(ਸਮਾਜ ਵੀਕਲੀ)
ਤੇਰੇ ਸਿਰ ਤੇ, ਮੌਜ ਮਸਤੀਆਂ, ਮਾਣ ਕੇ ਸੌਂਦੇ ਸਾਂ,
ਫਿਕਰ-ਫਾਕਿਆਂ ਵਾਲੀ ਕੋਈ, ਰੇਤ ਨਾ ਸਾਣੀ ਸੀ,
ਬਾਪੂ ਤੇਰੇ ਹੁੰਦਿਆਂ, ਮੈਂ ਸਰਦਾਰੀ ਮਾਣੀ ਸੀ,
ਦੁੱਖ ਕਿਹੜੀ ਸਹਿ ਹੁੰਦੇ, ਇਹਦੀ ਖਬ਼ਰ ਨਾ ਜਾਣੀ ਜੀ,
ਆਪਣੀ ਨੀਂਦੇ ਸੌਂਦੇ ਉਠੇ, ਬੇਪਰਵਾਹੀਆਂ ਸੀ,
ਮੌਜ ਮਸਤੀਆਂ ਦੇ ਨਾਲ, ਸਾਡੀ ਆਉਣੀ ਜਾਣੀ ਸੀ,
ਫਿਕਰ-ਫਾਕਾ ਨਾ ਕੀਤਾ, ਰੋਜ਼ ਹੀ ਖੁੱਲੇ ਖਰਚੇ ਸੀ,
ਤੇਰੇ ਹੁੰਦਿਆਂ, ਚੀਜ਼ ਕਿਸੇ ਲਈ, ਕਦੇ ਨਾ ਤਰਸੇ ਸੀ,
ਤੇਰੇ ਭਰੇ ਭੰਡਾਰੇ, ਅੱਜ ਵੀ ਡੁੱਲ ਡੁੱਲ ਪੈਂਦੇ ਨੇ,
ਬਰਕਤ ਤੇਰੀ ਦੇ, ਬੂਟੇ, ਵੇਖ ਹੁਲਾਰੇ ਲੈਂਦੇ ਨੇ,
ਅੱਜ ਵੀ ਘਰ ਹੈ ਭਰਿਆ,ਬਾਪੂ ਤੇਰੀਆਂ ਯਾਦਾਂ ਦਾ,
‘ਤਿੰਨ ਬੀਤੇ’ ਇਹ ਸਾਲ, ਹਮੇਸ਼ਾਂ ਚੇਤੇ ਰਹਿੰਦੇ ਨੇ,
ਤੇਰੀ ਬੈਠਕ ਵਿੱਚ, ਜਦੋਂ ਵੀ ਉੱਠਦਾ ਬਹਿੰਦਾ ਹਾਂ,
ਕਿੰਨੀਆਂ ਯਾਦਾਂ ਨੂੰ ਗਲ, ਲਾ ਕੇ ਮਿਲਦਾ ਰਹਿੰਦਾ ਹਾਂ,
ਯਾਰ ਦੋਸਤ, ਜਦੋਂ ਮਿਲਦੇ ਤੇਰੇ,ਪੱਕੇ ਟਿਕਾਣਿਆਂ ਤੇ,
ਉਹਨਾਂ ਵਿੱਚੋਂ ਅੱਜ ਵੀ ਤੈਨੂੰ, ਲੱਭਦਾ ਰਹਿਣਾ ਹਾਂ,
ਖੁਸ਼ੀਆਂ ਖੇੜੇ, ਨਗਰ, ਸੱਜਣ ਵੱਸਦੇ ਤੇਰੇ ਨੇ,
ਭੀੜ੍ਹ ਵਿੱਚੋਂ ਮੈਂ, ਬਾਪੂ ਤੈਨੂੰ ਲੱਭਦਾ ਰਹਿੰਦਾ ਹਾਂ,
ਵਖ਼ਤ, ਵਰ੍ਹੇ ਸਭ ਤੇਰੇ ਨਾਲ, ਗੁਜਾਰੇ ਚੇਤੇ ਨੇ,
ਬਾਬਲ ਸਿਰ ਤੇ ਬੇ-ਪਰਵਾਈਆਂ,ਮੈਂ ਅੱਜ ਵੀ ਕਹਿਣਾ ਹਾਂ,
ਸੋਚ ਤੇਰੀ ਦੀ ਉਂਗਲ ਫੜ੍ਹਕੇ,ਦੁਨੀਆਂ ਵੇਖ ਰਿਹਾਂ,
ਬੋਲੋ ਤੇਰੇ ਬੋਲ, ਮੈਂ ਅੱਜ ਵੀ ਸੁਣਦਾ ਰਹਿੰਦਾ ਹਾਂ,
ਸੰਦੀਪ ਸਵੈਟਰ, ਯਾਦ ਤੇਰੀ ਦਾ ਬੁਣਦਾ ਹੈ ਬਾਪੂ,
ਮਾਂ ਕੋਲੋਂ, ਜਦੋਂ ਕਿੱਸਾ, ਤੇਰਾ ਸੁਣਦਾ ਰਹਿੰਦਾ ਹਾਂ,
ਬਾਪੂ ਤੇਰੀ ਯਾਦ, ਸੁਖਾਵਾਂ ਬੂਟਾ, ਯਾਦਾਂ ਦਾ,
ਜਦੋਂ ਮੈਂ ਹੋਵਾ ਥੱਕਿਆਂ, ਤੇਰੀ ਛਾਵੇਂ ਬਹਿੰਦਾ ਹਾਂ।
ਸੰਪਰਕ:- 98153 21017



