ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜੀ.ਡੀ.ਗੋਇਨਕਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸਮੇਂ- ਸਮੇਂ ‘ਤੇ ਵੱਖ- ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਪਿਛਲੇ ਦਿਨੀਂ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਪ੍ਰਾਪਤੀਆਂ ਨੂੰ ਦੇਖਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਸੁਖਦੇਵ ਸਿੰਘ ਜੀ ਨਾਨਕਪੁਰ, ਸਕੱਤਰ ਸ਼੍ਰੀਮਤੀ ਪਰਮਿੰਦਰ ਕੌਰ ਅਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਨੇ ਇਸ ਮੌਕੇ ਕਿਹਾ- ਜੀ.ਡੀ.ਗੋਇਨਕਾ ਇੰਟਰਨੈਸ਼ਨਲ ਸਕੂਲ ਦਾ ਕਰੋਨਾ ਦੌਰ ਤੋਂ ਬਾਅਦ ਪਹਿਲਾ ਸੈਸ਼ਨ ਹੋਣ ਦੇ ਬਾਵਜੂਦ ਵਿਦਿਆਰਥੀਆਂ ਨੇ ਵੱਖ- ਵੱਖ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲਿਆ। ਇਸ ਮੌਕੇ ਗੁਰਮਤਿ ਮੁਕਾਬਲਿਆਂ, ਵੱਖ- ਵੱਖ ਖੇਡਾਂ ਆਦਿ ਵਿੱਚ ਉਤਸ਼ਾਹ ਨਾਲ ਭਾਗ ਲਿਆ ਅਤੇ ਸਕੂਲ ਪ੍ਰਬੰਧਕਾਂ, ਸਟਾਫ਼ ਅਤੇ ਮਾਪਿਆਂ ਦਾ ਮਾਣ ਵਧਾਇਆ।
ਇਸ ਮੌਕੇ ਬੱਚਿਆਂ ਨੂੰ 9000 ਦੇ ਕਰੀਬ ਦੀ ਰਾਸ਼ੀ ਨਗਦ ਇਨਾਮ ਵਜੋਂ ਵੰਡੀ ਗਈ, ਜਿਸ ਵਿੱਚ ਬੱਚਿਆਂ ਵੱਲੋਂ ਵੱਖ- ਵੱਖ ਮੌਕਿਆਂ ‘ਤੇ ਪ੍ਰਾਪਤ ਕੀਤੇ ਨਗਦ ਇਨਾਮ ਦੀ ਰਾਸ਼ੀ ਵੀ ਸ਼ਾਮਲ ਸੀ। ਪ੍ਰਿੰਸੀਪਲ ਸ੍ਰੀਮਤੀ ਕੰਵਲਜੀਤ ਕੌਰ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਕੂਲ ਵਿੱਚ ਬੱਚਿਆਂ ਨੂੰ ਨਾ ਸਿਰਫ ਕਿਤਾਬੀ ਗਿਆਨ ਵਧੀਆ ਤਰੀਕੇ ਨਾਲ ਦਿੱਤਾ ਜਾ ਰਿਹਾ ਹੈ ਸਗੋਂ ਇਸ ਵਿੱਚ ਭਾਗ ਲੈ ਕੇ ਬੱਚਿਆਂ ਦਾ ਆਤਮ- ਵਿਸ਼ਵਾਸ ਵੀ ਵਧਾਇਆ ਜਾ ਰਿਹਾ ਹੈ। ਇਹ ਬੱਚੇ ਭਵਿੱਖ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਆਪਣੇ ਦੇਸ਼, ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰਨਗੇ।