(ਸਮਾਜਵੀਕਲੀ)
ਵਾਹ ਉਇ !!
ਪੰਜ ਆਬ ਦੇ ਅਣਮੁੱਲੇ ਵਾਰਸੋ
ਮੈਂ ਸਲਾਮ ਕਰਦਾ ਹਾਂ
ਤੁਸੀਂ ਥੱਕੇ ਨਹੀਂ ਤੁਸੀਂ ਅੱਕੇ ਨਹੀਂ
ਤੁਸੀਂ ਖੜ੍ਹੇ ਨਹੀਂ ਤੁਸੀਂ ਅੜੇ ਵੀ ਨਹੀਂ
ਤੁਸੀਂ ਵਹਿੰਦੇ ਰਹੇ ਹੋ ਪੰਜ ਆਬ ਦੀ ਦਗ਼ਦੀ ਤਾਸੀਰ ਵਾਂਗ
ਤੁਸੀਂ ਪਾਣੀ ਦੀਆਂ ਬੁਛਾੜਾਂ ਨੂੰ
ਆਪਣੀ ਹਿੱਕ ਦੀ ਗਰਮੀ ਨਾਲ ਭਾਫ਼ ਬਣਾ ਦਿੱਤਾ
ਟੋਏ ਤੇ ਟਿੱਬਿਆਂ ਨੂੰ ਕਿਰਤੀ ਹੱਥਾਂ ਨਾਲ
ਇੱਕ ਪੱਧਰ ਪਹਾ ਬਣਾ ਦਿੱਤਾ
ਤੁਸੀਂ ਬੜੇ ਬਿਖੜਿਆਂ ਵਰ੍ਹਿਆਂ ਬਾਅਦ ਅੱਜ
ਦਿੱਲੀ ਦੀ ਹਿੱਕ ਤੇ ਸੂਹਾ ਪਰਚਮ ਲਹਿਰਾ ਦਿੱਤਾ
ਤੁਸੀਂ ਉਨ੍ਹਾਂ ਦੇ ਵਾਰਸ ਓ ਜਿਨ੍ਹਾਂ ਨੇ ਦਿੱਲੀ ਦੇ ਦਰਬਾਰ ਚ ਖੜ੍ਹ ਕੇ
ਬਾਬਰ ਨੂੰ ਜਾਬਰ ਕਹਿ ਕੇ ਪੁਕਾਰਿਆ ਸੀ
ਤੁਸੀਂ ਵਾਰਿਸ ਓ ਓਸ ਸਿਦਕਵਾਨ ਯੋਧੇ ਦੇ ਜਿਸ ਨੇ
ਸੀਸ ਗੰਜ ਵਿੱਚ ਅਣਖ਼ ਦੀ ਖਾਤਿਰ ਆਪਣਾ ਸਿਰ ਲੁਹਾ ਦਿੱਤਾ ਸੀ
ਤੁਸੀਂ ਵਾਰਿਸ ਓ ਓਸ ਦੁੱਲ੍ਹੇ ਭੱਟੀ ਦੇ ਜਿਸ ਅਕਬਰ ਨੂੰ ਅੱਲ੍ਹਾ ਯਾਦ ਕਰਵਾ ਦਿੱਤਾ ਸੀ
ਤੁਸੀਂ ਵਾਰਿਸ ਓ ਓਸ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ
ਜਿਸ ਨੇ ਕਾਲੇ ਕਾਨੂੰਨਾਂ ਲਈ ਅਸੰਬਲੀ ਚ ਬੰਬ ਚਲਾ ਦਿੱਤਾ ਸੀ
ਅੱਜ ਉਹੀ ਜਾਬਰ ਨੂੰ ਤੁਸੀਂ ਬੜੇ ਸਾਲਾਂ ਬਾਅਦ ਲਲਕਾਰਿਆ ਐ
ਪਹਿਚਾਣ ਕਰਾ ਦਿੱਤੀ ਹੈ ਭਾਈ ਲਾਲੋ ਤੇ ਮਲਕ ਭਾਗੋ ਦੀ
ਅੱਜ ਸੰਗੀ ਤੁਹਾਡੇ ਹੱਥ ਵਿੱਚ ਹੈ ਲਹੁ ਪੀਣੀ ਜੋਕ ਦੀ
ਇਸ ਨੂੰ ਢਿੱਲੀ ਨਾ ਛੱਡਿਓ
ਇਸ ਵਿੱਚੋਂ ਹੀ ਲਹੂ ਤੋਂ ਦੁੱਧ ਬਣਨਾ ਐ
ਇਸ ਜੋਕ ਨੇ ਹੀ ਸਦੀਆਂ ਤੋਂ ਸਾਡਾ ਤੇ
ਸਾਡੇ ਬਜ਼ੁਰਗਾਂ ਦਾ ਲਹੂ ਚੂਸਿਆ ਐ
ਮੈਂ ਇੱਕ ਵਾਰ ਫਿਰ ਸਲਾਮ ਕਰਦਾ ਹਾਂ
ਤੁਹਾਡੇ ਸਿਦਕ ਨੂੰ ਤੁਹਾਡੇ ਸਿਰੜ ਨੂੰ ਤੁਹਾਡੀ ਸਹਿਣਸ਼ੀਲਤਾ ਨੂੰ
ਤੁਸੀਂ ਲੋਆਂ ਤੇ ਕੱਕਰਾਂ ਚ ਫੱਕਰਾਂ ਵਾਂਗ ਵਿਚਰੇ ਓ
ਤੁਸੀਂ ਤਪਦੀ ਧਰਤ ਤੇ ਠਰ੍ਹੀ ਸੜਕ ਤੇ ਮੱਖਣ ਬਣ ਨਿੱਤਰੇ ਓ
ਤੁਸੀਂ ਚਾਰੇ ਰੁੱਤਾਂ ਪਿੰਡੇ ਤੇ ਖਿੜ੍ਹੇ ਮੱਥੇ ਹੰਢਾਈਆਂ ਨੇ
ਕਈਆਂ ਨੇ ਇਸ ਘੋਲ਼ ਵਿੱਚ ਸ਼ਹੀਦੀਆਂ ਵੀ ਪਾਈਆਂ ਨੇ
ਪਰ ਇਤਿਹਾਸ ਗਵਾਹ ਐ ਜਿੰਨਾ ਚਿਰ ਲੜਦੇ ਰਹਾਂਗੇ ਜਿੱਤਦੇ ਰਹਾਂਗੇ !! ਜਿੱਤਦੇ ਰਹਾਂਗੇ !!
ਜਿੱਤ ਲੜਦੇ ਲੋਕਾਂ ਦੀ ਲੋਕਾਂ ਦਾ ਏਕਾ ਜਿੰਦਾਬਾਦ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly