25 ਅਗਸਤ ਤੋਂ 08 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ

ਕਿਸੇ ਵੀ ਵਿਅਕਤੀ ਮੌਤ ਤੋਂ ਚਾਰ ਤੋਂ ਛੇ ਘੰਟਿਆਂ ਤੱਕ ਕੀਤੀਆਂ ਜਾ ਸਕਦੀਆਂ ਹਨ ਅੱਖਾਂ ਦਾਨ :- ਡਾਕਟਰ ਹਰਦੇਵ ਸਿੰਘ ਸਰਜਨ ਮਾਨਸਾ।

 ਮਾਨਸਾ, (ਸਮਾਜ ਵੀਕਲੀ) ਸਿਹਤ ਮੰਤਰੀ ਪੰਜਾਬ ਡਾ.ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ.ਹਰਦੇਵ ਸਿੰਘ ਦੀ ਅਗਵਾਈ ਵਿੱਚ ਮਾਨਸਾ ਜ਼ਿਲ੍ਹੇ ਵਿੱਚ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ. ਹਰਦੇਵ ਸਿੰਘ ਨੇ ਕਿਹਾ ਕਿ ਹਰ ਸਾਲ 25 ਅਗਸਤ ਤੋਂ 8 ਸਤੰਬਰ ਤੱਕ ਕੋਰਨੀਅਲ ਅੰਨ੍ਹਾਪਣ, ਕੋਰਨੀਅਲ ਟ੍ਰਾਂਸਪਲਾਂਟ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਨੂੰ ਅੱਖਾਂ ਦਾਨ ਕਰਨ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਲੋਕਾਂ ਨੂੰ ਅੱਖਾਂ ਦਾਨ ਲਈ ਪ੍ਰੇਰਿਤ ਕਰਨ ਲਈ ਸਾਡੇ ਪੈਰਾ ਮੈਡੀਕਲ ਸਟਾਫ ,ਆਸ਼ਾ ਵਰਕਰ ਅਤੇ ਮਾਸ ਮੀਡੀਆ ਵਿੰਗ ਦੁਆਰਾ ਲੋਕਾਂ ਨੂੰ ਜਾਗਰੂਕਤਾ ਕੈਂਪਾਂ ਦਾ ਆਯੋਜਨ ਕਰ ਕੇ ਜਾਗਰੂਕ ਕੀਤਾ ਜਾਂਦਾ ਹੈ। ਇਸ ਲੜੀ ਦੇ ਤਹਿਤ ਅੱਜ ਜ਼ਿਲ੍ਹਾ ਸਿਵਲ ਹਸਪਤਾਲ ਮਾਨਸਾ ਵਿਖੇ ਇਕੱਤਰ ਮਰੀਜ਼ਾਂ ਨੂੰ  ਮੀਡੀਆ ਵਿੰਗ ਦਫਤਰ ਸਿਵਲ ਸਰਜਨ ਮਾਨਸਾ ਵੱਲੋਂ ਜਾਗਰੁਕਤਾ ਕੈਂਪ ਲਗਾ ਜਾਗਰੂਕ ਕੀਤਾ ਗਿਆ।

      ਇਸ ਮੌਕੇ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰ ਤਮੰਨਾ ਸੰਘੀ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰਨੀਆ (ਅੱਖ ਦੀ ਪੁਤਲੀ) ਦੀ ਬਿਮਾਰੀ ਤੋਂ ਅੰਨ੍ਹਾਪਣ ਭਾਰਤ ਵਿੱਚ ਇੱਕ ਪ੍ਰਮੁੱਖ ਜਨਤਕ ਸਿਹਤ ਸਮੱਸਿਆ ਹੈ। ਭਾਰਤ ਵਿੱਚ ਪ੍ਰਤੀ ਸਾਲ 1 ਲੱਖ ਕੋਰਨੀਅਲ ਟ੍ਰਾਂਸਪਲਾਂਟ ਕਰਨ ਲਈ 2 ਲੱਖ 70 ਹਜ਼ਾਰ ਦਾਨੀਆਂ ਦੀਆਂ ਅੱਖਾਂ ਦੀ ਲੋੜ ਦਾ ਅਨੁਮਾਨ ਹੈ। ਜੋ ਕਿ ਦਾਨੀ ਅੱਖਾਂ ਦੀ ਮੌਜੂਦਗੀ ਤੋਂ ਲਗਭਗ 4 ਗੁਣਾ ਵੱਧ ਹੈ। ਮਨੁੱਖੀ ਅੱਖਾਂ ਦੀ ਮੰਗ ਅਤੇ ਸਪਲਾਈ ਵਿੱਚ ਵੱਡਾ ਫਰਕ ਇੱਕ ਚੁਣੌਤੀ ਹੈ। ਆਮ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ  ਕੋਰਨੀਆਂ ਅੱਖ ਦੀ  ਕੱਚ ਵਰਗੀ ਸਭ ਤੋਂ ਬਾਹਰ ਦੀ ਪਾਰਦਰਸ਼ੀ ਪਰਤ ਹੁੰਦੀ ਹੈ ਕੋਰਨੀਆਂ ਵਿਚੋਂ ਹੀ ਸਾਡੇ ਅੱਖ ਦੇ ਅੰਦਰ ਰੋਸ਼ਨੀ ਜਾਂਦੀ ਹੈ, ਜਿਸ ਕਾਰਨ ਅਸੀਂ ਦੇਖਦੇ ਹਾਂ। ਸੱਟ ਲੱਗਣ ਕਾਰਨ, ਕੋਰਨੀਅਲ ਟਰੋਮਾ, ਕਿਸੇ ਵੀ ਤਰ੍ਹਾਂ ਦੀ ਵਾਇਰਲ, ਬੈਕਟੀਰੀਅਲ ਜਾਂ ਫੰਗਸ ਲਾਗ (ਇੰਫੈਕਸ਼ਨ) ਕਾਰਨ, ਕਿਸੇ ਤਰ੍ਹਾਂ ਦੇ ਕੁਪੋਸ਼ਨ ਕਾਰਨ ਜਿਵੇਂ ਵਿਟਾਮਿਨ ਏ ਦੀ ਘਾਟ ਹੋ ਜਾਣਾ, ਜਨਮ ਤੋਂ ਹੀ ਕਿਸੇ ਬੀਮਰੀ ਕਾਰਨ, ਪਾਰਦਰਸ਼ੀ ਕੋਰਨੀਅਲ ਅਪਾਰਦਰਸ਼ੀ ਹੋ ਜਾਂਦਾ ਹੈ ਤਾਂ ਅੱਖ ਬਾਹਰ ਦੀ ਰੋਸ਼ਨੀ ਨੂੰ ਫੋਕਸ ਨਹੀਂ ਕਰ ਪਾਉਂਦੀ ਅਤੇ ਵਿਅਕਤੀ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ। ਜਦੋਂ ਇਸ ਅਪਾਰਦਰਸ਼ੀ ਕੋਰਨੀਅਲ ਨੂੰ ਨਵੇਂ ਪਾਰਦਰਸ਼ੀ ਕੋਰਨੀਅਲ ਨਾਲ ਟ੍ਰਾਂਸਪਲਾਟ ਕਰਦੇ ਹਾਂ ਤਾਂ ਵਿਅਕਤੀ ਫਿਰ ਤੋਂ ਦੇਖਣ ਯੋਗ ਹੋ ਜਾਂਦਾ ਹੈ। ਉਨ੍ਹਾਂ ਇਸ ਮੌਕੇ ਅੱਖਾਂ ਦੀ ਤਕਲੀਫ ਵਾਲੇ ਮਰੀਜ਼ਾਂ ਦਾ ਚੈੱਕਅਪ ਵੀ ਕੀਤਾ ਗਿਆ।

     ਇਸ ਮੌਕੇ ਵਿਜੇ ਕੁਮਾਰ ਜੈਨ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੇ ਦੱਸਿਆ ਕਿ  ਅੱਖਾਂ ਦਾਨ ਮੌਤ ਤੋਂ 4 ਤੋਂ 6 ਘੰਟੇ ਦੇ ਵਿਚ ਹੀ ਹੋਣੀਆਂ ਚਾਹੀਦੀਆਂ ਹਨ। ਇਸ ਮੌਕੇ ਨੇ ਉਨਾਂ ਇਹ ਵੀ ਕਿਹਾ ਕਿ ਅੱਖਾਂ ਦਾਨ ਕਰਨ ਦੇ ਫ਼ਾਰਮ ਸਮੂਹ ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਮੌਜੂਦ ਹਨ। ਇਸ ਪੰਦਰਵਾੜੇ ਦੌਰਾਨ ਸਾਡੇ ਪੈਰਾ ਮੈਡੀਕਲ ਦੇ ਸਿਹਤ ਕਰਮਚਾਰੀ ਅਤੇ ਆਸ਼ਾ ਵਰਕਰ ਲੋਕਾਂ ਨੂੰ ਜਾਗਰੂਕ ਕਰਕੇ ਫਾਰਮ ਭਰਾਉਣ ਵਿੱਚ ਮਦਦ ਵੀ ਕਰਨਗੇ ਅਤੇ ਨਾਲ ਹੀ ਦੱਸਿਆ ਕਿ ਆਨ—ਲਾਈਨ ਰਜਿਸਟ੍ਰਸ਼ਨ ਲਈ http://nhm.punjab.gov.in/eye_donation ਲਿੰਕ ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਇਸ ਮੌਕੇ ਸ੍ਰੀ ਦਰਸ਼ਨ ਸਿੰਘ ਧਾਲੀਵਾਲ ਡਿਪਟੀ ਸਮੂਹ ਸਿਖਿਆ ਅਤੇ ਸੂਚਨਾ ਅਫਸਰ, ਲੱਕੀ ਕੁਮਾਰ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।

ਚਾਨਣ ਦੀਪ ਸਿੰਘ ਔਲਖ, ਸੰਪਰਕ 9876888177
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਉਸਾਰੀ ਮਜ਼ਦੂਰਾਂ ਦੀ ਹੋ ਰਹੀ ਖੱਜਲ ਖੁਆਰੀ ਉਨ੍ਹਾਂ ਦੀਆਂ ਆਸਾਂ ਉਮੀਦਾਂ ਉੱਤੇ ਪਾਣੀ ਫੇਰ ਰਹੀ ਹੈ-ਐੱਨ ਐੱਲ ਓ ਬਲਦੇਵ ਭਾਰਤੀ
Next articleਬੰਗਾਲ ਬੰਦ ਦੌਰਾਨ ਭਾਜਪਾ ਨੇਤਾ ‘ਤੇ ਗੋਲੀਬਾਰੀ, ਰੇਲ ਪਟੜੀ ‘ਤੇ ਉਤਰੇ ਸਮਰਥਕ, ਸੂਬੇ ‘ਚ ਦਿਖਾਈ ਦਿੱਤਾ ਬੰਦ ਦਾ ਅਸਰ