੇ ਉੱਨਾਂ ਕਨੂੰਨ ਦੇ ਅਫ਼ਸਰਾਂ ਦੇ ਪਰਿਵਾਰਾਂ ਵੱਲ ਜਿੰਨਾਂ ਦੀ ਸ਼ਹਿ ਸਦਕਾ ਨਸ਼ੇ ਦਾ ਵਪਾਰ ਹੁੰਦਾ ਹੈ ਅਤੇ ਜਿੰਨਾਂ ਦੀ ਬੇਪਰਵਾਹੀ ਕਰਕੇ ਨਿੱਤ ਤਲਾਕ ਹੁੰਦੇ ਹਨ ਕਿ ਉੱਨਾਂ ਦੇ ਬੱਚੇ ਪਿਤਾ ਦਿਵਸ ਮਣਾਉਂਦੇ ਹੋਣਗੇ?? ਕਿ ਸਾਡੇ ਹਾਕਮ ਅਤੇ ਅਫਸਰ ਪਿਓਆਂ ਕਰਕੇ ਪਤਾ ਹੀ ਨਹੀਂ ਕਿੰਨੇ ਕੁ ਮਾਸੂਮ ਬੱਚਿਆਂ ਦੇ ਸਿਰਾਂ ਤੇ ਪਿਉ ਦਾ ਸਾਇਆ ਹੀ ਨਹੀਂ ਰਿਹਾ।
ਸਮਝ ਨਹੀਂ ਆਉਂਦੀ ਕਿ ਪਿਤਾ ਦਿਵਸ ਇਸ ਤਰਾਂ ਦੇ ਲੋਕ ਕੀ ਸੋਚ ਕੇ ਮਣਾਂਉਂਦੇ ਹੋਣਗੇ?? ਆਪਣੀ ਔਲਾਦ ਨੂੰ ਖੁਸ਼ੀਆਂ ਦੇਣ ਲਈ ਹੋਰਾਂ ਦੀ ਔਲਾਦ ਨੂੰ ਖੁਸ਼ੀਆਂ ਤੋਂ ਵਾਂਝੇ ਕਰ ਦਿੰਦੇ ਹਨ।
ਪੱਛਮੀ ਦਿਹਾਰ ਮਨਾਉਣ ਦੇ ਚੱਕਰ ਵਿੱਚ ਅਸੀਂ ਆਪਣੀ ਹੋਂਦ ਤੋਂ ਟੁੱਟ ਚੁੱਕੇ ਹਾਂ। ਆਪਣੇ ਵਿਰਸੇ ਤੋਂ ਟੁੱਟ ਚੁੱਕੇ ਹਾਂ। ਆਪਣੇ ਸੱਭਿਆਚਾਰ ਤੋਂ ਟੁੱਟ ਚੁੱਕੇ ਹਾਂ। ਜਿੰਦਗੀ ਵਿਖਾਵਾ ਮਾਤਰ ਰਹਿ ਗਈ ਹੈ ਸਾਡੀ। ਅੱਜ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਣ ਦੀ ਲੋੜ ਹੈ। ਆਪਣੇ ਸੱਭਿਆਚਾਰ ਨਾਲ ਜੋੜਣ ਦੀ ਲੋੜ ਹੈ ਤਾਂ ਜੋ ਸਾਡੀ ਔਲਾਦ ਆਪਣੀ ਹੋਂਦ ਨੂੰ ਪਹਿਚਾਨਣ। ਤਾਂ ਜੋ ਉਹ ਆਪਣੀ ਜਿੰਦਗੀ ਵਿੱਚੋਂ ਤਲਾਕ ਅਤੇ ਨਸ਼ਾ ਸ਼ਬਦ ਕੱਢ ਕੇ ਆਪਣੀ ਆਉਣ ਵਾਲੀ ਪੀੜੀ ਨੂੰ ਪਿਤਾ ਦਿਵਸ ਮਨਾਉਣ ਲਈ ਪ੍ਰੇਰਿਤ ਨਾ ਕਰਣ ਬਲਕਿ ਖੁਦ ਆਪਣੇ ਪਿਤਾ ਵਰਗੇ ਬਨਣ ਦੀ ਸੇਧ ਦੇਣ ਤਾਂ ਜੋ ਅਸੀਂ ਆਪਣੀ ਹੋਂਦ ਨੂੰ ਜਿਉਂਦਿਆਂ ਰੱਖ ਸਕੀਏ। ਆਪਣੇ ਪੰਥ ਨੂੰ ਜਿਉਂਦਿਆਂ ਰੱਖ ਸਕੀਏ। ਆਪਣੇ ਪੰਜਾਬ ਨੂੰ ਜਿਉਂਦਿਆਂ ਰੱਖ ਸਕਿਏ। ਆਪਣੀ ਪਹਿਚਾਣ ਨੂੰ ਜਿਉਂਦਿਆਂ ਰੱਖ ਸਕੀਏ। ਪਿਤਾ ਦਿਵਸ ਮਨਾਉਣਾ ਸਾਡਾ ਸੱਭਿਆਚਾਰ ਨਹੀਂ ਹੈ ਪਰ ਪੀੜੀ ਦਰ ਪੀੜੀ ਆਪਣੀ ਸਰਦਾਰੀ ਕਾਇਮ ਕਰਣਾ ਸਾਡਾ ਵਿਰਸਾ ਹੈ। ਜੋ ਇੱਕ ਪਿਤਾ ਹੀ ਆਪਣੀ ਔਲਾਦ ਨੂੰ ਸਮਝਾਉਂਦਾ ਹੈ। ਮੁਸ਼ਕਿਲ ਹੈ ਇਹ ਸਭ ਪਰ ਬਹੁਤ ਜ਼ਰੂਰੀ ਹੈ। ਮੈਨੂੰ ਇੰਜ ਮਹਿਸੂਸ ਹੁੰਦਾ ਹੈ ਅਸੀਂ ਆਪਣੀ ਹੋਂਦ ਤੋਂ ਨਿੱਖੜੇ ਹੋਏ ਲੋਕ ਹਾਂ। ਸਾਨੂੰ ਖੁਦ ਨਾਲ ਸਵਾਲ ਜਵਾਬ ਕਰਣ ਦੀ ਲੋੜ ਹੈ ਕਿ ਅਸੀਂ ਕੀ ਖੱਟਿਆ ਆਪਣੀ ਜਿੰਦਗੀ ਵਿੱਚ ਅਤੇ ਆਪਣੀ ਅਗਲੀ ਪੀੜੀ ਨੂੰ ਕੀ ਦੇ ਕੇ ਚੱਲੇ ਹਾਂ?? ਪੱਛਮੀਕਰਣ ਤੋਂ ਪ੍ਰਭਾਵਿਤ ਅਸੀਂ ਲੋਕ ਆਪਣੇ ਬੱਚਿਆਂ ਨੂੰ ਇੱਕ ਅਧੂਰੀ ਜ਼ਿੰਦਗੀ ਦੇ ਰਹੇ ਹਾਂ ਖੁਦ ਤੋਂ ਉੱਨਾਂ ਨੂੰ ਜੁਦਾ ਕਰਕੇ। ਅਸੀਂ ਆਪਣੀ ਔਲਾਦ ਨੂੰ ਆਪਣੇ ਵਿਰਸੇ ਅਤੇ ਆਪਣੀ ਹੋਂਦ ਬਾਰੇ ਕੀ ਦੱਸਣਾ ਅਸੀਂ ਤਾਂ ਉਨਾਂ ਲਈ ਖੁਦ ਇੱਕ ਸਵਾਲ ਬਣ ਗਏ ਹਾਂ।
ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ
ਕਲਿੱਕ ਕਰੋ
https://play.google.com/store/apps/details?id=in.yourhost.samajweekly