ਚੰਡੀਗੜ੍ਹ (ਸਮਾਜ ਵੀਕਲੀ): ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਦੇ ਦਸਵੀਂ ਤੇ ਬਾਰ੍ਹਵੀਂ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ 26 ਅਪਰੈਲ ਨੂੰ ਆਫਲਾਈਨ ਹੋਣਗੀਆਂ। ਇਹ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਆਪਣੇ ਸਕੂਲ ਵਿਚ ਨਹੀਂ ਹੋਣਗੀਆਂ ਤੇ ਵਿਦਿਆਰਥੀਆਂ ਦੇ ਸੈਂਟਰ ਦੂਜੇ ਸਕੂਲਾਂ ਵਿਚ ਬਣਾਏ ਜਾਣਗੇ। ਬੋਰਡ ਵਲੋਂ ਇਨ੍ਹਾਂ ਜਮਾਤਾਂ ਦੀ ਡੇਟਸ਼ੀਟ ਬਾਅਦ ਵਿਚ ਜਾਰੀ ਕੀਤੀ ਜਾਵੇਗੀ। ਟਰਮ-2 ਦੀ ਪ੍ਰੀਖਿਆ ਦੋ ਘੰਟੇ ਦੀ ਹੋਵੇਗੀ।
ਕਰੋਨਾ ਕਾਰਨ ਵੱਡੀ ਗਿਣਤੀ ਵਿਦਿਆਰਥੀਆਂ ਨੇ ਟਵਿੱਟਰ ’ਤੇ ਮੁਹਿੰਮ ਚਲਾਈ ਸੀ ਕਿ ਟਰਮ-2 ਦੀਆਂ ਪ੍ਰੀਖਿਆਵਾਂ ਆਨਲਾਈਨ ਲਈਆਂ ਜਾਣ ਜਾਂ ਰੱਦ ਕੀਤੀਆਂ ਜਾਣ। ਇਸ ਤੋਂ ਬਾਅਦ ਬੋਰਡ ਵੱਲੋਂ ਸਿਹਤ ਤੇ ਸਿੱਖਿਆ ਮਾਹਿਰਾਂ ਨਾਲ ਚਰਚਾ ਤੋਂ ਬਾਅਦ ਇਹ ਪ੍ਰੀਖਿਆਵਾਂ ਆਫਲਾਈਨ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਬੋਰਡ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਸਪਸ਼ਟ ਕੀਤਾ ਹੈ ਕਿ 26 ਅਪਰੈਲ ਤੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੇ ਕੇਂਦਰ ਪਹਿਲਾਂ ਵਾਂਗ ਹੀ ਅਲਾਟ ਕੀਤੇ ਜਾਣਗੇ। ਉਨ੍ਹਾਂ ਪ੍ਰੀਖਿਆਵਾਂ ਦੀ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਟਰਮ-2 ਦੀਆਂ ਪ੍ਰੀਖਿਆਵਾਂ ਟਰਮ-1 ਨਾਲੋਂ ਵੱਖਰੀਆਂ ਹੋਣਗੀਆਂ। ਟਰਮ-1 ਵਿਚ ਬਹੁ-ਵਿਕਲਪੀ ਸਵਾਲ ਆਏ ਸਨ ਪਰ ਟਰਮ-2 ਵਿਚ ਸ਼ਾਰਟ ਟਾਈਪ ਤੇ ਲੌਂਗ ਟਾਈਪ ਸਵਾਲ ਆਉਣਗੇ। ਥਿਊਰੀ ਦਾ ਪੇਪਰ 80 ਅੰਕ ਦਾ ਹੋਵੇਗਾ ਤੇ ਬਾਕੀ ਅੰਕ ਅੰਦਰੂਨੀ ਮੁਲਾਂਕਣ ਦੇ ਲਾਏ ਜਾਣਗੇ ਪਰ ਹਰ ਵਿਸ਼ੇ ਦੇ ਵੱਖਰੇ-ਵੱਖਰੇ ਅੰਕ ਹੋਣਗੇ। ਇਸ ਨੂੂੰ ਸਪੱਸ਼ਟ ਕਰਨ ਲਈ ਬੋਰਡ ਨੇ ਸੈਂਪਲ ਪੇਪਰ ਦੇਖਣ ਦੀ ਸਲਾਹ ਦਿੱਤੀ ਹੈ।
ਬੋਰਡ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਵਿਦਿਆਰਥੀ ਸੋਸ਼ਲ ਮੀਡੀਆਂ ਦੀਆਂ ਖ਼ਬਰਾਂ ’ਤੇ ਵਿਸ਼ਵਾਸ਼ ਨਾ ਕਰਨ। ਡੇਟਸ਼ੀਟ ਤੇ ਨਤੀਜੇ ਦੀ ਜਾਣਕਾਰੀ ਲਈ ਸਿਰਫ਼ ਸੀਬੀਐੱਸਈ ਡਾਟ ਨਿਕ ਡਾਟ ਇਨ ਹੀ ਦੇਖਣ। ਇਸ ਤੋਂ ਪਹਿਲਾਂ ਬੋਰਡ ਜਮਾਤਾਂ ਦੀ ਨਕਲੀ ਡੇਟਸ਼ੀਟ ਵੀ ਜਾਰੀ ਹੋ ਗਈ ਸੀ ਜਿਸ ਬਾਰੇ ਬੋਰਡ ਨੂੰ ਸਪਸ਼ਟੀਕਰਨ ਦੇਣਾ ਪਿਆ ਸੀ। ਦੱਸਣਯੋਗ ਹੈ ਕਿ ਬੋਰਡ ਨੇ ਟਰਮ-1 ਦੀਆਂ ਪ੍ਰੀਖਿਆਵਾਂ ਪਿਛਲੇ ਸਾਲ ਨਵੰਬਰ-ਦਸੰਬਰ ਵਿਚ ਕਰਵਾਈਆਂ ਸੀ।
ਵਿਦਿਆਰਥੀਆਂ ਨੇ ਟਰਮ-1 ਦੇ ਨਤੀਜੇ ਤੋਂ ਪਹਿਲਾਂ ਟਰਮ-2 ਦੀ ਡੇਟਸ਼ੀਟ ਮੰਗੀ
ਸੀਬੀਐਸਈ ਮੁਹਾਲੀ ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਸੀਬੀਐਸਈ ਨੂੰ ਵੱਡੀ ਗਿਣਤੀ ਵਿਦਿਆਰਥੀਆਂ ਨੇ ਈ-ਮੇਲ ਤੇ ਟਵਿੱਟਰ ਰਾਹੀਂ ਮੰਗ ਕੀਤੀ ਸੀ ਕਿ ਟਰਮ-1 ਦੇ ਨਤੀਜੇ ਹਾਲੇ ਨਾ ਐਲਾਨੇ ਜਾਣ ਤੇ ਪਹਿਲਾਂ ਟਰਮ-2 ਦੀ ਡੇਟਸ਼ੀਟ ਐਲਾਨੀ ਜਾਵੇ ਕਿਉਂਕਿ ਨਤੀਜਾ ਮਾੜਾ ਆਉਣ ’ਤੇ ਵਿਦਿਆਰਥੀ ਦੀਆਂ ਟਰਮ-2 ਦੀਆਂ ਪ੍ਰੀਖਿਆਵਾਂ ਪ੍ਰਭਾਵਿਤ ਹੋਣਗੀਆਂ। ਇਸ ਕਰ ਕੇ ਬੋਰਡ ਨੇ ਨਤੀਜੇ ਤੋਂ ਪਹਿਲਾਂ ਪ੍ਰੀਖਿਆਵਾਂ ਸ਼ੁਰੂ ਹੋਣ ਦੀ ਮਿਤੀ ਐਲਾਨ ਦਿੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly