(ਸਮਾਜ ਵੀਕਲੀ)
ਚੜ੍ਹਦੇ ਸਿਆਲ਼ ਦੀ ਨਿੱਘੀ ਨਿੱਘੀ ਧੁੱਪ ਸੀ। ਸਵਿਤਾ ਦੇ ਘਰ ਅੱਗੇ ਤਿੰਨ ਚਾਰ ਅਵਾਰਾ ਪਸ਼ੂ ਆ ਕੇ ਖੜ੍ਹ ਗਏ। ਉਹ ਹਜੇ ਉਹਨਾਂ ਨੂੰ ਉੱਥੋਂ ਭਜਾਉਣ ਬਾਰੇ ਸੋਚ ਹੀ ਰਹੀ ਸੀ ਕਿ ਸਵਿਤਾ ਦੇ ਗੇਟ ਦੇ ਸਾਹਮਣੇ ਪਰਲੇ ਪਾਸੇ ਪੈਂਦੀ ਦੀਵਾਰ ਨਾਲ ਲੱਗ ਕੇ ਸਾਰੇ ਇੱਕ ਇੱਕ ਕਰਕੇ ਇੱਕ ਕਤਾਰ ਵਿੱਚ ਖੜ੍ਹ ਕੇ ਧੁੱਪ ਸੇਕਣ ਲੱਗ ਪਏ। ਇੱਕ ਤਾਜ਼ੀ ਸੂਈ ਗਾਂ ਜਮ੍ਹਾਂ ਦੀਵਾਰ ਨਾਲ ਲੱਗ ਕੇ ਬੈਠ ਗਈ । ਉਸ ਦੇ ਮੂੰਹ ਨੂੰ ਚੱਟਦਾ ਛੋਟਾ ਜਿਹਾ ਵਛੜਾ ਵੀ ਉਸ ਦੀਆਂ ਮੂਹਰਲੀਆਂ ਦੋਵੇਂ ਟੰਗਾਂ ਵਿੱਚ ਬੈਠ ਗਿਆ। ਉਹ ਸਾਰੇ ਪਸ਼ੂ ਦੀਵਾਰ ਦੇ ਨਾਲ ਲੱਗ ਕੇ ਖੜ੍ਹੇ ਹੋਏ ਨਿੱਘ ਲੈਂਦੇ ਵਿੱਚ ਵਿੱਚ ਦੀ ਅਰਾਮ ਨਾਲ ਅੱਖਾਂ ਬੰਦ ਕਰ ਰਹੇ ਸਨ। ਸੜਕ ਦੀ ਆਵਾਜਾਈ ਵਿੱਚ ਵੀ ਕੋਈ ਵਿਘਨ ਨਹੀਂ ਪੈ ਰਿਹਾ ਸੀ। ਸਵਿਤਾ ਨੇ ਸੋਚਿਆ ਕਿ ਉਹਨਾਂ ਨੂੰ ਡੰਡੇ ਮਾਰ ਕੇ ਭਜਾਉਣ ਨਾਲੋਂ ਠੀਕ ਹੈ ਕਿ ਇੱਥੇ ਬੈਠੇ ਰਹਿਣ,ਉਸ ਨੂੰ ਨਿੱਕੇ ਜਿਹੇ ਵਛੜੇ ਤੇ ਤਰਸ ਆ ਰਿਹਾ ਸੀ ਕਿ ਉਹ ਮਾਂ ਦੀ ਗੋਦ ਵਿੱਚ ਬੈਠਾ ਸੀ।
ਸਵਿਤਾ ਅੰਦਰ ਜਾ ਕੇ ਆਪਣੇ ਘਰ ਦੇ ਕੰਮਾਂ ਵਿੱਚ ਵਿਅਸਤ ਹੋ ਗਈ। ਪੰਦਰਾਂ ਕੁ ਮਿੰਟ ਬਾਅਦ ਉਹ ਬਾਹਰ ਦੇਖਦੀ ਹੈ ਕਿ ਅਵਾਰਾ ਪਸ਼ੂ ਤਾਂ ਆਪਣੀ ਆਪਣੀ ਜਗ੍ਹਾ ਤੇ ਖੜ੍ਹੇ ਉਸੇ ਤਰ੍ਹਾਂ ਧੁੱਪ ਸੇਕ ਰਹੇ ਸਨ। ਪਰ ਉਹਨਾਂ ਦੇ ਸਾਹਮਣੇ ਇੱਕ ਔਰਤ ਘਰ ਦੀਆਂ ਸਬਜ਼ੀਆਂ ਦੇ ਛਿਲਕੇ ਅਤੇ ਮੂਲੀਆਂ ਦੇ ਪੱਤੇ ਤੋੜ ਮਰੋੜ ਕੇ ਇਸ ਤਰ੍ਹਾਂ ਸੁੱਟ ਕੇ ਗਈ ਕਿ ਪੂਰੀ ਸੜਕ ਵਿੱਚ ਖਿੱਲਰੇ ਪਏ ਸਨ। ਇੱਕ ਔਰਤ ਨੇ ਦੋ ਤਿੰਨ ਗੁੜ ਦੀਆਂ ਰੋੜੀਆਂ ਕੱਢ ਕੇ ਉਹਨਾਂ ਵੱਲ ਨੂੰ ਸੁੱਟ ਦਿੱਤੀਆਂ ਜੋ ਉਸ ਦੇ ਦੇਖਦੇ ਦੇਖਦੇ ਗੁੜ ਕਾਰ ਦੇ ਟਾਇਰ ਹੇਠ ਆ ਕੇ ਸੜਕ ਨਾਲ਼ ਚਿਪਕ ਗਿਆ ਤੇ ਮੂਲੀਆਂ ਦੇ ਪੱਤੇ ਅਤੇ ਛਿੱਲੜ ਵੀ ਟਾਇਰਾਂ ਥੱਲੇ ਆ ਕੇ ਸੜਕ ਨੂੰ ਕਰੂਪ ਕਰ ਰਹੇ ਸਨ। ਇੱਕ ਔਰਤ ਫਟਾਫਟ ਆਈ ਤੇ ਆਪਣੀ ਸ਼ਾਲ ਦੀ ਬੁੱਕਲ ਚੋਂ ਅੱਠ ਦਸ ਸੁੱਕੀਆਂ ਰੋਟੀਆਂ ਉਹਨਾਂ ਅੱਗੇ ਖਿਲਾਰ ਕੇ ਸੁੱਟ ਗਈ। ਆਪਣੇ ਗੇਟ ਅੱਗੇ ਐਨਾ ਗੰਦ ਪਾਇਆ ਵੇਖ ਕੇ ਸਵਿਤਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਧੁੱਪ ਸੇਕ ਰਹੇ ਡੰਗਰਾਂ ਨੂੰ ਭਜਾਵੇ ਜਾਂ ਗੰਦ ਪਾਉਣ ਵਾਲੇ ਡੰਗਰਾਂ ਨੂੰ ਭਜਾਵੇ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly